Tuesday, April 14, 2026

ਸਰੀ ਪੁਲਿਸ ਨੇ ਸੰਭਾਲੀ ਕਲੋਵਰਡੇਲ ਦੀ ਕਮਾਨ, ਆਰ.ਸੀ.ਐਮ.ਪੀ. ਦਾ 75 ਸਾਲਾਂ ਦਾ ਸਫ਼ਰ ਖਤਮ

ਸਰੀ, (ਦਿਵਰੂਪ ਕੌਰ): ਸਰੀ ਵਿੱਚ ਪੁਲਿਸਿੰਗ ਤਬਦੀਲੀ ਦੀ ਪ੍ਰਕਿਰਿਆ ਤਹਿਤ ਸਰੀ ਪੁਲਿਸ ਸਰਵਿਸ (SPS) ਨੇ ਹੁਣ ਸ਼ਹਿਰ ਦੇ ਕਲੋਵਰਡੇਲ ਖੇਤਰ ਵਿੱਚ ਕਾਨੂੰਨ ਵਿਵਸਥਾ ਦੀ ਪੂਰੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਹ ਇਸ ਤਬਦੀਲੀ ਦਾ ਇੱਕ ਬਹੁਤ ਹੀ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ, ਕਿਉਂਕਿ ਹੁਣ ਸਰੀ ਪੁਲਿਸ ਸ਼ਹਿਰ ਦੇ ਪੰਜ ਪੁਲਿਸ ਜ਼ਿਲ੍ਹਿਆਂ ਵਿੱਚੋਂ ਚਾਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਚੁੱਕੀ ਹੈ। ਇਸ ਬਦਲਾਅ ਨਾਲ ਹੁਣ ਨਿਵਾਸੀਆਂ ਨੂੰ ਇਲਾਕੇ ਵਿੱਚ ਵੱਖਰੀ ਵਰਦੀ ਅਤੇ ਵੱਖਰੇ ਰੰਗ ਦੀਆਂ ਪੈਟਰੋਲ ਗੱਡੀਆਂ ਗਸ਼ਤ ਕਰਦੀਆਂ ਦਿਖਾਈ ਦੇਣਗੀਆਂ। ਸਰੀ ਪੁਲਿਸ ਸਰਵਿਸ ਦੇ ਸਾਰਜੈਂਟ ਲਿੰਡਸੇ ਹਾਊਟਨ ਨੇ ਦੱਸਿਆ ਕਿ ਦਿਨ ਦੀ ਸ਼ਿਫਟ ਸ਼ੁਰੂ ਹੋਣ ਦੇ ਨਾਲ ਹੀ ਸਰੀ ਪੁਲਿਸ ਦੇ ਅਧਿਕਾਰੀਆਂ ਨੇ ਆਰਸੀਐਮਪੀ ਤੋਂ ਫਰੰਟ-ਲਾਈਨ ਡਿਊਟੀਆਂ ਦਾ ਚਾਰਜ ਲੈ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਕਲੋਵਰਡੇਲ ਜਾਂ ਸਰੀ ਦੇ ਪੂਰਬੀ ਹਿੱਸੇ ਵਿੱਚ ਰਹਿਣ ਵਾਲੇ ਲੋਕ ਜੇਕਰ 911 ਉੱਤੇ ਕਾਲ ਕਰਦੇ ਹਨ, ਤਾਂ ਉਨ੍ਹਾਂ ਦੀ ਸਹਾਇਤਾ ਲਈ ਸਰੀ ਪੁਲਿਸ ਸਰਵਿਸ ਦਾ ਅਧਿਕਾਰੀ ਮੌਕੇ ਉੱਤੇ ਪਹੁੰਚੇਗਾ। ਪੁਲਿਸ ਅਧਿਕਾਰੀਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ, ਸਗੋਂ ਪਿਛਲੇ ਹਫ਼ਤੇ ਦੇ ਮੁਕਾਬਲੇ ਹੁਣ ਪਹਿਲਾਂ ਨਾਲੋਂ ਵੀ ਵੱਧ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਆਰਸੀਐਮਪੀ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਸੰਸਥਾ ਨੇ ਮਈ 1951 ਵਿੱਚ ਪਹਿਲੀ ਵਾਰ ਕਲੋਵਰਡੇਲ ਵਿੱਚ ਪੁਲਿਸਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਸਿਰਫ਼ 18 ਮੈਂਬਰਾਂ, ਜਿਨ੍ਹਾਂ ਵਿੱਚ ਇੱਕ ਕਾਰਪੋਰਲ ਅਤੇ 17 ਕਾਂਸਟੇਬਲ ਸ਼ਾਮਲ ਸਨ, ਨਾਲ ਕੰਮ ਸ਼ੁਰੂ ਕੀਤਾ ਗਿਆ ਸੀ। ਇਹ ਅਧਿਕਾਰੀ ਕਲੋਵਰਡੇਲ ਵਿੱਚ 5900 ਮੇਨ ਸਟਰੀਟ ਵਿਖੇ ਸਥਿਤ ਸਰੀ ਸਿਟੀ ਹਾਲ ਤੋਂ ਆਪਣੀਆਂ ਸੇਵਾਵਾਂ ਦਿੰਦੇ ਸਨ, ਜਿਸ ਨੂੰ ਅੱਜ ਸਰੀ ਵਿੱਚ 177ਬੀ ਸਟਰੀਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਰੀ ਪੁਲਿਸ ਹੁਣ ਹਰ ਦੋ ਮਹੀਨਿਆਂ ਬਾਅਦ ਨਵੇਂ ਅਧਿਕਾਰੀਆਂ ਦੀ ਭਰਤੀ ਕਰ ਰਹੀ ਹੈ ਤਾਂ ਜੋ ਫਿਰੌਤੀ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਕਲੋਵਰਡੇਲ ਹੁਣ ਸਰੀ ਪੁਲਿਸ ਸਰਵਿਸ ਦੇ ਉਨ੍ਹਾਂ ਖੇਤਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਪਹਿਲਾਂ ਹੀ ਵਾਲੀ/ਸਿਟੀ ਸੈਂਟਰ, ਨਿਊਟਨ ਅਤੇ ਸਾਊਥ ਸਰੀ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਤੱਕ ਇਹ ਤਬਦੀਲੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਗਿਲਡਫੋਰਡ ਅਤੇ ਫਲੀਟਵੁੱਡ ਖੇਤਰਾਂ ਵਿੱਚ ਆਰਸੀਐਮਪੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਸਰੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। This report was written by Divroop Kaur as part of the Local Journalism Initiative.

Popular