ਸਰੀ, (ਦਿਵਰੂਪ ਕੌਰ): ਬੀ.ਸੀ. ਸਰਕਾਰ ਵੱਲੋਂ ਜਾਰੀ ਕੀਤੀ ਗਈ ਪਹਿਲੀ ਤਿਮਾਹੀ ਰਿਪੋਰਟ (First Quarterly Report) ਦਰਸਾਉਂਦੀ ਹੈ ਕਿ ਵਿਸ਼ਵ ਭਰ ਵਿੱਚ ਵਪਾਰਕ ਟਕਰਾਅ, ਟੈਰਿਫ਼ ਅਤੇ ਆਰਥਿਕ ਅਨਿਸ਼ਚਿਤਤਾ ਦੇ ਬਾਵਜੂਦ, ਸੂਬੇ ਦੀ ਆਰਥਿਕਤਾ ਸਥਿਰ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਹਾਲਾਂਕਿ ਚੁਣੌਤੀਆਂ ਮੌਜੂਦ ਹਨ, ਪਰ ਬੀ.ਸੀ. ਦੀ ਵਿਭਿੰਨ ਆਰਥਿਕਤਾ ਹੋਰ ਸੂਬਿਆਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ।
ਘਾਟੇ ਦੇ ਬਾਵਜੂਦ, ਕੁਝ ਖੇਤਰਾਂ ਵਿੱਚ ਸੁਧਾਰ ਵੀ ਨਜ਼ਰ ਆਇਆ ਹੈ। 2025-26 ਲਈ ਘਾਟਾ ਕੁਝ ਹੱਦ ਤੱਕ ਘੱਟ ਹੋਇਆ ਹੈ ਕਿਉਂਕਿ ਕਾਰਪੋਰੇਟ ਇਨਕਮ ਟੈਕਸ ਤੋਂ ਪਹਿਲਾਂ ਨਾਲੋਂ ਵੱਧ ਆਮਦਨ ਹੋਈ ਹੈ। ਇਸ ਤੋਂ ਇਲਾਵਾ, ਬੀ.ਸੀ. ਨੂੰ ਤੰਬਾਕੂ ਕੰਪਨੀਆਂ ਵਿਰੁੱਧ $32.5 ਬਿਲੀਅਨ ਦੇ ਇਤਿਹਾਸਕ ਮੁਕੱਦਮੇ ਵਿੱਚੋਂ ਆਪਣਾ ਹਿੱਸਾ ਮਿਲਿਆ ਹੈ, ਜੋ ਕਿ ਜਨਤਾ ਨੂੰ ਹੋਏ ਸਿਹਤ ਨੁਕਸਾਨ ਦੀ ਭਰਪਾਈ ਵਜੋਂ ਮਿਲਿਆ।
ਬੀ.ਸੀ. ਦੀ ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੈਰਿਫ਼ ਸਾਡੀ ਆਰਥਿਕਤਾ ਲਈ ਚੁਣੌਤੀ ਪੈਦਾ ਕਰ ਰਹੇ ਹਨ ਅਤੇ ਸਾਡੀ ਵਿੱਤੀ ਸਥਿਤੀ ‘ਤੇ ਦਬਾਅ ਪੈ ਰਿਹਾ ਹੈ। ਫਿਰ ਵੀ ਅਸੀਂ ਆਪਣੇ ਖ਼ਰਚਿਆਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਸਮਝਦਾਰੀ ਨਾਲ ਕਟੌਤੀਆਂ ਕਰ ਰਹੇ ਹਾਂ ਅਤੇ ਉਹਨਾਂ ਸੇਵਾਵਾਂ ਨੂੰ ਸਹਿਯੋਗ ਦੇ ਰਹੇ ਹਾਂ ਜਿਨ੍ਹਾਂ ‘ਤੇ ਲੋਕ ਭਰੋਸਾ ਕਰਦੇ ਹਨ। ਸਾਡਾ ਧਿਆਨ ਨਿਵੇਸ਼ਾਂ ਰਾਹੀਂ ਨਵੀਨਤਾ ਨੂੰ ਉਤਸ਼ਾਹਤ ਕਰਨ ਅਤੇ ਸੂਬੇ ਲਈ ਸਥਿਰ ਭਵਿੱਖ ਬਣਾਉਣ ‘ਤੇ ਹੈ।”
ਰਿਪੋਰਟ ਦਰਸਾਉਂਦੀ ਹੈ ਕਿ ਸਰਕਾਰ ਦੇ ਤਾਜ਼ਾ ਫ਼ੈਸਲੇ ਜਿਸ ਵਿੱਚ ਕਾਰਬਨ ਟੈਕਸ ਖਤਮ ਕਰਨਾ ਅਤੇ ਮਾਲੀਆ ਦੇ ਸਰੋਤਾਂ ਵਿੱਚ ਕਟੌਤੀ (ਜਿਵੇਂ ਪ੍ਰਾਪਰਟੀ ਟ੍ਰਾਂਸਫਰ ਟੈਕਸ, ਸੇਲਜ਼ ਟੈਕਸ, ਕੁਦਰਤੀ ਸਰੋਤਾਂ ਤੋਂ ਆਮਦਨ, ਫੈਡਰਲ ਯੋਗਦਾਨ, ਅਤੇ ਵਧੇ ਹੋਏ ਫਾਇਰ ਮੈਨੇਜਮੈਂਟ ਖ਼ਰਚੇ) ਵਿੱਤੀ ਹਾਲਾਤਾਂ ‘ਤੇ ਸਿੱਧਾ ਪ੍ਰਭਾਵ ਪਾ ਰਹੇ ਹਨ।
