ਲੇਖਕ : ਬਰਾੜ ਭਗਤਾ ਭਾਈ ਕਾ
ਸੰਪਰਕ : (604) 751-1113
ਸਿਆਲ ਦੇ ਗੂੜ੍ਹੇ ਦਿਨਾਂ ‘ਚ ਜਿਉਂ ਹੀ ਨਾਥਾ ਅਮਲੀ ਵੱਡੇ ਦਿਨ ਸੱਥ ‘ਚ ਆਇਆ ਤਾਂ ਬਾਬਾ ਹੁਕਮ ਸਿਉਂ ਅਮਲੀ ਨੂੰ ਕਹਿੰਦਾ, “ਅਮਲੀਆ ਅੱਜ ਚਿੱਟਾ ਦਿਨ ਈਂ ਚੜ੍ਹਾਅ ਆਇਐਂ ਓਏ, ਕੀ ਗੱਲ ਜਾਗ ਜੂਗ ਨ੍ਹੀ ਆਈ ਕੁ ਕਿਤੇ ਹੋਰ ਉਠ ਗਿਆ ਸੀ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, “ਅੱਜ ਕੱਲ੍ਹ ਵੈਦਗੀ ਕਰਦਾ ਇਹੇ।”
ਸੱਥ ਵਾਲੇ ਥੜ੍ਹੇ ‘ਤੇ ਲੱਤਾਂ ਲਮਕਾਈ ਬੈਠਾ ਗਰਜਾ ਠੇਕੇਦਾਰ ਪਿੱਛੇ ਬੈਠੇ ਮਰਾਸੀ ਵੱਲ ਨੂੰ ਮੂੰਹ ਭਮਾਕੇ ਕਹਿੰਦਾ, “ਕਾਹਦਾ ਵੈਦ ਬਣ ਗਿਆ ਸੀਤਾ ਸਿਆਂ ਇਹੇ?”
ਬਾਬਾ ਹੁਕਮ ਸਿਉਂ ਗਰਜੇ ਠੇਕੇਦਾਰ ਨੂੰ ਕਹਿੰਦਾ, “ਚਹੇਡਾਂ ਕਰਦੇ ਐ ਅਮਲੀ ਨੂੰ ਇਹੇ। ਵੈਦ ਕਾਹਦਾ ਬਣਨਾ ਸੀ ਇਹਨੇ। ਆਵਦੀ ਕੁੱਤੇ ਖੰਘ ਤਾਂ ਏਹਤੋਂ ਹਜੇ ਤੱਕ ਨ੍ਹੀ ਹਟੀ। ਛੀ ਮਹੀਨੇ ਹੋ ਗੇ ਖਊਂ-ਖਊਂ ਕਰਦੇ ਨੂੰ। ਕਰਦਾ ਵੈਦਗੀ ਇਹੇ। ਐਨਾ ਕੁ ਤਾਂ ਜਰੂਰ ਹੈਗਾ ਬਈ ਹਰੇਕ ਮਰਜ ਆਲੇ ਘਰੇ ਬਮਾਰ ਠਮਾਰ ਦਾ ਪਤਾ ਜਰੂਰ ਲੈਣ ਜਾਂਦਾ। ਏਨੇ ਨਾਲ ਬਮਾਰ ਦਾ ਦੁੱਖ ਅੱਧਾ ਰਹਿ ਜਾਂਦਾ। ਇਹ ਪਤੰਦਰ ਹੋਰ ਈ ਗੱਲਾਂ ਬਣਾਈ ਜਾਂਦੇ ਐ। ਵੈਦ ਨਾਹ ਬਣ ਗਿਆ ਇਹੇ ਢੁੱਡੀਕਿਆਂ ਆਲਾ ਪੜਭੂੰਜਾ, ਬਈ ਫੂਕ ਮਾਰੇ ਤੋਂ ਤਾਪ ਲਾਹ ਦਿੰਦਾ।”
ਸੀਤਾ ਮਰਾਸੀ ਕਹਿੰਦਾ, “ਚਾਹ ਦਾ ਮਾਰਾ ਜਾਂਦਾ ਅਗਲੇ ਦੇ ਘਰੇ, ਹੋਰ ਜਾਂਦਾ ਇਹੇ ਪਤੇ ਨੂੰ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਮਰਾਸੀ ਨੂੰ ਭੁੱਖੀ ਬਾਂਦਰੀ ਵਾਂਗੂੰ ਪਿਆ ਭੱਜ ਕੇ, “ਪਹਿਲਾਂ ਤਾਂ ਤੂੰ ਦੱਸ ਖਾਂ ਓਏ ਤੇਰੇ ਘਰੋਂ ਕਿੰਨ੍ਹੇ ਕੁ ਵਾਰੀ ਨੇਕੜੂ ਪੀਤਾ? ਸਾਲੀ ਮੰਗ ਖਾਣੀ ਜਾਤ ਨਾ ਹੋਵੇ ਤਾਂ।”
ਅਮਲੀ ਨੂੰ ਹਰਖਿਆ ਵੇਖ ਕੇ ਬਾਬੇ ਹੁਕਮ ਸਿਉਂ ਨੇ ਅਮਲੀ ਨੂੰ ਪਲੋਸਿਆ, “ਓ ਚੁੱਪ ਬਈ ਚੁੱਪ, ਐਮੇਂ ਨ੍ਹੀ ਗੁੱਸੇ ਹੋਈਦਾ ਹੁੰਦਾ। ਸੱਥ ‘ਚ ਕਿਤੇ ਯਾਰ ਆਪਾਂ ਲੜਣ ਆਉਣੇਂ ਆਂ। ਤੂੰ ਤਾਂ ਅਮਲੀਆ ਉਈਂ ਲੀੜਿਆਂ ਤੋਂ ਬਾਹਰ ਹੋ ਗਿਐਂ। ਨਾਲੇ ਆਪਾਂ ਕਿਹੜਾ ਕੁਸ ਵੰਡਣੈ ਲੜ ਕੇ। ਨਾ ਮੇਰਾ ਸ਼ੇਰ, ਜੱਗ ਬੀਤੀ ਸਣਾ ਕੋਈ।”
ਬਾਬੇ ਨੇ ਮੁਸ਼ਕਣੀਆਂ ਹੱਸਦਿਆਂ ਸੀਤੇ ਮਰਾਸੀ ਨੂੰ ਵੀ ਪਿਆਰ ਨਾਲ ਘੂਰਿਆ, “ਚੁੱਪ ਕਰ ਓਏ ਮੀਰ, ਐਮੇ ਨ੍ਹੀ ਬਹੁਤਾ ਬੋਲੀ ਦਾ ਹੁੰਦਾ। ਤੂੰ ਵੀ ਕਦੇ ਕਦੇ ਬਿਨਾਂ ਗੱਲੋਂ ਈਂ ਲੀਹੋਂ ਲਹਿ ਜਾਨੈਂ।”
ਮਾਹਲਾ ਨੰਬਰਦਾਰ ਬਾਬੇ ਹੁਕਮ ਸਿਉਂ ਨੂੰ ਕਹਿੰਦਾ, “ਗੱਲ ਤਾਂ ਹੁਕਮ ਸਿਆਂ ਕੋਈ ਹੈਗੀ ਐ, ਪਰ ਇਹ ਲਕੋਅ ਜਾ ਰੱਖਦੇ ਐ।”
ਬਾਬਾ ਹੁਕਮ ਸਿਉਂ ਅਮਲੀ ਨੂੰ ਕਹਿੰਦਾ, “ਕੀ ਕਹਿੰਦੇ ਐ ਅਮਲੀਆ ਇਹੇ ਓਏ?”
ਅਮਲੀ ਬੋਲਿਆ, “ਮੈਨੂੰ ਤਾਂ ਬਾਬਾ ਪਤਾ ਨ੍ਹੀ ਬਈ ਕਾਹਦੀ ਗੱਲ ਕਰਦੇ ਐ ਇਹੇ?”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, “ਪਤਾ ਕਿਉਂ ਨ੍ਹੀ ਓਏ। ਐਮੇਂ ਤਾਂ ਨ੍ਹੀ ਤਿੰਨ ਦਿਨ ਹੋ ਗੇ ਵਹਿਮੀਆਂ ਦੇ ਬੁੜ੍ਹੇ ਅਰਜੂ ਦੇ ਸਰ੍ਹਾਣੇ ਬਹਿੰਦੇ ਨੂੰ, ਕੋਈ ਨਾ ਕੋਈ ਤਾਂ ਗੱਲ ਹੈਗੀ ਐ। ਵੈਦਗੀ ਆਲੀ ਗੱਲ ਮੈਂ ਤਾਂ ਕਹੀ ਸੀ ਬਈ ਬੁੜ੍ਹਾ ਅਰਜੂ ਛੀਆਂ ਸੱਤਾਂ ਦਿਨਾਂ ਦਾ ਬਮਾਰ ਐ, ਇਹ ਨਿੱਤ ਈ ਓਹਦੇ ਸਰ੍ਹਾਣੇ ਜਾ ਕੇ ਬਹਿ ਜਾਂਦਾ ਜਿਮੇਂ ਗਾਹਾਂ ਕਿਤੇ ਫਤਹਿਗੜ੍ਹ ਪੰਜਤੂਰ ਆਲਾ ਨੰਦੂ ਵੈਦ ਹੁੰਦਾ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਬਾਬਾ ਹੁਕਮ ਸਿਉਂ ਅਮਲੀ ਵੱਲ ਨੂੰ ਹੋਇਆ, “ਗੱਲ ਤਾਂ ਅਮਲੀਆ ਕੋਈ ਖਾਸ ਈ ਲੱਗਦੀ ਐ। ਮੈਂ ਵੀ ਇੱਕ ਦਿਨ ਅਰਜੂ ਦੇ ਵੱਡੇ ਮੁੰਡੇ ਮਿੱਠੂ ਨੂੰ ਪੁੱਛਦਾ-ਪੁੱਛਦਾ ਈ ਰਹਿ ਗਿਆ ਬਈ ਘਰੇ ਪਿੰਡ ਦੇ ਲੋਕਾਂ ਦਾ ਆਉਣਾ ਜਾਣਾ ਕਿਉਂ ਐਂ ਐਨਾ?”
ਬੁੱਘਰ ਦਖਾਣ ਕਹਿੰਦਾ, “ਇਹ ਤਾਂ ਸਾਰੇ ਪਿੰਡ ਨੂੰ ਪਤਾ ਬਾਬਾ ਗੱਲ ਦਾ ਬਈ ਅਰਜੂ ਦੀ ਕੀ ਗੱਲ ਐ? ਨਾਲੇ ਅਮਲੀ ਨੂੰ ਤਾਂ ਸਾਰੀ ਕਹਾਣੀ ਦਾ ਪਤਾ।”
ਬਾਬਾ ਹੁਕਮ ਸਿਉਂ ਅਮਲੀ ਨੂੰ ਕਹਿੰਦਾ, “ਕੀ ਗੱਲ ਐ ਅਮਲੀਆ? ਦੱਸ ਖਾਂ ਯਾਰ।”
