Tuesday, April 14, 2026

ਸਰੀ ਦੀ ਨਵਦੀਪ ਕੌਰ ਦੇ ਕਤਲ ਮਾਮਲੇ ਵਿੱਚ ਅਮਰਬੀਰ ਸਿੰਘ ’ਤੇ ਲੱਗੇ ਕਤਲ ਦੇ ਇਲਜ਼ਾਮ

ਸਰੀ, (ਪਰਮਜੀਤ ਿਸੰਘ): ਸਰੀ ਦੀ ਰਹਿਣ ਵਾਲੀ 28 ਸਾਲਾ ਨਵਦੀਪ ਕੌਰ ਦੀ ਮੌਤ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ । ਨਵਦੀਪ ਕੌਰ ਦੀਆਂ ਅਸਥੀਆਂ ਮਿਲਣ ਤੋਂ ਲਗਭਗ ਦੋ ਸਾਲ ਬਾਅਦ, ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਸੀਕਿਊਸ਼ਨ ਸਰਵਿਸ ਨੇ ਉਸ ਦੇ ਸਾਬਕਾ ਸਾਥੀ ਵਿਰੁੱਧ ਸੈਕੰਡ-ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਹਨ । ਮੁਲਜ਼ਮ ਦੀ ਪਛਾਣ 24 ਸਾਲਾ ਅਮਰਬੀਰ ਸਿੰਘ ਵਜੋਂ ਹੋਈ ਹੈ, ਜੋ ਕਿ ਨਵਦੀਪ ਕੌਰ ਦੇ ਲਾਪਤਾ ਹੋਣ ਸਮੇਂ ਉਸ ਨਾਲ ਰਿਲੇਸ਼ਨਸ਼ਿਪ ਵਿੱਚ ਸੀ । ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਵਿਰੁੱਧ ਕੈਨੇਡਾ-ਵਿਆਪੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ।
ਨਵਦੀਪ ਕੌਰ ਦੇ ਲਾਪਤਾ ਹੋਣ ਦੀ ਖ਼ਬਰ ਸਭ ਤੋਂ ਪਹਿਲਾਂ 23 ਫਰਵਰੀ 2024 ਨੂੰ ਸਾਹਮਣੇ ਆਈ ਸੀ, ਜਦੋਂ ਉਸ ਦੇ ਪਰਿਵਾਰ ਨੇ ਸਰੀ ਆਰ.ਸੀ.ਐਮ.ਪੀ. ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ । ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੂੰ ਕੁਝ ਅਜਿਹੇ ਸਬੂਤ ਮਿਲੇ ਸਨ ਜਿਸ ਤੋਂ ਇਹ ਸ਼ੱਕ ਪੈਦਾ ਹੋਇਆ ਕਿ ਨਵਦੀਪ ਕੌਰ ਕਿਸੇ ਵੱਡੀ ਸਾਜ਼ਿਸ਼ ਜਾਂ ਹਿੰਸਕ ਘਟਨਾ ਦਾ ਸ਼ਿਕਾਰ ਹੋ ਸਕਦੀ ਹੈ । ਮਾਰਚ 2024 ਵਿੱਚ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦਾ ਜ਼ਿੰਮਾ ਆਈ.ਐਚ.ਆਈ.ਟੀ. ਨੂੰ ਸੌਂਪ ਦਿੱਤਾ ਗਿਆ ਸੀ । ਪੁਲਿਸ ਨੇ ਉਸ ਸਮੇਂ ਤੋਂ ਹੀ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ ।
ਇਸ ਮਾਮਲੇ ਵਿੱਚ ਵੱਡੀ ਗਤੀਵਿਧੀ ਜੁਲਾਈ 2024 ਵਿੱਚ ਦੇਖਣ ਨੂੰ ਮਿਲੀ ਜਦੋਂ ਰਿਚਮੰਡ ਆਰ.ਸੀ.ਐਮ.ਪੀ. ਨੂੰ ਜਾਰਜ ਮੈਸੀ ਟਨਲ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਉਦਯੋਗਿਕ ਖੇਤਰ ਦੇ ਕੰਢੇ ਤੋਂ ਮਨੁੱਖੀ ਅਸਥੀਆਂ ਬਰਾਮਦ ਹੋਈਆਂ । ਉਸ ਸਮੇਂ ਇਹ ਪਤਾ ਲਗਾਉਣਾ ਮੁਸ਼ਕਲ ਸੀ ਕਿ ਇਹ ਅਸਥੀਆਂ ਕਿਸ ਦੀਆਂ ਹਨ, ਪਰ ਵਿਗਿਆਨਕ ਜਾਂਚ ਅਤੇ ਡੀ.ਐਨ.ਏ. ਟੈਸਟਾਂ ਤੋਂ ਬਾਅਦ ਨਵੰਬਰ 2024 ਵਿੱਚ ਆਈ.ਐਚ.ਆਈ.ਟੀ. ਨੇ ਪੁਸ਼ਟੀ ਕੀਤੀ ਕਿ ਇਹ ਅਸਥੀਆਂ ਨਵਦੀਪ ਕੌਰ ਦੀਆਂ ਹੀ ਸਨ । ਇਸ ਖ਼ੁਲਾਸੇ ਨੇ ਨਵਦੀਪ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਸੀ ।
ਜਾਂਚਕਰਤਾਵਾਂ ਨੇ ਦੱਸਿਆ ਕਿ ਇਸ ਪੂਰੀ ਘਟਨਾ ਦੀ ਲੜੀ ਨੂੰ ਜੋੜਨ ਅਤੇ ਲੋੜੀਂਦੇ ਸਬੂਤ ਇਕੱਠੇ ਕਰਨ ਵਿੱਚ ਕਈ ਮਹੀਨਿਆਂ ਦਾ ਸਮਾਂ ਲੱਗਿਆ । ਆਈ.ਐਚ.ਆਈ.ਟੀ. ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਦੇ ਅਧਾਰ ‘ਤੇ ਹੀ ਹੁਣ ਅਮਰਬੀਰ ਸਿੰਘ ਵਿਰੁੱਧ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ । ਪੁਲਿਸ ਅਨੁਸਾਰ ਜਦੋਂ ਨਵਦੀਪ ਲਾਪਤਾ ਹੋਈ ਸੀ, ਉਸ ਸਮੇਂ ਇਹ ਦੋਵੇਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ । ਜਾਂਚ ਟੀਮ ਹੁਣ ਅਮਰਬੀਰ ਸਿੰਘ ਦੀ ਭਾਲ ਵਿੱਚ ਜੁੱਟੀ ਹੋਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਦੇਸ਼ ਭਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ।
ਆਈ.ਐਚ.ਆਈ.ਟੀ. ਦੀ ਸਰਜੈਂਟ ਫਰੀਡਾ ਫੌਂਗ ਨੇ ਬੁੱਧਵਾਰ ਨੂੰ ਇੱਕ ਅਪਡੇਟ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਮਰਬੀਰ ਸਿੰਘ ਦੇਸ਼ ਛੱਡ ਕੇ ਭੱਜ ਗਿਆ ਹੋ ਸਕਦਾ ਹੈ । ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਜ਼ਮ ਦਾ ਵਿਦੇਸ਼ ਭੱਜਣਾ ਪੁਲਿਸ ਨੂੰ ਉਸ ਦਾ ਪਿੱਛਾ ਕਰਨ ਤੋਂ ਨਹੀਂ ਰੋਕ ਸਕੇਗਾ । ਉਨ੍ਹਾਂ ਕਿਹਾ ਕਿ ਕੈਨੇਡੀਅਨ ਪੁਲਿਸ ਲਗਾਤਾਰ ਉਸ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਰਹੀ ਹੈ ਅਤੇ ਲੋੜ ਪੈਣ ‘ਤੇ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਉਨ੍ਹਾਂ ਦਾ ਮੁੱਖ ਟੀਚਾ ਮੁਲਜ਼ਮ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰਨਾ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਹੈ ।
ਪੁਲਿਸ ਨੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਅਮਰਬੀਰ ਸਿੰਘ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੈ, ਤਾਂ ਉਹ ਤੁਰੰਤ ਆਈ.ਐਚ.ਆਈ.ਟੀ. ਦੇ ਹੈਲਪਲਾਈਨ ਨੰਬਰ 1-877-551-4488 ‘ਤੇ ਸੰਪਰਕ ਕਰੇ । ਇਸ ਘਟਨਾ ਨੇ ਸਰੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਘਰੇਲੂ ਹਿੰਸਾ ਵਰਗੇ ਮੁੱਦਿਆਂ ‘ਤੇ ਮੁੜ ਚਰਚਾ ਛੇੜ ਦਿੱਤੀ ਹੈ । ਹੁਣ ਸਾਰਿਆਂ ਦੀਆਂ ਨਜ਼ਰਾਂ ਪੁਲਿਸ ਦੀ ਅਗਲੀ ਕਾਰਵਾਈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ‘ਤੇ ਟਿਕੀਆਂ ਹੋਈਆਂ ਹਨ ।

Popular