ਤਾਜ਼ਾ ਅਨੁਮਾਨ ਮੁਤਾਬਕ, ਬੀ.ਸੀ. ਦਾ ਘਾਟਾ ਹੁਣ $11.6 ਬਿਲੀਅਨ ਹੈ, ਜੋ ਕਿ ਬੱਜਟ ਨਾਲੋਂ $665 ਮਿਲੀਅਨ ਵੱਧ ਹੈ। ਆਉਣ ਵਾਲੇ ਸਾਲਾਂ ਲਈ ਘਾਟਾ 2025-26 ਵਿੱਚ $12.6 ਬਿਲੀਅਨ ਅਤੇ 2027-28 ਵਿੱਚ $12.3 ਬਿਲੀਅਨ ਅਨੁਮਾਨਿਤ ਕੀਤਾ ਗਿਆ ਹੈ। ਸਰਕਾਰ ਨੇ ਤਿੰਨ ਸਾਲਾਂ ਵਿੱਚ $1.5 ਬਿਲੀਅਨ ਦੀ ਬੱਚਤ ਕਰਨ ਦਾ ਟੀਚਾ ਰੱਖਿਆ ਸੀ, ਜਿਸਦੀ ਘੋਸ਼ਣਾ ਬੱਜਟ 2025 ਵਿੱਚ ਕੀਤੀ ਗਈ ਸੀ। ਰਿਪੋਰਟ ਮੁਤਾਬਕ, ਇਹ ਟੀਚਾ ਹਾਸਲ ਕਰਨ ਵੱਲ ਵੱਡਾ ਕਦਮ ਚੁੱਕਿਆ ਜਾ ਚੁੱਕਾ ਹੈ ਅਤੇ ਇਸ ਸਾਲ ਹੀ $300 ਮਿਲੀਅਨ ਤੋਂ ਵੱਧ ਦੀ ਬੱਚਤ ਕੀਤੀ ਗਈ ਹੈ।
ਰਿਪੋਰਟ ਅਨੁਸਾਰ ਕਿ ਵਿਸ਼ਵ ਆਰਥਿਕ ਮੰਦੀ, ਟੈਰਿਫ਼ਾਂ ਦੇ ਪ੍ਰਭਾਵ ਅਤੇ ਹਾਊਸਿੰਗ ਮਾਰਕਿਟ ਵਿੱਚ ਸੁਸਤਾਅ ਕਾਰਨ 2025 ਅਤੇ 2026 ਵਿੱਚ ਆਰਥਿਕ ਵਿਕਾਸ ਦਰ ਘੱਟ ਰਹੇਗੀ। ਫਿਰ ਵੀ, ਅਗਲੇ ਕੁਝ ਸਾਲਾਂ ਵਿੱਚ ਬੀ.ਸੀ. ਦੀ ਆਰਥਿਕਤਾ ਮੁੜ ਸੰਭਲਣ ਦੀ ਉਮੀਦ ਹੈ। ਇਸ ਦੀ ਵਜ੍ਹਾ ਸਥਿਰ ਲੇਬਰ ਮਾਰਕਿਟ, ਲਿਕੁਇਫਾਇਡ ਨੈਚੁਰਲ ਗੈਸ (LNG) ਦੇ ਨਿਰਯਾਤ, ਅਤੇ ਘਰਾਂ ਦੇ ਨਿਰਮਾਣ ਵਿੱਚ ਵਾਧਾ ਹੈ।
ਵਿੱਤ ਮੰਤਰੀ ਨੇ ਜ਼ੋਰ ਦਿੱਤਾ ਕਿ ਬੀ.ਸੀ. ਵੱਡੇ ਪ੍ਰਾਜੈਕਟਾਂ ਰਾਹੀਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਰਿਹਾ ਹੈ। ”ਅਸੀਂ ਬੀ.ਸੀ. ਨੂੰ ਇੱਕ ਮਜ਼ਬੂਤ ਅਤੇ ਸਵੈ-ਨਿਰਭਰ ਕੈਨੇਡਾ ਦਾ ਅਹਿਮ ਹਿੱਸਾ ਬਣਾਉਣ ਵਾਸਤੇ ਕੰਮ ਕਰ ਰਹੇ ਹਾਂ। ਫੈਡਰਲ ਸਰਕਾਰ ਦੁਆਰਾ ਪਛਾਣੇ ਗਏ ਪ੍ਰਾਜੈਕਟਾਂ ਸਮੇਤ ਅਨੇਕਾਂ ਪ੍ਰਾਜੈਕਟ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਨ, ਆਰਥਿਕ ਵਿਕਾਸ ਵਧਾ ਰਹੇ ਹਨ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਕਰ ਰਹੇ ਹਨ,” ਬੇਲੀ ਨੇ ਕਿਹਾ। This report was written by Divroop Kaur as part of the Local Journalism Initiative.

