ਸਰੀ, (ਦਿਵਰੂਪ ਕੌਰ): ਮੇਪਲ ਰਿੱਜ ਦੇ ਰਿੱਜ ਮੀਡੋਜ਼ ਹਸਪਤਾਲ ਵਿੱਚ ਇੱਕ ਵਾਰ ਫਿਰ ਤੋਂ ਗਰਭਵਤੀ ਔਰਤਾਂ ਲਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਫਤੇ ਜਣੇਪੇ ਲਈ ਆਉਣ ਵਾਲੀਆਂ ਔਰਤਾਂ ਨੂੰ ਇਲਾਕੇ ਦੇ ਹੋਰ ਹਸਪਤਾਲਾਂ ਵੱਲ ਭੇਜਿਆ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਮੈਟਰਨਿਟੀ ਡਾਇਵਰਸ਼ਨ ਭਾਵ ਸੇਵਾਵਾਂ ਵਿੱਚ ਰੁਕਾਵਟ ਵੀਰਵਾਰ 2 ਅਪ੍ਰੈਲ ਦੀ ਸਵੇਰ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ੁੱਕਰਵਾਰ 10 ਅਪ੍ਰੈਲ ਦੀ ਸਵੇਰ 8 ਵਜੇ ਤੱਕ ਜਾਰੀ ਰਹੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਫਰੇਜ਼ਰ ਹੈਲਥ ਵੱਲੋਂ ਐਲਾਨੀ ਗਈ ਇਹ ਅੱਠਵੀਂ ਅਜਿਹੀ ਰੁਕਾਵਟ ਹੈ। ਇਸ ਤੋਂ ਪਹਿਲਾਂ ਵੀ 23 ਮਾਰਚ ਨੂੰ ਅਜਿਹੀ ਹੀ ਇੱਕ ਰੁਕਾਵਟ ਖਤਮ ਹੋਈ ਸੀ ਪਰ ਹੁਣ ਮੁੜ ਤੋਂ ਹਾਲਾਤ ਉਹੀ ਬਣ ਗਏ ਹਨ।
ਸਿਹਤ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਗਰਭਵਤੀ ਔਰਤਾਂ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ ਹਨ ਜਾਂ ਉਨ੍ਹਾਂ ਨੂੰ ਗਰਭ ਅਵਸਥਾ ਸਬੰਧੀ ਕੋਈ ਹੋਰ ਐਮਰਜੈਂਸੀ ਹੈ, ਉਹ ਹਸਪਤਾਲ ਆਉਣ ਤੋਂ ਪਹਿਲਾਂ ਮੈਟਰਨਿਟੀ ਯੂਨਿਟ ਨੂੰ 604-463-4111 ਉੱਤੇ ਫੋਨ ਕਰਨ। ਫਰੇਜ਼ਰ ਹੈਲਥ ਦਾ ਸਟਾਫ ਉਨ੍ਹਾਂ ਦੀ ਸਥਿਤੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਕਿਸੇ ਹੋਰ ਢੁਕਵੇਂ ਹਸਪਤਾਲ ਵਿੱਚ ਜਾਣ ਦੀ ਸਲਾਹ ਦੇਵੇਗਾ। ਜੇਕਰ ਮਾਂ ਜਾਂ ਬੱਚੇ ਦੀ ਸਿਹਤ ਨੂੰ ਲੈ ਕੇ ਕੋਈ ਬਹੁਤ ਜ਼ਿਆਦਾ ਗੰਭੀਰ ਖਤਰਾ ਹੈ ਤਾਂ ਉਨ੍ਹਾਂ ਨੂੰ ਤੁਰੰਤ 911 ਉੱਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਸਿਹਤ ਅਥਾਰਟੀ ਮੁਤਾਬਕ ਇਹ ਸਾਰੀ ਸਮੱਸਿਆ ਹਸਪਤਾਲ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰਾਂ (ਓਬਸਟੈਟ੍ਰੀਸ਼ੀਅਨ-ਗਾਇਨੀਕੋਲੋਜਿਸਟ) ਦੀ ਭਾਰੀ ਘਾਟ ਕਾਰਨ ਪੈਦਾ ਹੋਈ ਹੈ। ਇਕੱਲੇ ਮੇਪਲ ਰਿੱਜ ਹੀ ਨਹੀਂ ਬਲਕਿ ਵ੍ਹਾਈਟ ਰੌਕ ਦਾ ਪੀਸ ਆਰਕ ਹਸਪਤਾਲ ਵੀ ਡਾਕਟਰਾਂ ਦੀ ਇਸੇ ਘਾਟ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਵਾਰ-ਵਾਰ ਜਣੇਪਾ ਸੇਵਾਵਾਂ ਬੰਦ ਕਰਨੀਆਂ ਪੈਂਦੀਆਂ ਹਨ।
ਫਰੇਜ਼ਰ ਹੈਲਥ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਵਾਂ ਹਸਪਤਾਲਾਂ ਲਈ ਮਾਹਰ ਡਾਕਟਰਾਂ ਦੀ ਭਰਤੀ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ 18 ਮਾਰਚ ਨੂੰ ਮੇਪਲ ਰਿੱਜ ਦੇ ਦੌਰੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਵੀ ਇਸ ਮੁੱਦੇ ਉੱਤੇ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਸੂਬਾ ਸਰਕਾਰ ਵੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਅਮਰੀਕਾ ਤੋਂ 400 ਤੋਂ ਵੱਧ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਾਮਿਆਂ ਦੀ ਭਰਤੀ ਕੀਤੀ ਗਈ ਹੈ। ਪ੍ਰੀਮੀਅਰ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਵਿੱਚੋਂ 105 ਡਾਕਟਰ ਅਤੇ ਨਰਸਾਂ ਇਕੱਲੇ ਫਰੇਜ਼ਰ ਹੈਲਥ ਵਿਭਾਗ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਮਾਹਰ ਡਾਕਟਰਾਂ ਨੂੰ ਬੁਲਾਉਣ ਨਾਲ ਨਾ ਸਿਰਫ਼ ਉਨ੍ਹਾਂ ਦੀ ਸਿਖਲਾਈ ਉੱਤੇ ਹੋਣ ਵਾਲੇ ਪੈਸੇ ਦੀ ਬੱਚਤ ਹੁੰਦੀ ਹੈ ਸਗੋਂ ਉਹ ਆਉਂਦਿਆਂ ਹੀ ਤੁਰੰਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਸਿਸਟਮ ਵਿੱਚ ਤੇਜ਼ੀ ਆਉਂਦੀ ਹੈ। This report was written by Divroop Kaur as part of the Local Journalism Initiative.

