34,000 ਤੋਂ ਵੱਧ ਸ਼ਰਨਾਰਥੀ ਅਰਜ਼ੀਆਂ ਦਰਜ, ਵਕੀਲਾਂ ਨੇ ਜਤਾਈ ਚਿੰਤਾ
ਸਰੀ, (ਦਿਵਰੂਪ ਕੌਰ): ਸੰਯੁਕਤ ਰਾਜ ਅਮਰੀਕਾ ਵਿੱਚ ਚੱਲ ਰਹੇ ਇਮੀਗ੍ਰੇਸ਼ਨ ਕ੍ਰੈਕਡਾਊਨ (Immigration Crackdown) ਨੇ ਉੱਥੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਰਿਪੋਰਟ ਮੁਤਾਬਕ, ਅਮਰੀਕੀ ਸਰਕਾਰ ਦੀਆਂ ਸਖਤ ਨੀਤੀਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ (ICE) ਵੱਲੋਂ ਵਧਾਈ ਗਈ ਨਿਗਰਾਨੀ ਕਾਰਨ ਪ੍ਰਵਾਸੀਆਂ ਵਿੱਚ ਭਾਰੀ ਡਰ ਪਾਇਆ ਜਾ ਰਿਹਾ ਹੈ। ਇਸ ਅਨਿਸ਼ਚਿਤਤਾ ਭਰੇ ਮਾਹੌਲ ਕਾਰਨ ਵੱਡੀ ਗਿਣਤੀ ਵਿੱਚ ਲੋਕ ਹੁਣ ਸੁਰੱਖਿਅਤ ਭਵਿੱਖ ਲਈ ਕੈਨੇਡਾ ਵੱਲ ਦੇਖ ਰਹੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਮਰੀਕਾ ਤੋਂ ਅਜਿਹੇ ਲੋਕਾਂ ਦੀਆਂ ਕਾਲਾਂ ਦੀ ਭਰਮਾਰ ਹੋ ਗਈ ਹੈ ਜੋ ਜਲਦ ਤੋਂ ਜਲਦ ਬਾਰਡਰ ਪਾਰ ਕਰਕੇ ਕੈਨੇਡਾ ਆਉਣਾ ਚਾਹੁੰਦੇ ਹਨ।
ਵਕੀਲ ਅਲਾਸਟੇਅਰ ਕਲਾਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ ਹਰ ਰੋਜ਼ ਅਮਰੀਕਾ ਤੋਂ ਫੋਨ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੁੱਛਗਿੱਛ ਅਮਰੀਕਾ ਵਿੱਚ ਰਹਿ ਰਹੇ ਵੈਨੇਜ਼ੁਏਲਾ ਦੇ ਨਾਗਰਿਕਾਂ ਵੱਲੋਂ ਕੀਤੀ ਜਾ ਰਹੀ ਹੈ। ਦੋਹਾਂ ਦੇਸ਼ਾਂ ਵਿੱਚ ਵਕਾਲਤ ਕਰਨ ਵਾਲੀ ਜੈਸਿਕਾ ਜੇਨਸਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਹਾਲ ਹੀ ਵਿੱਚ ਸੋਮਾਲੀਆ, ਹੈਤੀ ਅਤੇ ਵੈਨੇਜ਼ੁਏਲਾ ਵਰਗੇ ਦੇਸ਼ਾਂ ਦੇ ਪ੍ਰਵਾਸੀਆਂ ਲਈ ‘ਅਸਥਾਈ ਸੁਰੱਖਿਅਤ ਦਰਜਾ’ ਖਤਮ ਕਰ ਦਿੱਤਾ ਹੈ। ਇਸ ਫੈਸਲੇ ਨੇ ਪ੍ਰਵਾਸੀਆਂ ਨੂੰ ਦੁਵਿਧਾ ਵਿੱਚ ਪਾ ਦਿੱਤਾ ਹੈ ਜਾਂ ਤਾਂ ਉਹ ਅਮਰੀਕਾ ਛੱਡ ਦੇਣ ਜਾਂ ਫਿਰ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦਾ ਖਤਰਾ ਮੁੱਲ ਲੈਣ। ਅਜਿਹੇ ਵਿੱਚ ਕੈਨੇਡਾ ਉਨ੍ਹਾਂ ਲਈ ਇੱਕੋ-ਇੱਕ ਉਮੀਦ ਦੀ ਕਿਰਨ ਨਜ਼ਰ ਆ ਰਿਹਾ ਹੈ। ਕੈਨੇਡੀਅਨ ਕੌਂਸਲ ਫਾਰ ਰਿਫਿਊਜੀਜ਼ (Canadian Council for Refugees) ਨੇ ਚੇਤਾਵਨੀ ਦਿੱਤੀ ਹੈ ਕਿ ਸਰਹੱਦ ਦੇ ਦੱਖਣ ਵੱਲ ਮਨੁੱਖੀ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਬਹੁਤ ਸਾਰੇ ਸ਼ਰਨਾਰਥੀ ਅਤੇ ਪ੍ਰਵਾਸੀ ਗ੍ਰਿਫਤਾਰੀ ਅਤੇ ਡਿਪੋਰਟ ਕੀਤੇ ਜਾਣ ਦੇ ਡਰ ਕਾਰਨ “ਭਾਰੀ ਖਤਰੇ” ਦਾ ਸਾਹਮਣਾ ਕਰ ਰਹੇ ਹਨ। ਅੰਕੜੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਨੁਸਾਰ, ਸਾਲ 2025 ਵਿੱਚ ਕੈਨੇਡਾ ਵਿੱਚ 34,000 ਤੋਂ ਵੱਧ ਸ਼ਰਨਾਰਥੀ ਅਰਜ਼ੀਆਂ (Asylum applications) ਦਾਇਰ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਹੈਤੀ, ਅਮਰੀਕਾ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ ਦੀ ਸੀ। ਇਹ ਰੁਝਾਨ ਸਪੱਸ਼ਟ ਕਰਦਾ ਹੈ ਕਿ ਅਮਰੀਕਾ ਦਾ ਸਿਆਸੀ ਮਾਹੌਲ ਸਿੱਧੇ ਤੌਰ ‘ਤੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ‘ਤੇ ਦਬਾਅ ਪਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਕੈਨੇਡਾ ਦੀ ਸਰਕਾਰ ਪ੍ਰਵਾਸੀਆਂ ਪ੍ਰਤੀ ਨਰਮ ਰਵੱਈਆ ਰੱਖਦੀ ਹੈ, ਪਰ ਇੱਥੇ ਵੀ ਹਾਲਾਤ ਬਦਲ ਸਕਦੇ ਹਨ। ਵਕੀਲ ਅਲਾਸਟੇਅਰ ਕਲਾਰਕ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਵਿੱਚ ਹੋ ਰਹੀ ਉਥਲ-ਪੁਥਲ ਭਾਵੇਂ ਕੈਨੇਡੀਅਨਾਂ ਨੂੰ ਦੂਰ ਦੀ ਗੱਲ ਲੱਗਦੀ ਹੈ, ਪਰ ਅਜਿਹਾ ਦਬਾਅ ਇੱਥੇ ਵੀ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵੀ ਲੋਕਾਂ ਦੀ ਬਦਲਦੀ ਰਾਏ ਅਤੇ ਸਖਤ ਹੁੰਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਫਿਲਹਾਲ, ਹਜ਼ਾਰਾਂ ਪਰਿਵਾਰ ਅਮਰੀਕਾ ਦੀ ਸਰਹੱਦ ‘ਤੇ ਨਜ਼ਰਾਂ ਟਿਕਾਈ ਬੈਠੇ ਹਨ, ਅਤੇ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। This report was written by Divroop Kaur as part of the Local Journalism Initiative.

