Wednesday, March 11, 2026

ਰਿਸ਼ਤਿਆਂ ਵਿੱਚ ਬਰਾਬਰੀ ਸਾਥ ਜਾਂ ਮੁਕਾਬਲਾ?

ਚਾਨਣ ਦੀਪ ਸਿੰਘ ਔਲਖ
98768 – 88177
ਪਰਿਵਾਰਕ ਜੀਵਨ ਵਿੱਚ ਵਧ ਰਹੀ ਹਉਮੈਂ ਅਤੇ ਬਦਲਦੇ ਸਮਾਜਿਕ ਸਰੋਕਾਰ ਅਜੋਕੇ ਦੌਰ ਵਿੱਚ ਜਿੱਥੇ ਅਸੀਂ ਹਰ ਖੇਤਰ ਵਿੱਚ ਮਰਦ ਅਤੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ, ਉੱਥੇ ਹੀ ਘਰੇਲੂ ਰਿਸ਼ਤਿਆਂ ਵਿੱਚ ਇਸ ਬਰਾਬਰੀ ਦੇ ਅਰਥ ਬਦਲਦੇ ਨਜ਼ਰ ਆ ਰਹੇ ਹਨ। ਅੱਜ ਦਾ ਵੱਡਾ ਸਵਾਲ ਇਹ ਹੈ ਕਿ ਰਿਸ਼ਤਿਆਂ ਵਿੱਚ ਬਰਾਬਰੀ ਦਾ ਮਤਲਬ ਇੱਕ-ਦੂਜੇ ਦਾ ਸਾਥ ਦੇਣਾ ਹੈ ਜਾਂ ਇੱਕ-ਦੂਜੇ ਨਾਲ ਮੁਕਾਬਲਾ ਕਰਨਾ? ਕਈ ਪਰਿਵਾਰਾਂ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪਿਆਰ ਅਤੇ ਸਹਿਯੋਗ ਦੀ ਥਾਂ ਕਈ ਵਾਰ ਤੁਲਨਾ, ਗਿਣਤੀ ਅਤੇ ਰੁਤਬੇ ਦੀ ਦਿਵਾਰ ਖੜ੍ਹੀ ਹੋ ਜਾਂਦੀ ਹੈ, ਜਿਸ ਨਾਲ ਰਿਸ਼ਤਿਆਂ ਦਾ ਨਿੱਘ ਹੌਲੀ-ਹੌਲੀ ਠੰਢਾ ਪੈਣ ਲਗਦਾ ਹੈ।
ਭੂਮਿਕਾਵਾਂ ਦਾ ਬਦਲਦਾ ਰੂਪ
ਮਾਹਿਰਾਂ ਦਾ ਮੰਨਣਾ ਹੈ ਕਿ ਕੁਦਰਤ ਨੇ ਮਰਦ ਅਤੇ ਔਰਤ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ। ਜਦੋਂ ਸਮਾਜ ਬਦਲਦਾ ਹੈ, ਘਰ ਦੇ ਅੰਦਰ ਦੀਆਂ ਉਮੀਦਾਂ ਅਤੇ ਜ਼ਿੰਮੇਵਾਰੀਆਂ ਦੀ ਵੰਡ ਵੀ ਰੂਪ ਬਦਲਦੀ ਹੈ। ਪਰ ਸਮੱਸਿਆ ਤਦ ਖੜ੍ਹਦੀ ਹੈ ਜਦੋਂ ਸੰਤੁਲਨ ਦੀ ਥਾਂ ਸਿਰਫ ਅਧਿਕਾਰਾਂ ਦੀ ਗੱਲ ਮੁੱਖ ਬਣ ਜਾਂਦੀ ਹੈ ਅਤੇ ਜ਼ਿੰਮੇਵਾਰੀਆਂ ਪਿੱਛੇ ਰਹਿ ਜਾਂਦੀਆਂ ਹਨ। ਇਸ ਨਾਲ ਪਰਿਵਾਰਕ ਢਾਂਚਾ ਥਰਥਰਾਉਣ ਲਗਦਾ ਹੈ। ਇਸਦੇ ਨਾਲ-ਨਾਲ ਦੌੜ-ਭੱਜ ਵਾਲੀ ਜ਼ਿੰਦਗੀ, ਤਣਾਅ, ਆਦਤਾਂ ਵਿੱਚ ਖਰਾਬੀ ਅਤੇ ਨਸ਼ਿਆਂ ਵਰਗੀਆਂ ਗੱਲਾਂ ਨੇ ਪਰਿਵਾਰ ਦੀ ਮਨੋਵਿਗਿਆਨਿਕ ਅਤੇ ਸਮਾਜਿਕ ਸਿਹਤ ਨੂੰ ਹੋਰ ਨਾਜ਼ਕ ਬਣਾ ਦਿੱਤਾ ਹੈ, ਜਿਸ ਕਾਰਨ ਸਮਾਜ ਵਿੱਚ ਕਈ ਨਵੀਂਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ।
ਹਉਮੈਂ – ਰਿਸ਼ਤਿਆਂ ਦਾ ਅਣਦਿੱਖ ਵੈਰੀ
ਘਰੇਲੂ ਕਲੇਸ਼ ਦਾ ਸਭ ਤੋਂ ਵੱਡਾ ਕਾਰਨ “ਮੈਂ” ਦੀ ਭਾਵਨਾ ਹੈ। ਜਦੋਂ ਪਤੀ-ਪਤਨੀ ਆਪਣੀ ਸਲਾਨਾ ਕਮਾਈ, ਅਹੁਦੇ ਜਾਂ ਸਮਾਜਿਕ ਹੈਸੀਅਤ ਦੇ ਆਧਾਰ ’ਤੇ ਘਰ ਦੇ ਕੰਮ ਅਤੇ ਫੈਸਲੇ ਤੋਲਣ ਲਗਦੇ ਹਨ, ਉੱਥੇ ਪਿਆਰ ਦੀ ਥਾਂ ਹੰਕਾਰ ਅਤੇ ਮੁਕਾਬਲੇ ਦੀ ਭਾਵਨਾ ਜੜ੍ਹ ਪੱਕੀ ਕਰ ਜਾਂਦੀ ਹੈ। ਹਉਮੈਂ ਰਿਸ਼ਤਿਆਂ ਨੂੰ ਬਰਾਬਰੀ ਦੇ ਮੈਦਾਨ ਤੋਂ ਹਟਾ ਕੇ ਤੱਕੜੀ ਦੇ ਪਲਵਿਆਂ ਵਿੱਚ ਲਿਜਾ ਖੜ੍ਹਾ ਕਰਦੀ ਹੈ, ਜਿੱਥੇ ਪਿਆਰ ਅਤੇ ਪਰਿਵਾਰ ਹਾਰਦਾ, ਅਹੰਕਾਰ ਜਿੱਤਦਾ ਹੈ।
ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੇ ਤਿੰਨ ਮੁੱਖ ਸੂਤਰ

  1. ਸੇਵਾ ਵਿੱਚ ਪਿਆਰ, ਨਾ ਕਿ ਮਜਬੂਰੀ – ਘਰ ਦੇ ਕੰਮ, ਜਿਵੇਂ ਕਿ ਰੋਟੀ ਬਣਾਉਣਾ ਜਾਂ ਪਰਿਵਾਰ ਦੀ ਦੇਖਭਾਲ ਕਰਨਾ, ਕਿਸੇ ਮਜਬੂਰੀ ਦੀ ਥਾਂ ਪਿਆਰ ਨਾਲ ਕੀਤੇ ਜਾਣੇ ਚਾਹੀਦੇ ਹਨ।
  2. ਸਤਿਕਾਰ ਕਮਾਈ ਤੋਂ ਵੱਡਾ – ਬਰਾਬਰੀ ਨੂੰ ਕਮਾਈ ਨਾਲ ਨਹੀਂ ਨਪਿਆ ਜਾਣਾ ਚਾਹੀਦਾ। ਸਤਿਕਾਰ ਹੀ ਉਹ ਗੂੰਦ ਹੈ ਜੋ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ। ਭਾਵੇਂ ਪਤੀ ਦੀ ਕਮਾਈ ਵੱਧ ਹੋਵੇ ਜਾਂ ਪਤਨੀ ਪਤੀ ਨਾਲੋਂ ਵੱਧ ਕਮਾਉਂਦੀ ਹੋਵੇ, ਪਰਿਵਾਰ ਦੀ ਮਜ਼ਬੂਤੀ ਲਈ ਆਪਸੀ ਸਤਿਕਾਰ ਅਤੇ ਸਮਝੌਤਾ ਬੇਹੱਦ ਜ਼ਰੂਰੀ ਹੈ।
  3. ਬਿਨਾਂ ਸ਼ਰਤਾਂ ਵਾਲਾ ਸਾਥ – ਰਿਸ਼ਤਿਆਂ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ। ਜੇਕਰ ਪਤਨੀ ਦੀ ਸਿਹਤ ਠੀਕ ਨਹੀਂ ਹੈ ਤਾਂ ਪਤੀ ਵੱਲੋਂ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਜਾਂ ਚਾਹ ਬਣਾ ਕੇ ਦੇਣਾ ਬਰਾਬਰੀ ਦਾ ਅਸਲ ਪ੍ਰਤੀਕ ਹੈ। ਇਸੇ ਤਰ੍ਹਾਂ ਜਦੋਂ ਪਤੀ ਕਿਸੇ ਦਬਾਅ ਵਿੱਚ ਹੋਵੇ ਅਤੇ ਪਤਨੀ ਉਸਦਾ ਮਨੋਬਲ ਬਣੇ, ਇਹ ਵੀ ਬਰਾਬਰੀ ਦਾ ਸੱਚਾ ਰੂਪ ਹੈ।
    ਪਰਿਵਾਰ ਕੋਈ ਦਫਤਰ ਨਹੀਂ ਹੈ ਜਿੱਥੇ ਕੰਮ ਦੇ ਘੰਟੇ ਜਾਂ ਤਨਖ਼ਾਹ ਦੇ ਆਧਾਰ ’ਤੇ ਰਿਸ਼ਤੇ ਤੈਅ ਹੋਣ। ਪਰਿਵਾਰ ਉਹ ਥਾਂ ਹੈ ਜਿੱਥੇ ਦੋ ਜਣੇ ਆਪਣੀਆਂ ਭੂਮਿਕਾਵਾਂ ਨਾਲ ਇੱਕ-ਦੂਜੇ ਨੂੰ ਪੂਰਾ ਕਰਦੇ ਹਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਦੀਆਂ ਔਖੀਆਂ ਗਲੀਆਂ ਨੂੰ ਪਾਰ ਕਰਦੇ ਹਨ। ਰਿਸ਼ਤੇ ਤਦ ਹੀ ਸਫਲ ਹੁੰਦੇ ਹਨ ਜਦੋਂ ਦੋਵੇਂ ਸਾਥੀ ਇੱਕ ਦੂਜੇ ਦੀਆਂ ਕੁਦਰਤੀ ਭੂਮਿਕਾਵਾਂ ਨੂੰ ਸਮਝਣ ਅਤੇ ਇੱਕ-ਦੂਜੇ ਦੇ ਪੂਰਕ ਬਣ ਕੇ ਚੱਲਣ। ਬਰਾਬਰੀ ਦਾ ਮਤਲਬ ਇੱਕ ਦੂਜੇ ਦੇ ਵਿਰੁੱਧ ਲੜਨਾ ਨਹੀਂ, ਬਲਕਿ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਨੂੰ ਅੱਗੇ ਲਿਜਾਣਾ ਹੈ। ਅਸਲੀ ਬਰਾਬਰੀ ਦਾ ਮਤਲਬ ਜਿੱਤਣਾ ਨਹੀਂ, ਸਾਥ ਦੇਣਾ ਹੈ। ਜਦੋਂ ਪਤੀ ਪਤਨੀ ਇਹ ਗੱਲ ਸਮਝ ਲੈਂਦੇ ਹਨ ਤਾਂ ਬਰਾਬਰੀ ਪਿਆਰ ਬਣ ਜਾਂਦੀ ਹੈ, ਮੁਕਾਬਲਾ ਨਹੀਂ। ਸਮਾਜਿਕ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਰਾਬਰੀ ਨੂੰ ਅਧਿਕਾਰਾਂ ਦੀ ਜੰਗ ਬਣਾਉਣ ਦੀ ਬਜਾਏ ਇਸ ਨੂੰ ਸਾਂਝੀ ਜ਼ਿੰਮੇਵਾਰੀ ਵਜੋਂ ਦੇਖੀਏ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਕ ਸਿਹਤਮੰਦ ਪਰਿਵਾਰਕ ਮਾਹੌਲ ਵਿੱਚ ਪਲਣ ਤਾਂ ਸਾਨੂੰ ਘਰਾਂ ਵਿੱਚ ਮੁਕਾਬਲੇਬਾਜ਼ੀ ਨੂੰ ਖਤਮ ਕਰਕੇ ਸਹਿਯੋਗ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨਾ ਪਵੇਗਾ। ਰਿਸ਼ਤਿਆਂ ਦੀ ਖ਼ੂਬਸੂਰਤੀ ਇਸ ਵਿੱਚ ਨਹੀਂ ਕਿ ਕੌਣ ਕਿਸ ਤੋਂ ਉੱਪਰ ਹੈ, ਬਲਕਿ ਇਸ ਵਿੱਚ ਹੈ ਕਿ ਦੋਵੇਂ ਕਿਵੇਂ ਮਿਲ ਕੇ ਇੱਕ ਸੁੰਦਰ ਸੰਸਾਰ ਸਿਰਜਦੇ ਹਨ।

Share post:

Popular