ਫਿਰੌਤੀ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਨੂੰ ਰੋਕਣ ਲਈ ਸਰੀ ਪੁਲਿਸ ਸਰਵਿਸ ਨੂੰ $250,000 ਦਾ ਫੰਡ ਦੇਣ ਦਾ ਐਲਾਨ
ਸਰੀ, (ਦਿਵਰੂਪ ਕੌਰ): ਸਰੀ ਸ਼ਹਿਰ ਨੇ ਫਿਰੌਤੀ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਦਿਆਂ ਸਰੀ ਪੁਲਿਸ ਸਰਵਿਸ (ਸ਼ਫਸ਼) ਨੂੰ $250,000 ਦਾ ਇਨਾਮੀ ਫੰਡ ਮੁਹੱਈਆ ਕਰਵਾਇਆ ਹੈ। ਇਹ ਰਕਮ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਨਾਲ ਅਪਰਾਧੀਆਂ ਦੀ ਪਛਾਣ ਹੋਵੇ ਅਤੇ ਉਨ੍ਹਾਂ ਨੂੰ ਸਜ਼ਾ ਮਿਲ ਸਕੇ। ਇਹ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੁਲਿਸ ਇਨਾਮਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਸ਼ਹਿਰ ਦਾ ਕਹਿਣਾ ਹੈ ਕਿ ਇਹ ਕਦਮ ਨਾ ਸਿਰਫ਼ ਹਿੰਸਾ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਸਗੋਂ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਸਰੀ ਪ੍ਰਸ਼ਾਸਨ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ, ”ਇਹ ਗੰਭੀਰ ਅਤੇ ਸੰਗਠਿਤ ਜੁਰਮ ਹਨ, ਜੋ ਸਰਹੱਦਾਂ ਤੋਂ ਪਰੇ ਵੀ ਫੈਲੇ ਹੋਏ ਹਨ। ਇਹ ਸਿਰਫ਼ ਸਰੀ ਦੀ ਹੀ ਨਹੀਂ, ਸਗੋਂ ਪੂਰੇ ਕੈਨੇਡਾ ਦੀ ਸਮੱਸਿਆ ਹੈ। ਪਰ ਅਸੀਂ ਸਰੀ ਵਿੱਚ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰਿਵਾਰਾਂ ਨੇ ਮੈਨੂੰ ਦੱਸਿਆ ਹੈ ਕਿ ਰਾਤ ਨੂੰ ਸੁੱਤੇ ਹੋਏ ਬੱਚਿਆਂ ਦੇ ਘਰਾਂ ਦੇ ਬਾਹਰ ਗੋਲੀਬਾਰੀ ਦੀਆਂ ਆਵਾਜ਼ਾਂ ਸੁਣ ਕੇ ਉਹ ਕਿੰਨਾ ਡਰ ਜਾਂਦੇ ਹਨ। ਹਰ ਕਿਸੇ ਨੂੰ ਬਿਨਾਂ ਡਰ ਦੇ ਜੀਊਣ ਅਤੇ ਕੰਮ ਕਰਨ ਦਾ ਅਧਿਕਾਰ ਹੈ। ਇਸ ਲਈ ਜੇ ਕਿਸੇ ਕੋਲ਼ ਕੋਈ ਜਾਣਕਾਰੀ ਹੈ, ਤਾਂ ਹੁਣ ਅੱਗੇ ਆਉਣ ਦਾ ਸਮਾਂ ਹੈ।” ਇਹ ਫੰਡਿੰਗ ਪਿਛਲੇ ਬੁੱਧਵਾਰ, 10 ਸਤੰਬਰ ਨੂੰ, ਸਿਟੀ ਕੌਂਸਲ ਵੱਲੋਂ ਮਨਜ਼ੂਰ ਕੀਤੀ ਗਈ ਸੀ। ਇਸ ਤਹਿਤ, ਸਰੀ ਪੁਲਿਸ ਸਰਵਿਸ ਜਾਣਕਾਰੀ ਪ੍ਰਾਪਤ ਹੋਣ ਉੱਪਰਾਲੇ ਨਾਲ ਸੰਵੇਦਨਸ਼ੀਲਤਾ ਨਾਲ ਕੰਮ ਕਰੇਗੀ ਅਤੇ ਇਨਾਮ ਸਿਰਫ਼ ਉਸ ਵੇਲੇ ਦਿੱਤਾ ਜਾਵੇਗਾ ਜਦੋਂ ਉਹ ਜਾਣਕਾਰੀ ਸਿੱਧੇ ਤੌਰ ‘ਤੇ ਦੋਸ਼ੀ ਦੀ ਪਛਾਣ, ਮੁਕੱਦਮਾ ਅਤੇ ਸਜ਼ਾ ਵਿੱਚ ਮਦਦਗਾਰ ਹੋਵੇਗੀ।
ਸਰੀ ਪੁਲਿਸ ਦੇ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ, ”ਇਹ ਇਨਾਮ ਲੋਕਾਂ ਨੂੰ ਸਾਡੀ ਨਵੀਂ ਟਿੱਪ ਲਾਈਨ ‘ਤੇ ਕਾਲ ਕਰਨ ਅਤੇ ਪੁਲਿਸ ਨੂੰ ਸਬੂਤ ਦੇਣ ਲਈ ਪ੍ਰੇਰਿਤ ਕਰੇਗਾ, ਤਾਂ ਜੋ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਸੰਭਵ ਹੋ ਸਕੇ। ਮੈਂ ਸਰੀ ਸਿਟੀ, ਸਰੀ ਪੁਲਿਸ ਬੋਰਡ ਅਤੇ ਸਾਰੇ ਸਟਾਫ਼ ਦਾ ਧੰਨਵਾਦ ਕਰਦਾ ਹਾਂ ਜੋ ਇਨ੍ਹਾਂ ਗੁੰਝਲਦਾਰ ਜਾਂਚਾਂ ਵਿੱਚ ਲਗਾਤਾਰ ਮਿਹਨਤ ਕਰ ਰਹੇ ਹਨ।” ਸੰਖਿਆਵਾਂ ਦਰਸਾਉਂਦੀਆਂ ਹਨ ਕਿ ਇਹ ਸਮੱਸਿਆ ਕਿੰਨੀ ਗੰਭੀਰ ਹੈ। 15 ਸਤੰਬਰ ਤੱਕ ਸਰੀ ਪੁਲਿਸ ਵੱਲੋਂ 44 ਜਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 27 ਵਿੱਚ ਗੋਲੀਬਾਰੀ ਵੀ ਸ਼ਾਮਲ ਸੀ। ਇਹ ਦਰਸਾਉਂਦਾ ਹੈ ਕਿ ਇਹ ਅਪਰਾਧ ਸਿਰਫ਼ ਕਾਰੋਬਾਰਾਂ ਹੀ ਨਹੀਂ ਸਗੋਂ ਪੂਰੇ ਭਾਈਚਾਰੇ ਲਈ ਖ਼ਤਰਾ ