Wednesday, April 15, 2026

ਲਿਟਨ ਅੱਗ ਮਾਮਲੇ ਵਿੱਚ ਰੇਲਵੇ ਖ਼ਿਲਾਫ ਕਲਾਸ ਐਕਸ਼ਨ ਮਕੱਦਮਾ ਮਨਜ਼ੂਰ

 

ਬੀ.ਸੀ. ਸਪਰੀਮ ਕੋਰਟ ਦੇ ਫੈਸਲਾ ਨਾਲ ਲਿਟਨ ਵਾਸੀਆਂ ਨੂੰ ਨਵੀਂ ਆਸ
ਸਰੀ, (ਦਿਵਰੂਪ ਕੌਰ): ਬੀ.ਸੀ. ਸਪਰੀਮ ਕੋਰਟ ਵੱਲੋਂ ਉਸ ਮਾਮਲੇ ਵਿੱਚ ਕਲਾਸ ਐਕਸ਼ਨ ਮਕੱਦਮੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਵਿੱਚ ਲਿਟਨ ਦੇ ਕੁਝ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਘਰਾਂ ਨੂੰ ਅੱਗ ਰੇਲਵੇ ਕਾਰਵਾਈਆਂ ਕਾਰਨ ਲੱਗੀ ਸੀ। ਇਹ ਫੈਸਲਾ ਲਿਟਨ ‘ਚ ਸਾਲ 2021 ਦੌਰਾਨ ਹੋਈ ਭਿਆਨਕ ਤਬਾਹੀ ਤੋਂ ਬਾਅਦ ਇਨਸਾਫ ਦੀ ਉਡੀਕ ਕਰ ਰਹੇ ਦਰਜਨਾਂ ਪਰਿਵਾਰਾਂ ਲਈ ਇਕ ਮਹੱਤਵਪੂਰਨ ਕਾਨੂੰਨੀ ਮੋੜ ਮੰਨਿਆ ਜਾ ਰਿਹਾ ਹੈ। ਕੋਰਟ ਵਿੱਚ ਇਹ ਮੰਨਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਸਾਂਝੀ ਕਾਨੂੰਨੀ ਕਾਰਵਾਈ ਦੀ ਗੁੰਜਾਇਸ਼ ਬਣਦੀ ਹੈ। ਇਹ ਮਕੱਦਮਾ ਦਾਇਰ ਕਰਨ ਵਾਲੇ ਦੋਵੇਂ ਵਿਅਕਤੀਆਂ ਨੇ ਅੱਗ ਦੌਰਾਨ ਆਪਣੀ ਸੰਪਤੀ ਗਵਾਈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਉਨ੍ਹਾਂ ਨੂੰ ਡੂੰਘਾ ਮਾਨਸਿਕ ਝਟਕਾ ਵੀ ਪਹੁੰਚਿਆ। ਪਹਿਲਾ ਵਿਅਕਤੀ ਕੇਰਲ ਮੋਇਸੇਵਿਚ ਲੰਮੇ ਸਮੇਂ ਤੋਂ ਲਿਟਨ ਵਿੱਚ ਰਹਿੰਦਾ ਸੀ। ਉਸ ਦਾ ਘਰ ਅਤੇ ਉਸ ਦੇ ਅੰਦਰ ਪਿਆ ਸਾਰਾ ਸਮਾਨ ਅੱਗ ਵਿੱਚ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਅੱਗ ਵਿੱਚ ਉਸ ਦਾ ਘਰ ਅਧਾਰਿਤ ਕਾਰੋਬਾਰ ਵੀ ਨਸ਼ਟ ਹੋ ਗਿਆ। ਉਸ ਨੂੰ ਮਜ਼ਬੂਰਨ ਵੈਨਕੂਵਰ ਜਾ ਕੇ ਵਸਣਾ ਪਿਆ।
ਦੂਜਾ ਵਿਅਕਤੀ ਜੋਰਡਨ ਸਪਿੰਕਸ ਕਨਾਕਾ ਬਾਰ ਇੰਡਿਅਨ ਬੈਂਡ ਦਾ ਮੈਂਬਰ ਹੈ। ਉਸ ਨੂੰ ਇੰਡਿਅਨ ਰਿਜ਼ਰਵ ਪਾਪਿਅਮ 27 ਵਿੱਚ ਆਪਣੇ ਘਰ ਤੋਂ ਕਈ ਮਹੀਨਿਆਂ ਲਈ ਬੇਘਰ ਹੋਣਾ ਪਿਆ। ਸਪਿੰਕਸ ਨੇ ਕਿਹਾ ਕਿ ਇਸ ਬੇਘਰ ਹੋਣ ਕਾਰਨ ਉਸ ਦੀ ਨੌਕਰੀ ਚਲੀ ਗਈ। ਇਸ ਮਕੱਦਮੇ ਵਿੱਚ ਮੁਲਜ਼ਮਾਂ ਵਜੋਂ ਕੈਨੇਡਿਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡਿਅਨ ਪੈਸਿਫਿਕ ਰੇਲਵੇ ਕੰਪਨੀ ਨੂੰ ਸ਼ਾਮਲ ਕੀਤਾ ਗਿਆ ਹੈ।
ਦੋਵੇਂ ਕੰਪਨੀਆਂ ਦੇ ਰੇਲਵੇ ਟਰੈਕ ਲਿਟਨ ਰਾਹੀਂ ਲਗਭਗ ਇਕ ਦੂਜੇ ਦੇ ਸਮਾਂਤਰ ਲੰਘਦੇ ਹਨ। ਅਗਸਤ 2023 ਵਿੱਚ ਸਪਿੰਕਸ ਨੇ ਇਹ ਮਕੱਦਮਾ ਦਰਜ ਕਰਵਾਇਆ ਸੀ ਕਿ ਕੈਨੇਡਿਅਨ ਨੈਸ਼ਨਲ ਅਤੇ ਕੈਨੇਡਿਅਨ ਪੈਸਿਫਿਕ ਰੇਲਵੇ ਸਮੇਤ ਕੈਨੇਡਾ ਦੇ ਅਟਾਰਨੀ ਜਨਰਲ, ਟਰਾਂਸਪੋਰਟ ਕੈਨੇਡਾ ਅਤੇ ਹੋਰ ਏਜੰਸੀਆਂ ਨੇ ਇਸ ਤਬਾਹਕੁੰਨ ਅੱਗ ਵਿੱਚ ਸਿੱਧਾ ਜਾਂ ਅਪਰੋਕਸ਼ ਤੌਰ ਉੱਤੇ ਭੂਮਿਕਾ ਨਿਭਾਈ।
