ਸਰੀ, (ਡਾ.ਗੁਰਵਿੰਦਰ ਸਿੰਘ): ਸਤਿਕਾਰਯੋਗ ਬਾਈ ਅਵਤਾਰ ਸਿੰਘ ਗਿੱਲ ਪੰਜਾਬ ਵਿੱਚ ਚੜਾਈ ਕਰ ਗਏ ਹਨ। ਉਹ ਕੁਝ ਦਿਨ ਪਹਿਲਾਂ ਆਪਣੇ ਸੁਪਤਨੀ ਸਮੇਤ ਪੰਜਾਬ ਗਏ ਸਨ। ਉਹ ਡਾਇਲਸਿਸ ‘ਤੇ ਸਨ, ਜਿਸ ਦੌਰਾਨ 13 ਮਾਰਚ ਨੂੰ ਅਚਨਚੇਤ ਸਿਹਤ ਵਿਗੜ ਗਈ ਅਤੇ ਫੋਰਟਿਸ ਹਸਪਤਾਲ ‘ਚ ਇਲਾਜ ਦੌਰਾਨ ਉਹ ਸੁਆਸ ਛੱਡ ਗਏ। ਉਹ ਦਾ ਵਿਛੋੜਾ ਦੁੱਖਦਾਈ ਹੈ। ਪੰਜਾਬ ਜਾਣ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ। ਉਹ ਖੁਸ਼ ਸਨ ਤੇ ਚੜਦੀ ਕਲਾ ਵਿੱਚ ਸਨ।
ਪੰਜਾਬ ਤੋਂ ਪਿੰਡ ਚੂਹੜ ਚੱਕ, ਜ਼ਿਲਾ ਮੋਗਾ ਨਾਲ ਸਬੰਧਿਤ ਬਾਈ ਅਵਤਾਰ ਸਿੰਘ ਗਿੱਲ ਪੰਜਾਬ ਬਿਜਲੀ ਬੋਰਡ ਵਿਭਾਗ ਵਿੱਚ ਲੰਮਾ ਸਮਾਂ ਨੌਕਰੀ ਕਰਨ ਮਗਰੋਂ, 90ਵਿਆਂ ਵਿੱਚ ਕੈਨੇਡਾ ਆਏ, ਜਿੱਥੇ ਹੁਣ ਉਹਨਾਂ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਦੇ ਪਰਿਵਾਰਾਂ ਵਸਦੇ ਹਨ। ਕੈਨੇਡਾ ਵਿੱਚ ਉਹ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਰਹੇ ਅਤੇ ਲਗਾਤਾਰ ਸਰਗਰਮ ਰਹੇ। ਆਪਣੇ ਤੋਂ ਵੱਖਰੇ ਵਿਚਾਰਾਂ ਦਾ ਵੀ ਤਹਿ ਦਿਲੋਂ ਸਤਿਕਾਰ ਕਰਨ ਵਾਲੇ ਬਾਈ ਅਵਤਾਰ ਸਿੰਘ ਜੀ ਕਿਸੇ ਵੀ ਸਮਾਜਿਕ ਕਾਰਜ ਵਿੱਚ ਪਿੱਛੇ ਕਦੇ ਪਿੱਛੇ ਨਾ ਰਹੇ ਅਤੇ ਸਾਰਿਆਂ ਨਾਲ ਮੇਲ ਮਿਲਾਪ ਕਾਇਮ ਰੱਖਿਆ।
ਬਾਈ ਅਵਤਾਰ ਸਿੰਘ ਗਿੱਲ ਦੀ ਵਿਲੱਖਣਤਾ ਇਹ ਸੀ ਕਿ ਉਹਨਾਂ ਨੇ ਸਦਾ ਸਥਾਪਤੀ ਖਿਲਾਫ ਝੰਡਾ ਚੁੱਕਿਆ ਅਤੇ ਲੋਕ ਸੰਘਰਸ਼ਾਂ ਦੇ ਪੱਖ ‘ਚ ਡਟੇ ਰਹੇ। ਸਾਡੀ ਮੁਲਾਕਾਤ ਕੈਨੇਡਾ ‘ਚ 1999 ‘ਚ ਰੇਡੀਓ ਦੇ ਮੰਚ ‘ਤੇ ਹੋਈ, ਜਿੱਥੇ ਉਹਨਾਂ ਨਾਲ ਰਘਬੀਰ ਸਿੰਘ ਅਤੇ ਕੁਲਦੀਪ ਕੌਰ ਬਿਲਾਸਪੁਰੀ ਵੀ ਆਏ। ਉਸ ਸਮੇਂ ਤੋਂ ਲੈ ਕੇ ਲੰਮਾ ਸਮਾਂ ਜਾਦੂ-ਟੂਣੇ, ਜੰਤਰ-ਮੰਤਰ, ਕਾਲੇ-ਇਲਮ ਅਤੇ ਕਈ ਤਰ੍ਹਾਂ ਦੇ ਹੋਰ ਪਖੰਡਾਂ ਖਿਲਾਫ ਸਾਡੀਆਂ ਸਾਂਝੀਆਂ ਮੁਹਿੰਮਾਂ ਬੇਹਦ ਸਫਲ ਰਹੀਆਂ। ਹਰ-ਰੋਜ਼ ਮੇਲ ਮਿਲਾਪ ਹੁੰਦਾ ਤੇ ਅਜਿਹੇ ਯਤਨਾ ਤੋਂ ਸਮਕਾਲੀ ਭਲੀ ਭਾਂਤ ਜਾਣਦੇ ਹਨ।
