ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਸੰਪਰਕ: 99888-11681
ਚੀਨੀ ਡੋਰ ’ਤੇ ਪੂਰਨ ਪਾਬੰਦੀ ਲਾਉਣ ਬਾਰੇ ਸਰਕਾਰ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ਤਹਿਤ ਜ਼ਿਲ੍ਹੇ ਦੇ ਆਲ੍ਹਾ ਅਧਿਕਾਰੀ ਦੀ ਮੀਟਿੰਗ ਪੁਲੀਸ ਅਫਸਰਾਂ ਅਤੇ ਸਿਵਲ ਪ੍ਰਸ਼ਾਸਨ ਦੇ ਜ਼ੋਨ ਵਾਈਜ਼ ਲਗਾਏ ਗਏ ਇੰਚਾਰਜਾਂ ਨਾਲ ਹੋਈ। ਇਸ ਮੀਟਿੰਗ ਵਿੱਚ ਅਧਿਕਾਰੀ ਨੇ ਸਰਕਾਰ ਵੱਲੋਂ ਮਿਲੇ ਜ਼ੁਬਾਨੀ ਤੇ ਲਿਖਤੀ ਸਖ਼ਤ ਨਿਰਦੇਸ਼ ਇਸ ਵਾਰ ਇੰਨ-ਬਿੰਨ ਲਾਗੂ ਕਰਨ ਲਈ ਹਰ ਜ਼ੋਨ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ। ਉਸ ਨੇ ਨਿਰਦੇਸ਼ ਦਿੱਤੇ ਕਿ ਚੀਨੀ ਡੋਰ ਦੀ ਵਰਤੋਂ ਤੇ ਵਿਕਰੀ ਆਦਿ ਸਬੰਧੀ ਕੋਈ ਵੀ ਕੇਸ ਸਾਹਮਣੇ ਆਇਆ ਤਾਂ ਉਸ ਜ਼ੋਨ ਦੇ ਇੰਚਾਰਜ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਬਣਦੀਆਂ ਧਾਰਾਵਾਂ ਤਹਿਤ ਪਰਚਾ ਵੀ ਦਰਜ ਕਰਵਾਇਆ ਜਾਵੇਗਾ।
ਮੀਟਿੰਗ ਖ਼ਤਮ ਹੁੰਦਿਆਂ ਹੀ ਮੀਟਿੰਗ ਲੈ ਰਹੇ ਅਧਿਕਾਰੀ ਨੇ ਸਿਟੀ ਜ਼ੋਨ ਦੇ ਇੰਚਾਰਜ, ਜੋ ਕਿਸੇ ਥਾਣੇ ਦੇ ਐਸ ਐਚ ਓ ਦੀ ਪੋਸਟ ’ਤੇ ਤਾਇਨਾਤ ਸੀ, ਨੂੰ ਆਪਣੇ ਕੋਲ ਬੁਲਾ ਕੇ ਪਰਦੇ ਨਾਲ ਕਿਹਾ, ‘‘ਇਸ ਤਰ੍ਹਾਂ ਕਰੀਂ ਯਾਰ ਸ਼ਾਮ ਨੂੰ ਇਕ ਗੱਟੂ ਚੀਨੀ ਡੋਰ ਦਾ ਮੇਰੇ ਘਰ ਭੇਜ ਦੇਵੀਂ। ਮੁੰਡਾ ਬਹੁਤ ਜ਼ਿੱਦ ਕਰ ਰਿਹੈ, ਵੇਖੀਂ ਗੱਲ ਬਾਹਰ ਨਾ ਨਿਕਲੇ ਨਹੀਂ ਤਾਂ ਤਵਾ ਬਹੁਤ ਲੱਗੂ ਆਪਣਾ।’’ ਐੱਸ ਐੱਚ ਓ ਮੇਰਾ ਜਿਗਰੀ ਦੋਸਤ ਸੀ, ਜਦੋਂ ਉਸ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਮੈਂ ਕਿੰਨਾ ਹੀ ਚਿਰ ਸੋਚਦਾ ਰਿਹਾ ਕਿ ਇਹ ਕਿਸ ਤਰ੍ਹਾਂ ਦੇ ਸਖ਼ਤ ਹੁਕਮ ਹਨ ਜੋ ਅਧਿਕਾਰੀਆਂ ਵੱਲੋਂ ਹੀ ਤੋੜੇ ਜਾਂਦੇ ਹਨ।

