Wednesday, April 15, 2026

ਵੈਨਕੂਵਰ ਆਈਲੈਂਡ ਦੀ ਪਲਪ ਮਿਲ ਸਥਾਈ ਤੌਰ ਤੇ ਬੰਦ 350 ਕਰਮਚਾਰੀ ਬੇਰੁਜ਼ਗਾਰ

 

ਸਰੀ, (ਦਿਵਰੂਪ ਕੌਰ): ਵੈਨਕੂਵਰ ਆਈਲੈਂਡ ਉੱਤੇ ਸਥਿਤ ਕਰੋਫਟਨ ਪਲਪ ਮਿਲ ਨੂੰ ਸਥਾਈ ਤੌਰ ਤੇ ਬੰਦ ਕੀਤਾ ਜਾ ਰਿਹਾ ਹੈ ਜਿਸ ਕਾਰਨ ਲਗਭਗ 350 ਕਰਮਚਾਰੀ ਨੌਕਰੀ ਤੋਂ ਹੱਥ ਧੋ ਬੈਠੇ ਹਨ। ਮਿਲ ਦੀ ਮਾਲਕ ਕੰਪਨੀ ਡੋਮਟਾਰ ਨੇ ਕਿਹਾ ਹੈ ਕਿ ਪਲਪ ਦੀਆਂ ਲਗਾਤਾਰ ਘੱਟ ਕੀਮਤਾਂ ਅਤੇ ਸਸਤੇ ਕੱਚੇ ਮਾਲ ਤੱਕ ਪਹੁੰਚ ਦੀ ਘਾਟ ਕਾਰਨ ਇਸ ਪਲਾਂਟ ਦੇ ਬੰਦ ਹੋਣ ਦਾ ਮੁੱਖ ਕਾਰਨ ਬਣੀ ਹੈ।
ਕੰਪਨੀ ਦੇ ਪੇਪਰ ਅਤੇ ਪੈਕੇਜਿੰਗ ਡਿਵੀਜ਼ਨ ਦੇ ਪ੍ਰਧਾਨ ਸਟੀਵ ਹੈਨਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਫਟਨ ਮਿਲ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਕਾਮਿਆਂ ਨੇ ਸੰਚਾਲਕੀ ਖਰਚੇ ਘਟਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਨਤੀਜੇ ਹਾਸਲ ਕੀਤੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਬਾਵਜੂਦ ਪਲਪ ਦੀ ਮਾਰਕੀਟ ਵਿੱਚ ਲਗਾਤਾਰ ਮਾੜੇ ਮੁੱਲ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਸਤੇ ਰੇਸ਼ੇ ਦੀ ਉਪਲਬਧਤਾ ਨਾ ਹੋਣ ਕਾਰਨ ਮਿਲ ਬੰਦ ਕਰਨ ਦਾ ਔਖਾ ਫੈਸਲਾ ਲੈਣਾ ਪਿਆ। ਬੀ. ਸੀ. ਦੇ ਜੰਗਲਾਤ ਮੰਤਰੀ ਰਵੀ ਪਾਰਮਰ ਨੇ ਇਸ ਨੂੰ ਮਜ਼ਦੂਰਾਂ ਲਈ ਦਿਲ ਤੋੜ ਦੇਣ ਵਾਲੀ ਘਟਨਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਅਸਥਿਰ ਬਾਜ਼ਾਰ, ਪਲਪ ਦੀਆਂ ਘੱਟ ਕੀਮਤਾਂ ਅਤੇ ਅਮਰੀਕਾ ਵੱਲੋਂ ਲਗਾਏ ਗਏ ਡਿਊਟੀਜ਼ ਅਤੇ ਟੈਰਿਫ ਇਸ ਸਥਿਤੀ ਲਈ ਵੱਡੇ ਪੱਧਰ ਤੇ ਜ਼ਿੰਮੇਵਾਰ ਹਨ।
ਦੂਜੇ ਪਾਸੇ ਕਿਮ ਹਾਕਸਟਾਡ ਜੋ ਕਿ ਬੀ. ਸੀ. ਕੌਂਸਲ ਆਫ ਫਾਰੈਸਟ ਇੰਡਸਟ੍ਰੀਜ਼ ਦੀ ਪ੍ਰਧਾਨ ਅਤੇ ਸੀ. ਈ. ਓ. ਹਨ ਨੇ ਕਿਹਾ ਕਿ ਇਸ ਖੇਤਰ ਦੀ ਮੰਦਹਾਲੀ ਦੇ ਨਤੀਜੇ ਹੁਣ ਸਿੱਧੇ ਤੌਰ ਤੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਰਹੇ ਹਨ ਕਿ ਬੀ ਸੀ ਦਾ ਜੰਗਲਾਤ ਖੇਤਰ ਗੰਭੀਰ ਹਾਲਾਤਾਂ ਵਿੱਚ ਹੈ ਅਤੇ ਅੱਜ ਦੀ ਮਿਲ ਬੰਦਸ਼ ਇਸ ਗੱਲ ਦੀ ਹੋਰ ਪੁਸ਼ਟੀ ਕਰਦੀ ਹੈ ਕਿ ਸਰਕਾਰ ਵੱਲੋਂ ਤੁਰੰਤ ਕਾਰਵਾਈ ਦੀ ਲੋੜ ਹੈ। ਹਾਕਸਟਾਡ ਨੇ ਕਿਹਾ ਕਿ ਸਾਫਟਵੁੱਡ ਲੱਕੜ ਉੱਤੇ ਡਿਊਟੀਜ਼ ਅਤੇ ਵਪਾਰਕ ਅਨਿਸ਼ਚਿਤਤਾ ਬੇਸ਼ਕ ਵੱਡਾ ਦਬਾਅ ਬਣਾਉਂਦੀਆਂ ਹਨ ਪਰ ਹਰ ਸਮੱਸਿਆ ਦਾ ਕਾਰਨ ਸਿਰਫ ਵਪਾਰਕ ਵਿਵਾਦ ਨਹੀਂ ਬਣਾਇਆ ਜਾ ਸਕਦਾ। This report was written by Divroop Kaur as part of the Local Journalism Initiative.

Popular