ਅਮਲੀ ਕਹਿੰਦਾ, “ਗੱਲ ਤਾਂ ਬਾਬਾ ਇਉਂ ਦੱਸਦੇ ਐ। ਕਹਿੰਦੇ ਇਹ ਅਰਜੂ ਬੁੜ੍ਹਾ ਕਿਤੇ ਇੱਕ ਦਿਨ ਆਪਣੇ ਪਿੰਡ ਆਲੇ ਬ੍ਰਿਜ ਪੰਡਤ ਕੋਲੇ ਹੱਥ ਵਖਾਉਣ ਉਠ ਗਿਆ। ਬਾਹਮਣ ਨੇ ਕਿਤੇ ਬੁੜ੍ਹੇ ਨੂੰ ਕਹਿ ‘ਤਾ ਬਈ ਤੂੰ ਪਰਸੋਂ ਚੌਥੇ ਫਲਾਨੀ ਤਰੀਕ ਨੂੰ ਆਥਣ ਦੇ ਸਾਢੇ ਚਾਰ ਵਜੇ ਮਰ ਜਾਣੈ। ਘਰੇ ਆ ਕੇ ਬੁੜ੍ਹਾ ਫਿਕਰਾਂ ‘ਚ ਪੈ ਗਿਆ। ਸਾਰੀ ਰਾਤ ਬੁੜ੍ਹੇ ਨੂੰ ਨੀਂਦ ਨਾ ਆਈ। ਅਗਲੇ ਦਿਨ ਤੜਕੇ ਉਠਦਿਆਂ ਈ ਬੁੜ੍ਹੇ ਨੇ ਟੱਬਰ ਨੂੰ ਆਵਦੀ ਮਰਨ ਦੀ ਹੀਰ ਸਣਾਉਣੀ ਸ਼ੁਰੂ ਕਰ ‘ਤੀ। ਬੁੜ੍ਹੇ ਦੇ ਦੋ ਮੁੰਡੇ ਤਾਂ ਖੇਤ ਦਾ ਕੰਮ ਕਰਨ ਜਾਣ ਦੀ ਤਿਆਰੀ ਕਰੀ ਜਾਣ ਬਈ ਖੇਤ ਜਾ ਕੇ ਫਲਾਨਾ ਕੰਮ ਕਰਨਾ ਤੇ ਬੁੜ੍ਹਾ ਆਵਦੇ ਵੱਡੇ ਮੁੰਡੇ ਮਿੱਠੂ ਨੂੰ ਕਹਿੰਦਾ ‘ਮਿੱਠੇ! ਖੇਤ ਜਾਣ ਤੋਂ ਪਹਿਲਾਂ ਪੁੱਤ ਮੇਰੀ ਗੱਲ ਸੁਣ ਜਾ ਬਹਿ ਕੇ। ਤੁਸੀਂ ਖੇਤ ਬੰਨੇ ਦਾ ਕੰਮ ਮਗਰੋਂ ਕਰ ਲਿਓ, ਪਹਿਲਾਂ ਲੱਕੜਾਂ ਦਾ ਬੰਦੋਬਸਤ ਕਰ ਲੋ ਮੇਰੇ ਵਾਸਤੇ। ਫੇਰ ਮੌਕੇ ‘ਤੇ ਇਹੋ ਜੇ ਕੰਮ ਛੇਤੀ ਹੁੰਦੇ ਨ੍ਹੀ। ਮੈਨੂੰ ਬ੍ਰਿਜ ਪੰਡਤ ਨੇ ਦੱਸਿਆ ਬਈ ਤੇਰੇ ਮਰਨ ‘ਚ ਦੋ ਚਾਰ ਦਿਨ ਈ ਰਹਿੰਦੇ ਐ। ਉਹਨੇ ਪੱਕਾ ਦਿਨ ਤੇ ਪੂਰਾ ਟੈਮ ਦੱਸਿਆ ਵਿਆ ਮਰਨ ਦਾ’। ਅਕੇ ਮੁੰਡਾ ਕਹਿੰਦਾ ‘ਪਹਿਲਾਂ ਮਰ ਤਾਂ ਲੈ, ਫੇਰ ਲੱਕੜ ਤਿੰਬੜ ਸਭ ਕੁਸ ‘ਕੱਠਾ ਕਰ ਦਿਆਂਗੇ’। ਵੱਡਾ ਮੁੰਡਾ ਮਿੱਠੂ ਤੇ ਸਾਰਿਆਂ ਤੋਂ ਛੋਟਾ ਘੋਚੀ ਤਾਂ ਖੇਤ ਨੂੰ ਉਠ ਗੇ। ਫੇਰ ਵਚਾਲੜੇ ਮੁੰਡੇ ਨੂੰ ਬੁੜ੍ਹਾ ਸੱਦ ਕੇ ਕਹਿੰਦਾ ‘ਸੁੱਖੇ! ਪੁੱਤ ਓਏ ਆਵਦੀਆਂ ਭੈਣਾਂ ਨੂੰ ਸੱਦ ਲੋ, ਨਾਲੇ ਆਵਦੀ ਭੂਆ ਨੂੰ ਸਨੇਹਾ ਘੱਲ ਦਿਓ ਬਈ ਬਾਪੂ ਦੇ ਮਰਨ ‘ਚ ਦੋ ਚਾਰ ਦਿਨ ਈ ਰਹਿ ਗੇ ਤੁਸੀਂ ਆ ਜੋ’। ਤੇਰੀ ਬੀਕਾਨੇਰ ਆਲੀ ਭੂਆ ਨੂੰ ਤਾਂ ਦੂਰ ਦੀ ਵਾਟ ਕਰਕੇ ਆਉਂਦੀ ਨੂੰ ਵੀ ਕਈ ਦਿਨ ਲੱਗ ਜਾਣੇ ਐ। ਨਾਲੇ ਆਵਦੀ ਬੇਬੇ ਨੂੰ ਕਹਿ ਕਿ ਲਾਲ ਦਰਜੀ ਨੂੰ ਸੱਦ ਲਿਆਵੇ। ਟੈਮ ਸਿਰ ਮੇਰਾ ਝੱਗੇ ਸੁੱਥੂ ਸਿਉਂ ਦੂ। ਇਹ ਦਰਜੀ ਵੀ ਲੀੜਾ ਲੱਤਾ ਟੈਮ ਸਿਰ ਨ੍ਹੀ ਦਿੰਦੇ ਹੁੰਦੇ’। ਸੁੱਖਾ ਕਹਿੰਦਾ ‘ਕੋਈ ਨ੍ਹੀ ਬਾਪੂ ਸੱਦ ਲੈਨੇਂ ਆਂ’। ਬੁੜ੍ਹੇ ਨੂੰ ਰੌਲ਼ਾ ਪਾਉਂਦੇ ਨੂੰ ਤਿੰਨ ਚਾਰ ਦਿਨ ਨੰਘ ਗੇ। ਜਦੋਂ ਕਿਤੇ ਬੁੜ੍ਹੇ ਦੇ ਮਰਨ ਦਾ ਬ੍ਰਿਜ ਬਾਹਮਣ ਵੱਲੋਂ ਦੱਸਿਆ ਵਿਆ ਦਿਨ ਆ ਗਿਆ ਤਾਂ ਬੁੜ੍ਹਾ ਬਜਵਾੜਾਂ ਆਲੇ ਖੇਤ ਪੈ ਗਿਆ ਜਾ ਕੇ। ਬੁੜ੍ਹਾ ਘੜੀ ਵੱਲ ਵੇਖੀ ਜਾਵੇ ਬਈ ਕਦੋਂ ਸਾਢੇ ਚਾਰ ਵੱਜਣਗੇ ਤੇ ਕਦੋਂ ਮੈਂ ਮਰੂੰਗਾ। ਜਦੋਂ ਸਾਡੇ ਚਾਰ ਵੱਜ ਗੇ ਤਾਂ ਅਰਜੂ ਬੁੜ੍ਹੇ ਨੂੰ ਵਹਿਮ ਹੋ ਗਿਆ ਬਈ ਜਮਦੂਤ ਕਿਤੇ ਮੈਨੂੰ ਘਰੇ ਨਾ ਭਾਲਣ ਉਠ ਗੇ ਹੋਣ। ਬੁੜ੍ਹਾ ਸੋਚਾਂ ਸੋਚਦਾ ਚੁੱਪ ਕਰਕੇ ਖੇਤ ਮੰਜੇ ‘ਤੇ ਪਿਆ ਰਿਹਾ। ਓਧਰੋਂ ਕਿਤੇ ਪੱਠੇ ਦੱਥੇ ਖੋਤਣ ਆਲੀਆਂ ਪਿੰਡ ਦੀਆਂ ਪੰਜ ਛੀ ਬੁੜ੍ਹੀਆਂ ਪੱਠੇ ਦੱਥੇ ਖੋਤ ਕੇ ਪੰਡਾਂ ਬੰਨ੍ਹੀ ਬੈਠੀਆਂ ਸੀ। ਜਦੋਂ ਉਹ ਘਰ ਨੂੰ ਜਾਣ ਲੱਗੀਆਂ ਤਾਂ ਉਨ੍ਹਾਂ ਨੇ ਇੱਕ ਦੂਜੀ ਨੂੰ ਪੱਠਿਆਂ ਆਲੀਆਂ ਪੰਡਾ ਸਿਰ ‘ਤੇ ਚਕਾ ‘ਤੀਆਂ ਤੇ ਜਿਹੜੀ ਮਗਰਲੀ ਰਹਿ ਗੀ, ਉਹ ਅਰਜੂ ਬੁੜ੍ਹੇ ਨੂੰ ਕਹਿੰਦਾ ‘ਬਾਬਾ! ਪੰਡ ਚਕਾਈਂ ਆ ਕੇ’। ਬੁੜ੍ਹਾ ਕਹਿੰਦਾ ‘ਮੈਨੂੰ ਤਾਂ ਭਾਈ ਮਰੇ ਨੂੰ ਅੱਧਾ ਘੈਂਟਾ ਹੋ ਗਿਆ’। ਦੂਜੀਆਂ ਸਿਰਾਂ ‘ਤੇ ਪੰਡਾਂ ਚੱਕੀ ਖੜ੍ਹੀਆਂ ਕਹਿੰਦੀਆਂ ‘ਬੋਲੀ ਤਾਂ ਜਾਨੈਂ ਬਾਬਾ ਤੂੰ, ਨਾਲੇ ਝਾਕੀ ਜਾਨੈਂ, ਦਿਲ ਵੀ ਤੇਰਾ ਪੂਰਾ ਈ ਬੁੜ੍ਹਕਦਾ ਲੱਗਦਾ। ਮਰ ਕਿੱਥੋਂ ਗਿਐਂ ਤੂੰ’? ਅਕੇ ਬੁੜ੍ਹਾ ਕਹਿੰਦਾ ‘ਅੱਖਾਂ ਵੀ ਹੌਲੀ ਹੌਲੀ ਮਿਚਦੀਆਂ ਜਾਂਦੀਆਂ, ‘ਵਾਜ ਵੀ ਮੇਰੀ ਅੱਗੇ ਨਾਲੋਂ ਬਹਿ ਗੀ। ਜਿਹੜੀ ਦਿਲ ਦੀ ਫੜਕਣ ਦੀ ਗੱਲ ਕਰਦੀਆਂ ਤੁਸੀਂ, ਇਹਦੀ ਵੀ ਸ਼ਪੀਟ ਹੌਲੀ ਹੋ ਗੀ ਐ ਅੱਗੇ ਨਾਲੋਂ। ਨਾਲੇ ਸਾਹ ਤਾਂ ਮੇਰੇ ਜਮਦੂਤ ਕੱਢ ਕੇ ਲੈ ਗੇ। ਉਹ ਸਾਡੇ ਘਰੇ ਗਏ ਵੇ ਐ ਦੱਸਣ ਬਈ ਅਸੀਂ ਅਰਜੂ ਨੂੰ ਲੈ ਕੇ ਜਾਨੇ ਆਂ, ਤੁਸੀਂ ਫਿਕਰ ਨਾ ਕਰਿਓ। ਮੈਂ ਤਾਂ ਹੁਣ ਜਮਦੂਤਾਂ ਨੂੰ ‘ਡੀਕਦਾਂ। ਸਾਹ ਸੂਹ ਹੈਨੀ ਮੇਰੇ ‘ਚ’। ਜਦੋਂ ਬਾਬਾ ਬੁੜ੍ਹੀਆਂ ਨੇ ਅਰਜੂ ਤੋਂ ਇਹ ਗੱਲਾਂ ਸੁਣੀਆਂ ਤਾਂ ਬੁੜ੍ਹੀਆਂ ਨੇ ਅਰਜੂ ਕੇ ਘਰੇ ਦੱਸ ‘ਤਾ ਜਾ ਕੇ ਬਈ ਸੋਡਾ ਬੁੜ੍ਹਾ ਖੇਤ ਪਿਆ ਇਉਂ ਕਹੀ ਜਾਂਦਾ। ਫੇਰ ਕਿਤੇ ਮੁੰਡਿਆਂ ਨੂੰ ਦੂਜੇ ਖੇਤੋਂ ਲਿਆਂਦਾ ਸੱਦਕੇ, ਉਹ ਜਾ ਕੇ ਅਰਜੂ ਨੂੰ ਖੇਤੋਂ ਲਿਆਏ। ਹੁਣ ਘਰੇ ਪਿਆ। ਕੁਸ ਖਾਂਦਾ ਨ੍ਹੀ ਪੀਂਦਾ ਨ੍ਹੀ। ਕਹਿੰਦਾ ਮੁੰਡੇ ਮੇਰੇ ਮਰਨ ਦਾ ਸੀਹਧਾ ਪੱਤਾ ਨ੍ਹੀ ਲਿਆ ਕੇ ਰੱਖਦੇ। ਮੈਂ ਤਾਂ ਬਾਬਾ ਇਉਂ ਜਾਨੈਂ ਅਰਜੂ ਕੇ ਘਰੇ ਉਹਦਾ ਪਤਾ ਲੈਣ। ਹੋਰ ਮੈਂ ਕਿਹੜਾ ਦਰਜੀ ਆਂ ਬਈ ਚੋਲ਼ੇ ਦਾ ਮੇਚ ਲੈਣ ਗਿਆ ਸੀ।”
ਗੱਲ ਸੁਣੀ ਜਾਂਦਾ ਹਰੀ ਸਿਉਂ ਸੂਬੇਦਾਰ ਕਹਿੰਦਾ, “ਫੇਰ ਤਾਂ ਸੰਤੋਖੇ ਗੱਪੀ ਆਲੀ ਹੋਈ ਅਰਜੂ ਨਾਲ ਵੀ, ਹੈਂਅ।”
ਅਮਲੀ ਕਹਿੰਦਾ, “ਉਹ ਕਿਮੇਂ ਫੌਜੀਆ?”
ਸੂਬੇਦਾਰ ਕਹਿੰਦਾ, “ਕੇਰਾਂ ਸੰਤੋਖੇ ਗੱਪੀ ਨੂੰ ਵੀ ਇੱਕ ਤੁਰਿਆ ਫਿਰਦਾ ਪਾਹਦਾ ਦੱਸ ਗਿਆ ਬਈ ਮੌਤ ਤੈਨੂੰ ਭਾਲਦੀ ਫਿਰਦੀ ਐ। ਤੂੰ ਆਉਂਦੇ ਐਤਵਾਰ ਨੂੰ ਮਰ ਜਾਣੈਂ। ਜਦੋਂ ਬਾਹਮਣ ਉਠ ਗਿਆ ਤਾਂ ਸੰਤੋਖਾ ਆਵਦੀ ਬੇਬੇ ਆਲੇ ਸੰਦੂਖ ‘ਚ ਵੜ ਕੇ ਬਹਿ ਗਿਆ। ਅੱਧੀ ਰਾਤ ਨੂੰ ਨੇਰ੍ਹੇ-ਨੇਰ੍ਹੇ ਜੰਗਲ ਪਾਣੀ ਜਾ ਆਇਆ ਕਰੇ। ਫੇਰ ਆਕੇ ਸੰਦੂਖ ‘ਚ ਵੜ ਜਿਆ ਕਰੇ। ਜਦੋਂ ਐਤਵਾਰ ਨੰਘ ਗਿਆ ਤਾਂ ਬਾਹਰ ਨਿੱਕਲ ਕੇ ਕਹਿੰਦਾ ‘ਆਹ ਫਿਰਦਾ ਸੰਤੋਖ ਸਿਉਂ ਜਿਉਂਦਾ, ਮੈਂ ਮੌਤ ਨੂੰ ਥਿਆਇਆ ਈ ਨ੍ਹੀ’। ਉਹ ਗੱਲ ਅਰਜੂ ਦੀ ਐ।”
ਬਾਬਾ ਹੁਕਮ ਸਿਉਂ ਅਮਲੀ ਨੂੰ ਕਹਿੰਦਾ, “ਹੁਣ ਫੇਰ ਕੀ ਹਾਲ ਐ ਅਮਲੀਆ ਅਰਜੂ ਦਾ ਬਈ?”
