ਪੈਰਾਮਾਊਂਟ ਨੇ 30 ਡਾਲਰ ਪ੍ਰਤੀ ਸ਼ੇਅਰ ਜਦਕਿ ਨੈੱਟਫਲਿਕਸ 27.75 ਡਾਲਰ ਪ੍ਰਤੀ ਸ਼ੇਅਰ ਦੀ ਕੀਤੀ ਸੀ ਪੇਸ਼ਕਸ਼
ਸਰੀ, (ਦਿਵਰੂਪ ਕੌਰ): ਵਾਰਨਰ ਬ੍ਰਦਰਜ਼ ਡਿਸਕਵਰੀ (ਡਬਲਿਊਬੀਡੀ) ਨੇ ਆਪਣੇ ਸ਼ੇਅਰਹੋਲਡਰਾਂ ਨੂੰ ਪੈਰਾਮਾਊਂਟ ਸਕਾਈਡਾਂਸ ਦੀ ਟੇਕਓਵਰ ਬਿਡ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਕੰਪਨੀ ਨੇ ਸ਼ੇਅਰਹੋਲਡਰਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਬੋਰਡ ਨੈੱਟਫਲਿਕਸ ਦੀ ਬਿਡ ਨੂੰ ਬਿਹਤਰ ਮੰਨਦਾ ਹੈ ਤੇ ਪੈਰਾਮਾਊਂਟ ਦੀ ਬਿਡ ਨੂੰ “ਘਟੀਆ ਤੇ ਭਰਮ ਪੈਦਾ ਕਰਨ ਵਾਲੀ” ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਪੈਰਾਮਾਊਂਟ ਨੇ ਪਿਛਲੇ ਹਫ਼ਤੇ ਹੌਸਟਾਈਲ ਬਿਡ ਲਾਂਚ ਕੀਤੀ ਸੀ ਤੇ ਸਿੱਧੇ ਸ਼ੇਅਰਹੋਲਡਰਾਂ ਨੂੰ ਅਪੀਲ ਕੀਤੀ ਕਿ ਵਾਰਨਰ ਬੋਰਡ ਵੱਲੋਂ ਪਸੰਦ ਕੀਤੇ ਨੈੱਟਫਲਿਕਸ ਡੀਲ ਨੂੰ ਰੱਦ ਕਰਨ। ਪੈਰਾਮਾਊਂਟ ਪ੍ਰਤੀ ਵਾਰਨਰ ਸ਼ੇਅਰ 30 ਡਾਲਰ ਦੀ ਪੇਸ਼ਕਸ਼ ਕਰ ਰਿਹਾ ਹੈ, ਜਦਕਿ ਨੈੱਟਫਲਿਕਸ 27.75 ਡਾਲਰ ਦੀ ਬਿਡ ਕਰ ਰਿਹਾ ਹੈ। ਕਿਸੇ ਵੀ ਕੰਪਨੀ ਨਾਲ ਮਰਜਰ ਹਾਲੀਵੁੱਡ ਦੇ ਨਕਸ਼ੇ ਨੂੰ ਬਦਲ ਦੇਵੇਗਾ ਤੇ ਅਮਰੀਕੀ ਰੈਗੂਲੇਟਰਾਂ ਤੋਂ ਸਖ਼ਤ ਜਾਂਚ ਦਾ ਸਾਹਮਣਾ ਕਰੇਗਾ। ਨੈੱਟਫਲਿਕਸ ਡੀਲ ਵਿੱਚ ਵਾਰਨਰ ਦੇ ਕੇਬਲ ਆਪਰੇਸ਼ਨ (ਸੀਐੱਨਐੱਨ ਤੇ ਡਿਸਕਵਰੀ ਸਮੇਤ) ਸ਼ਾਮਲ ਨਹੀਂ ਹਨ, ਜਦਕਿ ਪੈਰਾਮਾਊਂਟ ਪੂਰੀ ਕੰਪਨੀ ਖਰੀਦਣਾ ਚਾਹੁੰਦਾ ਹੈ। ਨੈੱਟਫਲਿਕਸ ਡੀਲ ਵਾਰਨਰ ਦੇ ਕੇਬਲ ਬਿਜ਼ਨੈੱਸ ਨੂੰ ਵੱਖ ਕਰਨ ਤੋਂ ਬਾਅਦ ਪੂਰੀ ਹੋਵੇਗੀ। ਪੈਰਾਮਾਊਂਟ ਨੇ ਦਾਅਵਾ ਕੀਤਾ ਕਿ ਉਸ ਨੇ ਵਾਰਨਰ ਨੂੰ ਛੇ ਵੱਖਰੀਆਂ ਬਿਡਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। 