ਇਸ ਅੱਗ ਵਿੱਚ ਲਿਟਨ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ ਅਤੇ 2 ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਹਾਲਾਂਕਿ ਪਹਿਲਾਂ ਇਕ ਜੱਜ ਨੇ ਇਸ ਮਕੱਦਮੇ ਨੂੰ ਕਲਾਸ ਐਕਸ਼ਨ ਵਜੋਂ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
2022 ਵਿੱਚ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਜਾਂਚਕਰਤਾ ਇਹ ਸਾਬਤ ਨਹੀਂ ਕਰ ਸਕੇ ਕਿ ਅੱਗ ਕਿਸੇ ਟ੍ਰੇਨ ਤੋਂ ਨਿਕਲੀ ਚਿੰਗਾਰੀ ਨਾਲ ਲੱਗੀ ਸੀ। 3 ਦਸੰਬਰ ਨੂੰ ਸੀ ਐਨ ਰੇਲ ਦੀ ਤਰਫ਼ੋਂ ਐਸ਼ਲੀ ਮਿਚਨੌਵਸਕੀ ਨੇ ਇਕ ਬਿਆਨ ਵਿੱਚ ਕਿਹਾ ਕਿ ਕੰਪਨੀ ਇਸ ਫੈਸਲੇ ਤੋਂ ਨਿਰਾਸ਼ ਹੈ ਅਤੇ ਆਪਣੇ ਕਾਨੂੰਨੀ ਵਿਕਲਪਾਂ ਉੱਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਟੀਫਿਕੇਸ਼ਨ ਦੇ ਪੜਾਅ ਉੱਤੇ ਅਦਾਲਤ ਨੂੰ ਪੂਰੇ ਸਬੂਤਾਂ ਦੀ ਡੂੰਘੀ ਜਾਂਚ ਕਰਨ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਇਹ ਵੀ ਕਿਹਾ ਕਿ ਕਈ ਮਾਹਰ ਏਜੰਸੀਆਂ ਪਹਿਲਾਂ ਹੀ ਇਸ ਸਬੂਤਾਂ ਦੀ ਜਾਂਚ ਕਰ ਚੁੱਕੀਆਂ ਹਨ ਅਤੇ ਰੇਲਵੇ ਤੇ ਅੱਗ ਦਰਮਿਆਨ ਕੋਈ ਸਿੱਧਾ ਸੰਬੰਧ ਨਹੀਂ ਲੱਭਿਆ। ਸੀ ਐਨ ਰੇਲ ਦਾ ਦਾਅਵਾ ਹੈ ਕਿ ਟਰਾਇਲ ਦੌਰਾਨ ਅਦਾਲਤ ਇਹੀ ਨਤੀਜਾ ਕੱਢੇਗੀ। ਲਿਟਨ ਵਿੱਚ ਪਹਿਲਾ ਘਰ ਦੁਬਾਰਾ ਬਣਨਾ ਸ਼ੁਰੂ ਹੋਣ ਵਿੱਚ ਪੂਰੇ 2 ਸਾਲ ਲੱਗ ਗਏ। ਇਸ ਦੇਰੀ ਕਾਰਨ ਕਈ ਵਾਸੀਆਂ ਵਿੱਚ ਭਾਰੀ ਗੁੱਸਾ ਫੈਲਿਆ। ਲੰਬੀਆਂ ਜਾਂਚਾਂ, ਮਲਬਾ ਹਟਾਉਣ ਅਤੇ ਵਾਤਾਵਰਨੀ ਸੁਧਾਰ ਦੀਆਂ ਦੇਰੀਆਂ ਨੇ ਲਗਾਤਾਰ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਅਤੇ ਇਹ ਮਾਮਲਾ ਲਗਭਗ ਹਰ ਹਫਤੇ ਬੀ ਸੀ ਦੀਆਂ ਸੁਰਖੀਆਂ ਵਿੱਚ ਰਿਹਾ। 2022 ਵਿੱਚ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਨੇ ਅੰਦਾਜ਼ਾ ਲਗਾਇਆ ਸੀ ਕਿ ਲਿਟਨ ਦੀ ਤਬਾਹੀ ਕਾਰਨ ਬੀਮੇ ਹੇਠ ਆਉਣ ਵਾਲਾ ਨੁਕਸਾਨ 102 ਮਿਲੀਅਨ ਡਾਲਰ ਦੇ ਕਰੀਬ ਸੀ। This report was written by Divroop Kaur as part of the Local Journalism Initiative.

 

Popular