ਖਾਸ ਰਿਪੋਰਟ
ਪਿਛਲੇ ਦਿਨੀਂ ਕੈਨੇਡਾ ਨੇ ਭਾਰਤ ਵਿੱਚੋਂ ਪ੍ਰਾਪਤ ਹੋਈਆਂ ਕੁੱਲ ਵੀਜ਼ਾ ਅਰਜ਼ੀਆਂ ਵਿੱਚੋਂ 74 ਫ਼ੀਸਦੀ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਰਜ਼ੀਆਂ ਵਿਦਿਆਰਥੀਆਂ ਦੀਆਂ ਸਨ ਜੋ ਕੈਨੇਡਾ ਵਿਚ ਪੜ੍ਹਨ ਜਾਣਾ ਚਾਹੁੰਦੇ ਸਨ ਅਤੇ ਅਗਲੀ ਜ਼ਿੰਦਗੀ ਉੱਥੇ ਹੀ ਬਿਤਾਉਣ ਦੇ ਸੁਪਨੇ ਵੇਖ ਰਹੇ ਸਨ। ਪੰਜਾਬ ਦੇ ਲੋਕਾਂ, ਖਾਸ ਤੌਰ ‘ਤੇ ਨੌਜਵਾਨਾਂ ਦੇ ਦਿਲਾ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਦੀ ਲਾਲਸਾ ਹਮੇਸ਼ਾ ਉੱਸਲਵੱਟੇ ਲੈਂਦੀ ਰਹਿੰਦੀ ਹੈ ਅਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁਝ ਦਾਅ ‘ਤੇ ਲਾ ਕੇ ਵਿਦੇਸ਼ ਜਾਣ ਦਾ ਕੋਈ ਵੀ ਢੰਗ-ਤਰੀਕਾ ਅਪਣਾਉਣ ਲਈ ਤਿਆਰ ਰਹਿੰਦੇ ਹਨ, ਤਾਏ ਉਹ ਕਾਨੂੰਨੀ ਹੋਵੇ ਜਾਂ ਗੈਰ-ਕਾਨੂੰਨੀ, ਸੁਰੱਖਿਅਤ ਹੋਵੇ ਜਾਂ ਜੋਖ਼ਮ ਭਰਿਆ।
ਕੈਨੇਡਾ ਨੇ ਬਹੁਤੇ ਨੌਜਵਾਨਾਂ ਦਾ ਸੁਪਨਾ ਤੋੜ ਦਿੱਤਾ ਹੈ ਅਤੇ ਅਮਰੀਕਾ ਪਹਿਲਾਂ ਹੀ ਪਰਵਾਸੀਆਂ ਦੇ ਮਗਰ ਪਿਆ ਹੋਇਆ ਹੈ। ਯੂਰਪੀ ਦੇਸ਼ਾਂ ਤੇ ਇੰਗਲੈਂਡ ਵਿਚ ਪਰਵਾਸ ਪਹਿਲਾਂ ਤੋਂ ਹੀ ਔਖਾ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਮੁਲਕਾ ਨੇ ਪਰਵਾਸੀਆ ਖ਼ਾਸ ਤੌਰ ‘ਤੇ ਵਿਦਿਆਰਥੀਆਂ ਲਈ ਆਪਣੇ ਬੂਹੇ ਭੀੜੇ ਕਰ ਰੱਖੇ ਹਨ। ਬਿਹਤਰ ਭਵਿੱਖ ਦੀ ਆਸ ਰੱਖੀ ਬੈਠੇ ਨੌਜਵਾਨਾਂ ਲਈ ਪਰਵਾਸ ਕਰਨ ਲਈ ਇਹ ਦੋਰ ਕੋਈ ਬਹੁਤਾ ਵਧੀਆ ਨਹੀਂ ਹੈ। ਵਿਦੇਸ਼ ਜਾਣ ਦੀ ਲਾਲਸਾ ਕਾਰਨ ਕਈ ਲੋਕ ਫ਼ਰਜ਼ੀ ਏਜੰਟਾਂ ਦੇ ਹੱਥੀਂ ਚੜ੍ਹ ਕੇ ਆਪਣੇ ਪੈਸੇ, ਜ਼ਮੀਨਾ ਅਤੇ ਭਵਿੱਖ ਖ਼ਰਾਬ ਕਰ ਲੈਂਦੇ ਹਨ। ਕਈਆਂ ਦੀ ਤਾਂ ਜ਼ਿੰਦਗੀ ਵੀ ਦਾਅ ਉੱਤੇ ਲੱਗ ਜਾਂਦੀ ਹੈ। ਇਹ ਫ਼ਰਜ਼ੀ ਏਜੰਟ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਬਾਹਰ ਲੈ ਕੇ ਜਾਣ ਦਾ ਲਾਲਚ ਦੇ ਕੇ ਜੰਗਲਾਂ ਵਿਚ ਛੱਡ ਦਿੰਦੇ ਹਨ ਅਤੇ ਅਜਿਹੀਆਂ ਬਹੁਤ ਸਾਰੀਆਂ ਸੱਚੀਆ ਕਹਾਣੀਆਂ ਦੇ ਅਸੀਂ ਗਵਾਹ ਵੀ ਬਣਦੇ ਹਾਂ। ਇਸ ਮੁੱਦੇ ਉੱਤੇ ਕਈ ਦਸਤਾਵੇਜ਼ੀ ਅਤੇ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ। ਪੰਜਾਬੀਆਂ ਵਿਚ ਪਰਵਾਸ ਦੀ ਇੱਛਾ ਹਮੇਸ਼ਾ ਤੋਂ ਹੀ ਪ੍ਰਬਲ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਛੋਟੇ ਕਸਬਿਆਂ ਵਿਚ ਵੀ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀਆਂ ਦੁਕਾਨਾਂ ਦੀ ਗਿਣਤੀ ਬਹੁਤ ਹੁੰਦੀ ਸੀ। ਫ਼ਰਜ਼ੀ ਵਿਆਹਾਂ ਰਾਹੀਂ ਵੀ ਬਹੁਤ ਸਾਰੇ ਲੋਕ ਵਿਦੇਸ਼ ਪੁੱਜ ਗਏ ਸਨ।
ਹੁਣ ਸਮਾਂ ਹੋਰ ਤਰ੍ਹਾਂ ਦਾ ਹੈ। ਕਾਨੂੰਨੀ ਤਰੀਕਿਆ ਨਾਲ ਵਿਦੇਸ਼ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਹੁਣ ਜ਼ਿਆਦਾ ਹੈ ਪਰ ਹਾਲੇ ਵੀ ਅਜਿਹੇ ਬਹੁਤ ਲੋਕ ਹਨ ਜੋ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਬਾਹਰ ਪਹੁੰਚਣ ਲਈ ਲੱਖਾਂ ਰੁਪਏ ਚੁੱਕੀ ਫਿਰਦੇ ਹਨ। ਹਾਲਾਂਕਿ ਇਹ ਵਰਤਾਰਾ ਸਮਾਜਿਕ, ਆਰਥਿਕ ਅਤੇ ਮਾਨਸਿਕ ਪੱਧਰ ਉੱਤੇ ਵਿਸ਼ਲੇਸ਼ਟ ਦੀ ਮੰਗ ਕਰਦਾ ਹੈ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਾਲੇ ਵੀ ਕਈ ਮੁੰਡੇ-ਕੁੜੀਆਂ ਵਿਦੇਸ਼ ‘ਚ ਸੈੱਟ ਹੋਣਾ ਚਾਹੁੰਦੇ ਹਨ। ਵਿਦੇਸ਼ ‘ਚ ਸੈੱਟ ਹੋਣ ਦਾ ਮੁੱਖ ਕਾਰਨ ਆਰਥਿਕਤਾ ਹੈ। ਚੰਗਾ ਭਵਿੱਖ ਅਤੇ ਪੈਸਾ ਕਮਾਉਣਾ ਵਿਦੇਸ਼ ਵਸਣ ਦੇ ਕਾਰਨਾਂ ਵਿਚ ਪ੍ਰਮੁੱਖ ਹੈ। ਇਸ ਪੱਖੋਂ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਜਿਨ੍ਹਾਂ ਮੁੰਡੇ-ਕੁੜੀਆਂ ਨੂੰ ਮੌਜੂਦਾ ਸਮੇਂ ਵਿਚ ਪੰਜਾਬ ‘ਚ ਹੀ ਨੌਕਰੀਆਂ ਮਿਲ ਗਈਆਂ ਜਾਂ ਮਿਲ ਰਹੀਆਂ ਹਨ, ਖ਼ਾਸ ਤੌਰ ‘ਤੇ ਸਰਕਾਰੀ ਨੌਕਰੀਆਂ, ਉਨ੍ਹਾਂ ਨੇ ਵਿਦੇਸ਼ ਜਾਣ ਦਾ ਸੁਪਨਾ ਤਿਆਗ ਦਿੱਤਾ ਹੈ। ਕਈ ਮੁੰਡੇ-ਕੁੜੀਆਂ ਨੇ ਤਾਂ ਵਿਦੇਸ਼ ਤੋਂ ਆ ਕੇ ਸਰਕਾਰੀ ਨੌਕਰੀਆਂ ਜੁਆਇਨ ਕੀਤੀਆਂ ਹਨ। ਇਸ ਵਰਤਾਰੇ ਦੀ ਸ਼ਲਾਘਾ ਕਰਨੀ ਬਣਦੀ ਹੈ। ਇੲਕ ਹੋਰ ਮੁੱਦਾ ਅਹਿਮ ਹੈ। ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਦਸਤਾਵੇਜ਼ੀਕਰਨ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਇਨ੍ਹਾਂ ਦੀ ਰਜਿਸਟ੍ਰੇਸ਼ਨ ਅਤੇ ਖ਼ਾਸ ਨੰਬਰ ਜਾਰੀ ਕਰ ਕੇ ਇਨ੍ਹਾਂ ਨੂੰ ਵੱਡੇ ਅੱਖਰਾਂ ਵਿਚ ਦੁਕਾਨ ਦੇ ਬਾਹਰ ਲਗਾਇਆ ਜਾਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਤਾਂ ਇਹੀ ਪਤਾ ਨਹੀਂ ਲੱਗਦਾ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ! ਵੈਸੇ, ਕੁਝ ਏਜੰਟ ਜਾਂ ਏਜੰਸੀਆਂ ਤਾਂ ਕਿਸੇ ਹੱਦ ਤੱਕ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ ਤੇ ਸਰਕਾਰ ਤੋਂ ਲਾਇਸੈਂਸ-ਪ੍ਰਾਪਤ ਕੀਤੇ ਹੋਏ ਹਨ ਪਰ ਬਹੁਤੇ ਇਸ ਦੀ ਆੜ ਵਿਚ ਠੱਗੀ ਮਾਰ ਜਾਂਦੇ ਹਨ। ਇਕ ਸਮਾਂ ਸੀ ਜਦੋਂ ਪਿੰਡਾਂ ਦੇ ਪਿੰਡ ਜਵਾਨ ਮੁੰਡਿਆਂ ਤੋਂ ਸੱਖਣੇ ਹੋ ਗਏ ਸਨ। ਲੋਕ ਵਿਦੇਸ਼ ਜਾ ਵਸੇ ਸਨ, ਖ਼ਾਸ ਤੌਰ ‘ਤੇ ਦੁਆਬਾ ਇਲਾਕਾ ਪਿੱਛੇ ਜਾਂ ਤਾਂ ਘਰਾਂ ਨੂੰ ਤਾਲੇ ਲੱਗ ਗਏ ਸਨ ਜਾਂ ਬੁੱਢੇ ਮਾਂ-ਬਾਪ ਹੀ ਰਹਿ ਗਏ ਸਨ। ਸਾਡੇ ਪਿੰਡ ਲਹਿਲ ਦੇ ਨਜ਼ਦੀਕ ਵੀ ਕਈ ਪਿੰਡਾਂ ਦੇ ਘਰ ਮੈਂ ਅੱਖੀਂ ਖੰਡਰ ਬਣ ਗਏ ਵੇਖੇ ਹਨ। ਹਾਲਾਂਕਿ ਬਾਹਰ ਵਸੇ ਲੋਕਾਂ ਦਾ ਆਪਣੇ ਪਿੰਡਾਂ ਨਾਲ ਮੋਹ ਕੌਣ ਤੋੜ ਸਕਦਾ ਹੈ? ਹੱਡ ਭੰਨਵੀਆਂ ਕਮਾਈਆਂ ਨਾਲ ਇਨ੍ਹਾਂ ਲੋਕਾਂ ਨੇ ਆਪਣੇ ਪਿੰਡਾਂ ਵਿਚ ਵੱਡੀਆਂਵੱਡੀਆਂ ਕੋਠੀਆਂ ਵੀ ਪਾਈਆਂ ਪਰ ਉੱਥੇ ਰਹਿਣ ਦਾ ਸਬੱਬ ਨਹੀਂ ਬਣਿਆ। ਅਜਿਹੇ ਕਾਫ਼ੀ ਮਕਾਨ ਖੰਡਰ ਬਣ ਕੇ ਰਹਿ ਜਾਂਦੇ ਸਨ ਪਰ ਇਨ੍ਹਾਂ ਵੱਡੀਆਂ- ਵੱਡੀਆਂ ਕੋਠੀਆਂ ਨੂੰ ਵੇਖ ਕੇ ਨਵੀਂ ਉਮਰ ਦੇ ਮੁੰਡੇ ਜ਼ਰੂਰ ਵਿਦੇਸ਼ ਜਾਣ ਦੀ ਲਾਲਸਾ ਪਾਲ ਬੈਠਦੇ ਹਨ। ਜ਼ਿਆਦਾਤਰ ਇਹੀ ਲੋਕ ਗ਼ਲਤ ਏਜੰਟਾਂ ਦੇ ਧੱਕੇ ਚੜ੍ਹਦੇ ਹਨ। ਹਰ ਰੋਜ਼ ਅਖ਼ਬਾਰਾਂ ਵਿਚ ਅਜਿਹੇ ਨੌਜਵਾਨਾਂ ਦੀ ਖੱਜਲ-ਖੁਆਰੀ ਦੀਆਂ ਖ਼ਬਰਾਂ ਪੜ੍ਹ ਕੇ, ਉਨ੍ਹਾਂ ਦਾ ਹਸ਼ਰ ਦੇਖ ਕੇ ਅਤੇ ਪਿੱਛੇ ਰਹਿ ਗਏ ਉਨ੍ਹਾਂ ਦੇ ਕਰਜ਼ਾਈ ਮਾਪਿਆਂ ਦੀ ਮਜਬੂਰੀ ਵੇਖ ਕੇ ਮਨ ਦੁਖੀ ਹੁੰਦਾ ਹੈ। ਹੈਰਾਨੀ ਤਾਂ ਇਹ ਹੈ ਕਿ ਉਨ੍ਹਾਂ ਦੇ ਕਰਜ਼ਾਈ ਹੋ ਚੁੱਕੇ ਮਾਪਿਆਂ ਦੀ ਮਾਨਸਿਕ ਪੀੜਾ ਬਾਰੇ ਪੜ੍ਹ ਕੇ ਵੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ ਮੱਠੀ ਨਹੀਂ ਹੁੰਦੀ। ਪਤਾ ਨਹੀਂ ਕਦੋਂ ਇਹ ਵਰਤਾਰਾ ਰੁਕੇਗਾ! ਪਿਛਲੇ ਸਮੇਂ ਵਿਚ ਵਿਦੇਸ਼ ਜਾਣ ਲਈ ਕੀਤੇ ਵਿਆਹਾਂ ਵਿਚ ਧੋਖਿਆਂ ਦੇ ਮਾਮਲੇ ਵੀ ਵੇਖਣ ਨੂੰ ਮਿਲੇ ਹਨ। ਮੁੰਡੇ ਵਾਲੇ ਕੁੜੀ ਉੱਤੇ ਪੈਸਾ ਖਰਚ ਦਿੰਦੇ ਹਨ ਅਤੇ ਇਸ ਆਸ ਨਾਲ ਉਸ ਨੂੰ ਵਿਦੇਸ਼ ਭੇਜ ਦਿੰਦੇ ਹਨ ਕਿ ਉੱਥੇ ਪੱਕੀ ਹੋ ਕੇ ਉਹ ਉਨ੍ਹਾਂ ਦੇ ਮੁੰਡੇ ਨੂੰ ਵੀ ਬੁਲਾ ਲਵੇਗੀ ਪਰ ਕੁੜੀ ਮੁੱਕਰ ਜਾਂਦੀ ਹੈ ਅਤੇ ਮੁੰਡੇ ਵਾਲਿਆਂ ਕੋਲ ਰੋਣ-ਧੋਣ ਤੋਂ ਇਲਾਵਾ ਕੁਝ ਨਹੀਂ ਬਚਦਾ।

