ਹੋਰ ਐੱਮ.ਪੀ. ਵੀ ਸਾਡੇ ਨਾਲ ਆ ਸਕਦੇ ਹਨ, ਇਸ ਸਮੇਂ ਕੈਨੇਡਾ ਨੂੰ ਅੱਗੇ ਵਧਣ ਦੀ ਲੋੜ : ਮਾਰਕ ਕਾਰਨੀ
ਸਰੀ, (ਦਿਵਰੂਪ ਕੌਰ): ਮੰਤਰੀ ਮਾਰਕ ਕਾਰਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਤੋਂ ਲਿਬਰਲਾਂ ਵਿੱਚ ਆਏ ਐੱਮਪੀ “ਸਾਡੇ ਵੱਲ ਆਪ ਆਏ” ਹਨ ਤੇ ਉਨ੍ਹਾਂ ਨੂੰ “ਲਲਚਾਉਣ” ਜਾਂ “ਕੋਰਟਿੰਗ” ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ।
ਕਾਰਨੀ ਨੂੰ ਪੁੱਛਿਆ ਗਿਆ ਕਿ ਕੀ ਉਹ ਵਿਰੋਧੀ ਐੱਮ.ਪੀਆਂ ਨੂੰ ਲਿਬਰਲਾਂ ਵਿੱਚ ਸ਼ਾਮਲ ਕਰਨ ਲਈ ਲਲਚਾ ਰਹੇ ਸਨ। ਉਨ੍ਹਾਂ ਨੇ ਜਵਾਬ ਦਿੱਤਾ, “ਮੈਂ ‘ਲਲਚਾਉਣਾ’ ਜਾਂ ‘ਕੋਰਟਿੰਗ’ ਵਰਗੇ ਸ਼ਬਦ ਨਹੀਂ ਵਰਤਾਂਗਾ। ਸਹੀ ਸ਼ਬਦ ਹੈ ਕਿ ਉਹ ਸਾਡੇ ਕੰਮ ਨਾਲ ਆਕਰਸ਼ਿਤ ਹੋਏ ਹਨ। ਇਹ ਸਰਕਾਰ ਲਈ ਸਕਾਰਾਤਮਕ ਵੋਟ ਹੈ ਤੇ ਦੇਸ਼ ਲਈ ਮਹੱਤਵਪੂਰਨ ਸਮੇਂ ਵਿੱਚ ਸਮਰਥਨ ਹੈ।”
ਕਾਰਨੀ ਨੇ ਮੰਨਿਆ ਕਿ ਉਨ੍ਹਾਂ ਨੇ ਇਨ੍ਹਾਂ ਐੱਮਪੀਆਂ ਨਾਲ ਮੁਲਾਕਾਤ ਕੀਤੀ ਸੀ, ਪਰ “ਅੰਤ ਵਿੱਚ”। ਉਨ੍ਹਾਂ ਨੇ ਕਿਹਾ ਕਿ ਇਹ ਐੱਮਪੀ ਆਪਣੀ ਮਰਜ਼ੀ ਨਾਲ ਆਏ ਹਨ। ਜਦੋਂ ਪੁੱਛਿਆ ਗਿਆ ਕਿ ਕੀ ਹੋਰ ਐੱਮਪੀ ਵੀ ਲਿਬਰਲਾਂ ਵਿੱਚ ਆ ਸਕਦੇ ਹਨ, ਤਾਂ ਕਾਰਨੀ ਨੇ ਕਿਹਾ, “ਦਰਵਾਜ਼ੇ ਖੁੱਲ੍ਹੇ ਹਨ, ਸਾਨੂੰ ਇਸ ਸਮਰਥਨ ਦੀ ਲੋੜ ਹੈ ਕਿਉਂਕਿ ਦੇਸ਼ ਨੂੰ ਅੱਗੇ ਵਧਾਉਣਾ ਹੈ।”
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨੋਵਾ ਸਕੋਸ਼ੀਆ ਦੇ ਐੱਮਪੀ ਕ੍ਰਿਸ ਡੀ’ਐਂਟਰੇਮੌਂਟ ਨੇ ਕੰਜ਼ਰਵੇਟਿਵ ਕਾਕਸ ਛੱਡ ਕੇ ਲਿਬਰਲਾਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਿਛਲੇ ਹਫ਼ਤੇ ਓਂਟਾਰੀਓ ਦੇ ਮਾਈਕਲ ਮਾਅ ਨੇ ਵੀ ਇਹੋ ਕਦਮ ਚੁੱਕਿਆ। ਉਸੇ ਸ਼ਾਮ ਗੈਟਿਨੋ ਵਿੱਚ ਲਿਬਰਲ ਕਾਕਸ ਹੌਲੀਡੇ ਪਾਰਟੀ ਵਿੱਚ ਕਾਰਨੀ ਨੇ ਮਾਅ ਤੇ ਡੀ’ਐਂਟਰੇਮੌਂਟ ਨੂੰ ਨਵੇਂ ਮੈਂਬਰ ਵਜੋਂ ਸਵਾਗਤ ਕੀਤਾ। ਮਾਅ ਦੇ ਆਉਣ ਨਾਲ ਲਿਬਰਲਾਂ ਦੀਆਂ ਸੀਟਾਂ 171 ਹੋ ਗਈਆਂ ਹਨ ਅਤੇ ਇਸ ਦੇ ਨਾਲ ਹੀ ਹੁਣ ਲਿਬਰਲ ਪਾਰਟੀ ਬਹੁਮਤ ਤੋਂ ਇੱਕ ਜਾਂ ਦੋ ਸੀਟਾਂ ਦੀ ਦੂਰੀ ਤੇ ਹੈ।
ਦੂਜੇ ਪਾਸ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵੀਅਰ ਨੇ ਮਾਅ ਤੇ ਡੀ’ਐਂਟਰੇਮੌਂਟ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਮਾਅ ਨੇ “ਉਨ੍ਹਾਂ ਨੀਤੀਆਂ ਨੂੰ ਸਮਰਥਨ ਦਿੱਤਾ ਜਿਨ੍ਹਾਂ ਵਿਰੁੱਧ ਉਹ ਚੁਣੇ ਗਏ ਸਨ।” ਪੋਲੀਵੀਅਰ ਨੇ ਕਿਹਾ ਕਿ ਸਭ ਤੋਂ ਵੱਡਾ ਧੋਖਾ ਉਨ੍ਹਾਂ ਵੋਟਰਾਂ ਨਾਲ ਹੋਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਸੀ।
ਇਹ ਫਲੋਰ ਕਰਾਸਿੰਗਾਂ ਲਿਬਰਲਾਂ ਨੂੰ ਮਜ਼ਬੂਤੀ ਦੇ ਰਹੀਆਂ ਹਨ ਤੇ ਵਿਰੋਧੀ ਧਿਰ ਵਿੱਚ ਅਸੰਤੋਸ਼ ਵਧਾ ਰਹੀਆਂ ਹਨ ਜਦੋਂ ਕਿ ਕਾਰਨੀ ਨੇ ਇਸ ਨੂੰ ਸਰਕਾਰ ਦੇ ਕੰਮ ਪ੍ਰਤੀ ਸਕਾਰਾਤਮਕ ਸੰਕੇਤ ਦੱਸਿਆ। This report was written by Divroop Kaur as part of the Local Journalism Initiative.