5 ਦਸੰਬਰ ਨੂੰ ਨੈੱਟਫਲਿਕਸ ਡੀਲ ਐਲਾਨਣ ਤੋਂ ਬਾਅਦ ਹੀ ਪੈਰਾਮਾਊਂਟ ਨੇ ਸਿੱਧੇ ਸ਼ੇਅਰਹੋਲਡਰਾਂ ਵੱਲ ਪਹੁੰਚ ਕੀਤੀ ਸੀ। ਨੈੱਟਫਲਿਕਸ ਡੀਲ ਦੇ ਵਿਰੋਧੀਆਂ ਨੇ ਕਿਹਾ ਕਿ ਨੈੱਟਫਲਿਕਸ ਤੇ ਵਾਰਨਰ ਦਾ ਐੱਚਬੀਓ ਮੈਕਸ ਮਿਲ ਕੇ ਸਟ੍ਰੀਮਿੰਗ ਮਾਰਕੀਟ ਵਿੱਚ ਬਹੁਤ ਵੱਡੀ ਹਕੂਮਤ ਕਾਇਮ ਕਰ ਲਵੇਗਾ, ਜਦਕਿ ਪੈਰਾਮਾਊਂਟ ਪਲੱਸ ਬਹੁਤ ਛੋਟਾ ਹੈ। ਨੈੱਟਫਲਿਕਸ ਦੇ ਕੋ-ਸੀਈਓ ਗ੍ਰੈਗ ਪੀਟਰਜ਼ ਤੇ ਟੈੱਡ ਸਾਰੈਂਡੋਸ ਨੇ ਕਿਹਾ ਕਿ ਇਹ ਐਂਟਰਟੇਨਮੈਂਟ ਇੰਡਸਟਰੀ ਲਈ ਜਿੱਤ ਹੈ। ਪੈਰਾਮਾਊਂਟ ਡੀਲ ਨਾਲ ਸੀਬੀਐੱਸ ਤੇ ਸੀਐੱਨਐੱਨ ਇੱਕੋ ਛੱਤ ਹੇਠ ਆ ਜਾਣਗੇ, ਜੋ ਮੀਡੀਆ ਕੰਸਾਲੀਡੇਸ਼ਨ ਵਧਾਏਗਾ ਤੇ ਐਡੀਟੋਰੀਅਲ ਕੰਟਰੋਲ ਤੇ ਸਵਾਲ ਉਠਾਏਗਾ। ਪੈਰਾਮਾਊਂਟ ਦੀ ਬਿਡ ਵਿੱਚ ਸਾਊਦੀ ਅਰੇਬੀਆ, ਅਬੂ ਧਾਬੀ ਤੇ ਕਤਰ ਦੇ ਵਿਦੇਸ਼ੀ ਫੰਡ ਵੀ ਸ਼ਾਮਲ ਹਨ। ਟਰੰਪ ਦੇ ਜਵਾਈ ਜੈਰਡ ਕੁਸ਼ਨਰ ਦੀ ਫਰਮ ਨੇ ਵੀ ਸ਼ੁਰੂ ਵਿੱਚ ਸਮਰਥਨ ਦਿੱਤਾ ਸੀ ਪਰ ਮੰਗਲਵਾਰ ਨੂੰ ਵਾਪਸ ਲੈ ਲਿਆ।
ਵਾਰਨਰ ਨੇ ਕਿਹਾ ਕਿ ਨੈੱਟਫਲਿਕਸ ਬਿਡ ਵਧੇਰੇ ਮਜ਼ਬੂਤ ਹੈ – ਕੋਈ ਵਿਦੇਸ਼ੀ ਫੰਡ ਨਹੀਂ, ਕੋਈ ਸਟਾਕ ਕੋਲੈਟਰਲ ਨਹੀਂ ਤੇ ਨੈੱਟਫਲਿਕਸ ਦੀ 400 ਅਰਬ ਡਾਲਰ ਮਾਰਕੀਟ ਕੈਪ ਤੇ ਮਜ਼ਬੂਤ ਬੈਲੈਂਸ ਸ਼ੀਟ ਹੈ। ਪੈਰਾਮਾਊਂਟ ਦੀ ਬਿਡ ਵਿੱਚ “ਬਹੁਤ ਜ਼ਿਆਦਾ ਰਿਸਕ” ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਡੀਲ ਵਿੱਚ ਦਖਲ ਦੇਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਨੈੱਟਫਲਿਕਸ ਡੀਲ ਨੂੰ ਮਾਰਕੀਟ ਕੰਟਰੋਲ ਕਾਰਨ “ਸਮੱਸਿਆ” ਕਿਹਾ ਹੈ। ਟਰੰਪ ਦਾ ਪੈਰਾਮਾਊਂਟ ਸੀਈਓ ਦੇ ਪਿਤਾ ਲੈਰੀ ਐਲੀਸਨ ਨਾਲ ਨੇੜਲਾ ਸੰਬੰਧ ਹੈ। ਇਹ ਮਰਜਰ ਹਾਲੀਵੁੱਡ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ ਤੇ ਰੈਗੂਲੇਟਰੀ ਮਨਜ਼ੂਰੀ ਤੇ ਰਾਜਨੀਤੀ ਦਾ ਵੱਡਾ ਅਸਰ ਪਵੇਗਾ। This report was written by Divroop Kaur as part of the Local Journalism Initiative.

