Sunday, February 15, 2026

ਵਾਸ਼ਿੰਗਟਨ ਡੀ.ਸੀ. ਵਿੱਚ ਨੈਸ਼ਨਲ ਗਾਰਡ ਦੇ ਜਵਾਨਾਂ ’ਤੇ ਹੋਈ ਗੋਲੀਬਾਰੀ ਵਿੱਚ ਇੱਕ ਮਹਿਲਾ ਫੌਜੀ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਹਮਲਾਵਰ ਵਲੋਂ ਵੈਸਟ ਵਰਜੀਨੀਆ ਦੇ ਜਵਾਨਾਂ ’ਤੇ ਘਾਤ ਲਗਾ ਕੇ ਕੀਤਾ ਗਿਆ ਹਮਲਾ, ਜਾਂਚ ’ਚ ਜੁਟੀਆਂ ਏਜੰਸੀਆਂ
ਵਾਸ਼ਿੰਗਟਨ (ਦਿਵਰੂਪ ਕੌਰ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵ੍ਹਾਈਟ ਹਾਊਸ ਦੇ ਬਿਲਕੁਲ ਨੇੜੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਨੈਸ਼ਨਲ ਗਾਰਡ ਦੇ ਦੋ ਜਵਾਨਾਂ ‘ਤੇ ਘਾਤ ਲਗਾ ਕੇ ਕੀਤੇ ਗਏ ਹਮਲੇ ਵਿੱਚ 20 ਸਾਲਾ ਮਹਿਲਾ ਫੌਜੀ ਸਾਰਾ ਬੈਕਸਟ੍ਰੋਮ ਦੀ ਮੌਤ ਹੋ ਗਈ ਹੈ, ਜਦਕਿ ਉਸਦਾ ਸਾਥੀ 24 ਸਾਲਾ ਐਂਡਰੀਊ ਵੁਲਫ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵੈਸਟ ਵਰਜੀਨੀਆ ਦੇ ਗਵਰਨਰ ਪੈਟਰਿਕ ਮੌਰੀਸੀ ਨੇ ਵੀਰਵਾਰ ਨੂੰ ਸਾਰਾ ਦੀ ਮੌਤ ਦੀ ਪੁਸ਼ਟੀ ਕੀਤੀ। ਇਹ ਦੋਵੇਂ ਜਵਾਨ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦਾ ਹਿੱਸਾ ਸਨ ਅਤੇ ਰਾਸ਼ਟਰਪਤੀ ਦੇ ਅਪਰਾਧ ਵਿਰੋਧੀ ਮਿਸ਼ਨ ਤਹਿਤ ਅਗਸਤ ਤੋਂ ਰਾਜਧਾਨੀ ਵਿੱਚ ਤਾਇਨਾਤ ਸਨ।
ਹਮਲਾਵਰ ਦੀ ਪਛਾਣ 29 ਸਾਲਾ ਰਹਿਮਾਨੁੱਲਾ ਲਕਨਵਾਲ ਵਜੋਂ ਹੋਈ ਹੈ, ਜੋ ਕਿ ਇੱਕ ਅਫਗਾਨ ਨਾਗਰਿਕ ਹੈ। ਅਧਿਕਾਰੀਆਂ ਮੁਤਾਬਕ, ਲਕਨਵਾਲ ਨੇ ਇੱਕ “ਐਂਬੁਸ਼-ਸਟਾਈਲ” ਹਮਲੇ ਨੂੰ ਅੰਜਾਮ ਦਿੱਤਾ। ਉਹ ਵਾਸ਼ਿੰਗਟਨ ਸਟੇਟ ਤੋਂ ਕਾਰ ਚਲਾ ਕੇ ਡੀ.ਸੀ. ਪਹੁੰਚਿਆ ਅਤੇ .357 ਸਮਿਥ ਐਂਡ ਵੈਸਨ ਰਿਵਾਲਵਰ ਨਾਲ ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸੀਸੀਟੀਵੀ ਫੁਟੇਜ ਮੁਤਾਬਕ, ਉਹ ਅਚਾਨਕ ਇੱਕ ਕੋਨੇ ਤੋਂ ਬਾਹਰ ਆਇਆ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮੌਜੂਦ ਹੋਰ ਫੌਜੀਆਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਉਸਨੂੰ ਕਾਬੂ ਕਰ ਲਿਆ। ਇਸ ਦੌਰਾਨ ਲਕਨਵਾਲ ਵੀ ਜ਼ਖਮੀ ਹੋ ਗਿਆ, ਹਾਲਾਂਕਿ ਉਸਦੀ ਜਾਨ ਨੂੰ ਖਤਰਾ ਨਹੀਂ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਕਨਵਾਲ 2021 ਵਿੱਚ ‘ਆਪਰੇਸ਼ਨ ਅਲਾਈਜ਼ ਵੈਲਕਮ’ ਤਹਿਤ ਅਮਰੀਕਾ ਆਇਆ ਸੀ। ਇਹ ਪ੍ਰੋਗਰਾਮ ਬਿਡੇਨ ਪ੍ਰਸ਼ਾਸਨ ਵਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਰਾਹੀਂ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੌਰਾਨ ਹਜ਼ਾਰਾਂ ਅਫਗਾਨਾਂ ਨੂੰ ਅਮਰੀਕਾ ਲਿਆਂਦਾ ਗਿਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਅਮਰੀਕਾ ਆਉਣ ਤੋਂ ਪਹਿਲਾਂ ਲਕਨਵਾਲ ਨੇ ਅਫਗਾਨਿਸਤਾਨ ਵਿੱਚ ਸੀਆਈਏ ਨਾਲ ਜੁੜੀ ਇੱਕ ਵਿਸ਼ੇਸ਼ ਫੋਰਸ ‘ਜ਼ੀਰੋ ਯੂਨਿਟਸ’ ਵਿੱਚ ਕੰਮ ਕੀਤਾ ਸੀ। ਉਸਦੇ ਇੱਕ ਰਿਸ਼ਤੇਦਾਰ ਮੁਤਾਬਕ, ਉਹ ਪਹਿਲਾਂ ਸੁਰੱਖਿਆ ਗਾਰਡ ਸੀ ਅਤੇ ਬਾਅਦ ਵਿੱਚ ਟੀਮ ਲੀਡਰ ਬਣ ਗਿਆ ਸੀ। ਫਿਲਹਾਲ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਆਪਣੇ ਹੀ ਪੁਰਾਣੇ ਸਹਿਯੋਗੀਆਂ (ਅਮਰੀਕੀ ਫੌਜ) ‘ਤੇ ਹਮਲਾ ਕਿਉਂ ਕੀਤਾ। This report was written by Divroop Kaur as part of the Local Journalism Initiative.

Share post:

Popular