ਸਰੀ, ਐਬਸਫੋਰਡ, ਵੈਨਕੂਵਰ ਆਦਿ ‘ਚ ਕਦੇ ਵੀ ਸਰਕਾਰੀ ਜਬਰ ਖਿਲਾਫ ਇਕੱਠ ਹੁੰਦਾ, ਤਾਂ ਬਾਈ ਜੀ ਜਰੂਰ ਸ਼ਾਮਿਲ ਹੁੰਦੇ। ਸਿੱਖ ਨਸਲਕੁਸ਼ੀ 1984 ਬਾਰੇ ਵੱਡੇ ਸੈਮੀਨਾਰ ਵਿੱਚ ਸ਼ਾਮਿਲ ਹੋਣ ਜਦੋਂ ਪੱਤਰਕਾਰ ਅਤੇ ਸਾਬਕਾ ਐਮਐਲਏ ਮਰਹੂਮ ਜਰਨੈਲ ਸਿੰਘ ਕੈਨੇਡਾ ਆਏ, ਤਾਂ ਉਸ ਸਮਾਗਮ ਵਿੱਚ ਗਿੱਲ ਸਾਹਿਬ ਦੇ ਭਾਵਪੂਰਤ ਵਿਚਾਰਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ।
ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਫੇਰੀ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਵੀ ਬਾਈ ਅਵਤਾਰ ਸਿੰਘ ਅੱਗੇ ਰਹੇ, ਜਦ ਕਿ ਕੁਝ ਅਖੌਤੀ ਮੇਲਿਆਂ ਵਾਲੇ ਜਾਂ ਮਾਰਕਸਵਾਦੀ ਸੁਆਗਤੀ ਟੀਮਾਂ ਵਿੱਚ ਸ਼ਾਮਿਲ ਸਨ। ਇਸ ਗੱਲ ਦਾ ਉਹਨਾਂ ਨੂੰ ਲਗਾਤਾਰ ਅਫਸੋਸ ਰਿਹਾ ਕਿ ਸੱਚੇ ਅਗਾਂਹ-ਵਧੂ ਸੋਚ ਵਾਲੇ ਵਿਅਕਤੀਆਂ ਦੀ ਗਿਣਤੀ ਥੋੜੀ ਹੈ। ਉਹਨਾਂ ਦੀ ਕਾਮਰੇਡ ਭੁਪਿੰਦਰ ਸਿੰਘ ਮੱਲੀ ਨਾਲ ਡੂੰਘੀ ਸਾਂਝ ਰਹੀ, ਜਿੰਨਾ ਕਾਮਰੇਡ ਹਰਦਿਆਲ ਬੈਂਸ ਤੋਂ ਅਗਵਾਈ ਲੈ ਕੇ ਹਮੇਸ਼ਾ ਸੱਚ ਦਾ ਝੰਡਾ ਚੁੱਕਿਆ। ਬਾਈ ਅਵਤਾਰ ਸਿੰਘ ਜੀ ਨੂੰ ‘ਸੰਸਾਰ ਸਾਹਿਤ ਸੈਮੀਨਾਰ 2024’ ਦੌਰਾਨ ‘ਜੀਵੇ ਪੰਜਾਬ ਅਦਬੀ ਸੰਗਤ’ ਅਤੇ ‘ਸਾਊਥ ਏਸ਼ੀਅਨ ਰਿਵਿਊ’ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਉਹਨਾਂ ਨੂੰ ਅਨੇਕਾਂ ਵਾਰ ਲੋਕ ਸਨਮਾਨ ਮਿਲੇ, ਪਰ ਉਹ ਸਦਾ ਹੀ ਨਿਮਰ ਰਹੇ।
ਬਾਈ ਅਵਤਾਰ ਸਿੰਘ ਗਿੱਲ ਦੀ ਅੱਜ ਕੱਲ ਪੰਜਾਬ ਵਿੱਚ ਚੱਕ ਕੋਠੇ ਜਗਰਾਉਂ ਵਿਖੇ ਰਿਹਾਇਸ਼ ਸੀ। ਬਾਈ ਜੀ ਹੁਰਾਂ ਨੇ ਆਪਣੀ ਪਤਨੀ ਸਮੇਤ ਆਪਣਾ ਸਰੀਰ, ਕਾਫੀ ਸਮਾਂ ਪਹਿਲਾਂ ਹੀ ਦਾਨ ਕੀਤਾ ਹੋਇਆ ਸੀ। ਉਹਨਾ ਦੀ ਦੇਹ ਮੈਡੀਕਲ ਖੋਜਾਂ ਲਈ ਪਰਿਵਾਰ ਵੱਲੋਂ ਦਾਨ ਕੀਤੇ ਜਾਣ ਦੀ ਸਮੂਹਿਕ ਪ੍ਰਸੰਸਾ ਹੋ ਰਹੀ ਹੈ। ਇਹ ਲੁਧਿਆਣਾ ਦੇ ਹਸਪਤਾਲ ਨੂੰ ਦਾਨ ਕੀਤੀ ਗਈ ਹੈ। ਬਾਈ ਜੀ ਦਾ ਵਿਛੋੜਾ ਦੁਖਦਾਈ ਹੈ, ਪਰ ਉਹਨਾਂ ਦੀ ਲੋਕ ਸੰਘਰਸ਼ ਲਈ ਦੇਣ ਸਦਾ ਚੇਤੇ ਕੀਤੀ ਜਾਂਦੀ ਰਹੇਗੀ।