ਅਮਲੀ ਕਹਿੰਦਾ, “ਚਰਨ ਡਾਕਦਾਰ ਤੋਂ ਤਾਕਤ ਦੇ ਸੂਏ ਲੁਆਉਂਦਾ ਹੁਣ ਬਈ ਸਰੀਰ ਮਾੜੀ ਮੋਟੀ ਤਾਕਤ ਫੜੇ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, “ਤੌੜੀ ਆਲੇ ਦੁੱਧ ‘ਚ ਘਿਉ ਪਾ ਕੇ ਦੇਣ, ਸੂਏ ਕੀ ਕਰਨਗੇ ਜਿੱਥੇ ਦੁੱਧ ਨੇ ਤਾਕਤ ਦੇਣੀ ਐਂ।”
ਏਨੇ ਚਿਰ ਨੂੰ ਸੱਥ ਕੋਲ ਦੀ ਲੰਘੇ ਜਾਂਦੇ ਅਰਜੂ ਦੇ ਮੁੰਡੇ ਸੁੱਖੇ ਨੂੰ ਬਾਬੇ ਹੁਕਮ ਸਿਉਂ ਨੇ ਪੁੱਛਿਆ, “ਓ ਤੇਰੇ ਬਾਪੂ ਦਾ ਕੀ ਹਾਲ ਮੁੰਡਿਆ?”
ਸੁੱਖਾ ਤੁਰਿਆ ਜਾਂਦਾ ਬੋਲਿਆ, “ਊਂ ਤਾਂ ਠੀਕ ਐ, ਪਰ ਮਰਨ ਦਾ ਵਹਿਮ ਜਾ ਕਰੀ ਜਾਂਦਾ ਬਈ ਹੁਣ ਕਦੋਂ ਮਰੂੰਗਾ ਮੈਂ?”
ਅਮਲੀ ਸੁੱਖੇ ਨੂੰ ਕਹਿੰਦਾ, “ਹੁਣ ਤੂੰ ਫੇਰ ਬ੍ਰਿਜ ਬਾਹਮਣ ਤੋਂ ਪੁੱਛਣ ਜਾਨੈਂ ਬਈ ਬਾਪੂ ਪੁੱਛਦਾ ਕਦੋਂ ਮਰੂੰਗਾ ਮੈਂ? ਓਹਨੂੰ ਹੌਂਸਲਾ ਦਿਉ ਬਈ ਪਾਖੰਡੀਆਂ ਨੂੰ ਕਿਸੇ ਬਾਰੇ ਕੀ ਪਤਾ ਬਈ ਕੀਹਨੇ ਕਦੋਂ ਮਰਨੈਂ। ਤੁਸੀ ਵੀ ਪਤੰਦਰੋ ਬਾਹਮਣਾ ਵੱਲ ਨੂੰ ਭੱਜ ਲੇ।”
ਸੁੱਖਾ ਤਾਂ ਸੱਥ ਕੋਲ ਦੀ ਪਿੰਡ ‘ਚ ਨੂੰ ਲੰਘ ਗਿਆ, ਬਾਬਾ ਹੁਕਮ ਸਿਉਂ ਕਹਿੰਦਾ, “ਚੱਲੋ ਯਾਰ ਆਪਾਂ ਚੱਲ ਕੇ ਅਰਜੂ ਦੇ ਖਾਨੇ ‘ਚ ਕੋਈ ਅਕਲ ਦੀ ਗੱਲ ਪਾਈਏ, ਚੱਲੋ ਉੱਠੋ ਚੱਲੀਏ।” ਬਾਬੇ ਦੀ ਗੱਲ ਸੁਣ ਕੇ ਸੱਥ ਵਾਲੇ ਸਾਰੇ ਹੀ ਅਰਜੂ ਬੁੜ੍ਹੇ ਦੇ ਘਰ ਨੂੰ ਉਹਦਾ ਪਤਾ ਲੈਣ ਚੱਲ ਪਏ।

