Wednesday, March 11, 2026

ਵਿਧਾਨ ਸਭਾ ਸੈਸ਼ਨ ਦੌਰਾਨ ਥਰੋਨ ਸਪੀਚ ਰੱਦ, ਦੇਸ਼ ਭਰ ‘ਚ ਰਾਸ਼ਟਰੀ ਝੰਡੇ ਝੁਕਾਏ ਗਏ

ਸਰੀ, (ਦਿਵਰੂਪ ਕੌਰ): ਸੂਬੇ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇੱਕ ਵੱਡਾ ਅਤੇ ਭਾਵੁਕ ਫੈਸਲਾ ਲੈਂਦਿਆਂ ਬੀਤੇ ਦਿਨੀਂ ਹੋਣ ਵਾਲੀ ਰਵਾਇਤੀ ‘ਥਰੋਨ ਸਪੀਚ’ (ਭਾਸ਼ਣ) ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲਾ ਟੰਬਲਰ ਰਿੱਜ ਵਿੱਚ ਵਾਪਰੇ ਦਿਲ ਕੰਬਾਊ ਸਕੂਲ ਗੋਲੀਬਾਰੀ ਕਾਂਡ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਸ ਵਿੱਚ ਕਈ ਮਾਸੂਮ ਜਾਨਾਂ ਚਲੀਆਂ ਗਈਆਂ ਹਨ। ਵਿਕਟੋਰੀਆ ਸਥਿਤ ਵਿਧਾਨ ਸਭਾ, ਜਿੱਥੇ ਆਮ ਤੌਰ ‘ਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਚਹਿਲ-ਪਹਿਲ ਅਤੇ ਸਿਆਸੀ ਬਿਆਨਬਾਜ਼ੀ ਹੁੰਦੀ ਹੈ, ਉੱਥੇ ਅੱਜ ਸਿਰਫ਼ ਖਾਮੋਸ਼ੀ ਅਤੇ ਹੰਝੂਆਂ ਦਾ ਪਹਿਰਾ ਸੀ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਦੁਖਦਾਈ ਸਮੇਂ ਵਿੱਚ ਸਿਆਸੀ ਏਜੰਡੇ ‘ਤੇ ਗੱਲ ਕਰਨਾ ਉਚਿਤ ਨਹੀਂ ਹੈ, ਇਸ ਲਈ ਅੱਜ ਦਾ ਪੂਰਾ ਦਿਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ‘ਸੋਗ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਵਿੱਚ ਬੋਲਦਿਆਂ ਕਿਹਾ ਕਿ ਟੰਬਲਰ ਰਿੱਜ ਦੀ ਘਟਨਾ ਨੇ ਹਰ ਬ੍ਰਿਟਿਸ਼ ਕੋਲੰਬੀਅਨ ਦੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਡੇ ਬੱਚੇ ਸਕੂਲਾਂ ਵਿੱਚ ਸੁਰੱਖਿਅਤ ਨਹੀਂ ਹਨ ਅਤੇ ਮਾਪੇ ਆਪਣੇ ਜਿਗਰ ਦੇ ਟੋਟਿਆਂ ਨੂੰ ਗੁਆ ਚੁੱਕੇ ਹਨ, ਤਾਂ ਅਜਿਹੇ ਮਾਹੌਲ ਵਿੱਚ ਸਰਕਾਰੀ ਨੀਤੀਆਂ ਦਾ ਗੁਣਗਾਨ ਕਰਨਾ ਸ਼ੋਭਾ ਨਹੀਂ ਦਿੰਦਾ। ਥਰੋਨ ਸਪੀਚ, ਜੋ ਕਿ ਸਰਕਾਰ ਦੀਆਂ ਆਉਣ ਵਾਲੀਆਂ ਯੋਜਨਾਵਾਂ ਅਤੇ ਪਿਛਲੀਆਂ ਪ੍ਰਾਪਤੀਆਂ ਦਾ ਖਾਰੜਾ ਹੁੰਦੀ ਹੈ, ਨੂੰ ਮੁਲਤਵੀ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖੀ ਜਾਨਾਂ ਦੀ ਕੀਮਤ ਸਿਆਸਤ ਤੋਂ ਕਿਤੇ ਉੱਪਰ ਹੈ। ਪ੍ਰੀਮੀਅਰ ਨੇ ਸਦਨ ਵਿੱਚ ਮੌਜੂਦ ਸਾਰੇ ਪਾਰਟੀ ਆਗੂਆਂ ਅਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੀੜਤ ਪਰਿਵਾਰਾਂ ਨਾਲ ਖੜ੍ਹੇ ਹੋਣ। ਅੱਜ ਵਿਧਾਨ ਸਭਾ ਦੀ ਕਾਰਵਾਈ ਸਿਰਫ਼ ਸ਼ੋਕ ਮਤੇ ਪਾਸ ਕਰਨ ਅਤੇ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਤੱਕ ਹੀ ਸੀਮਤ ਰਹੀ।
ਵਿਰੋਧੀ ਧਿਰਾਂ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਪੂਰਨ ਸਮਰਥਨ ਕੀਤਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਿਹਾ ਕਿ ਇਹ ਸਮਾਂ ਆਲੋਚਨਾ ਜਾਂ ਸਵਾਲ-ਜਵਾਬ ਦਾ ਨਹੀਂ, ਬਲਕਿ ਇੱਕਮੁੱਠ ਹੋ ਕੇ ਦੁੱਖ ਸਾਂਝਾ ਕਰਨ ਦਾ ਹੈ। ਗ੍ਰੀਨ ਪਾਰਟੀ ਅਤੇ ਹੋਰ ਸੁਤੰਤਰ ਵਿਧਾਇਕਾਂ ਨੇ ਵੀ ਟੰਬਲਰ ਰਿੱਜ ਦੇ ਲੋਕਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ। ਸਦਨ ਦੇ ਅੰਦਰ ਦਾ ਦ੍ਰਿਸ਼ ਬੇਹੱਦ ਭਾਵੁਕ ਸੀ, ਜਿੱਥੇ ਕਈ ਵਿਧਾਇਕਾਂ ਦੀਆਂ ਅੱਖਾਂ ਨਮ ਸਨ।
ਸਪੀਕਰ ਨੇ ਮ੍ਰਿਤਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਣ ਦਾ ਐਲਾਨ ਕੀਤਾ, ਜਿਸ ਦੌਰਾਨ ਪੂਰੇ ਹਾਲ ਵਿੱਚ ਸੂਈ ਡਿੱਗਣ ਜਿੰਨੀ ਸ਼ਾਂਤੀ ਛਾ ਗਈ। ਇਹ ਪਲ ਇਸ ਗੱਲ ਦੀ ਗਵਾਹੀ ਭਰ ਰਹੇ ਸਨ ਕਿ ਬ੍ਰਿਟਿਸ਼ ਕੋਲੰਬੀਆ ਦਾ ਹਰ ਨਾਗਰਿਕ, ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਨਾਲ ਸਬੰਧਤ ਹੋਵੇ, ਅੱਜ ਸਿਰਫ਼ ਇੱਕ ਇਨਸਾਨ ਵਜੋਂ ਇਸ ਦੁੱਖ ਵਿੱਚ ਸ਼ਾਮਲ ਹੈ।
ਟੰਬਲਰ ਰਿੱਜ, ਜੋ ਕਿ ਉੱਤਰੀ ਬੀ.ਸੀ. ਦਾ ਇੱਕ ਛੋਟਾ ਅਤੇ ਸ਼ਾਂਤਮਈ ਕਸਬਾ ਹੈ, ਹੁਣ ਕੌਮਾਂਤਰੀ ਸੁਰਖੀਆਂ ਵਿੱਚ ਹੈ, ਪਰ ਇੱਕ ਬਹੁਤ ਹੀ ਮਾੜੇ ਕਾਰਨ ਕਰਕੇ। ਉੱਥੋਂ ਦੇ ਵਾਸੀ ਅਜੇ ਵੀ ਸਦਮੇ ਵਿੱਚ ਹਨ ਅਤੇ ਯਕੀਨ ਨਹੀਂ ਕਰ ਪਾ ਰਹੇ ਕਿ ਉਨ੍ਹਾਂ ਦੇ ਭਾਈਚਾਰੇ ਨਾਲ ਇੰਨਾ ਵੱਡਾ ਕਹਿਰ ਵਾਪਰ ਗਿਆ ਹੈ। ਵਿਧਾਨ ਸਭਾ ਦੇ ਬਾਹਰ ਵੀ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ। ਸਰਕਾਰੀ ਇਮਾਰਤਾਂ ‘ਤੇ ਲੱਗੇ ਰਾਸ਼ਟਰੀ ਝੰਡੇ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਸੂਬਾ ਆਪਣੇ ਬੱਚਿਆਂ ਦੇ ਵਿਛੋੜੇ ‘ਤੇ ਰੋ ਰਿਹਾ ਹੈ। ਡੇਵਿਡ ਈਬੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਜਲਦ ਹੀ ਟੰਬਲਰ ਰਿੱਜ ਦਾ ਦੌਰਾ ਕਰਨਗੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਵਿਅਕਤੀਗਤ ਤੌਰ ‘ਤੇ ਮਿਲ ਸਕਣ ਅਤੇ ਉਨ੍ਹਾਂ ਦਾ ਦੁੱਖ ਵੰਡਾ ਸਕਣ। ਸਰਕਾਰ ਵੱਲੋਂ ਉੱਥੇ ਰਾਹਤ ਕਾਰਜਾਂ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਤੇਜ਼ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।
ਅੱਜ ਦੇ ਦਿਨ ਨੂੰ ‘ਡੇਅ ਆਫ਼ ਮੌਰਨਿੰਗ’ (Day of Mourning) ਵਜੋਂ ਐਲਾਨਣਾ ਇੱਕ ਅਹਿਮ ਕਦਮ ਹੈ। ਇਹ ਸਿਰਫ਼ ਰਸਮ ਪੂਰਤੀ ਨਹੀਂ, ਬਲਕਿ ਪੀੜਤ ਪਰਿਵਾਰਾਂ ਨੂੰ ਇਹ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਹੈ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਇਕੱਲੇ ਨਹੀਂ ਹਨ। ਪੂਰਾ ਸੂਬਾ ਅਤੇ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਵਿਧਾਨ ਸਭਾ ਦਾ ਸੈਸ਼ਨ ਹੁਣ ਕਦੋਂ ਅਤੇ ਕਿਵੇਂ ਅੱਗੇ ਵਧੇਗਾ, ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਲਿਆ ਜਾਵੇਗਾ, ਪਰ ਫਿਲਹਾਲ ਸਾਰਾ ਧਿਆਨ ਸਿਰਫ਼ ਤੇ ਸਿਰਫ਼ ਟੰਬਲਰ ਰਿੱਜ ਦੇ ਜ਼ਖਮਾਂ ‘ਤੇ ਮਲ੍ਹਮ ਲਗਾਉਣ ‘ਤੇ ਕੇਂਦਰਿਤ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਘਟਨਾ ਦੇ ਬਾਅਦ ਸੂਬੇ ਦੇ ਕਾਨੂੰਨਾਂ, ਖਾਸ ਕਰਕੇ ਸਕੂਲ ਸੁਰੱਖਿਆ ਅਤੇ ਹਥਿਆਰਾਂ ਬਾਰੇ ਨੀਤੀਆਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ, ਪਰ ਅੱਜ ਦਾ ਦਿਨ ਸਿਰਫ਼ ਅੱਥਰੂ ਵਹਾਉਣ ਅਤੇ ਵਿਛੜਿਆਂ ਨੂੰ ਯਾਦ ਕਰਨ ਦਾ ਦਿਨ ਹੈ। This report was written by Divroop Kaur as part of the Local Journalism Initiative.

Share post:

Popular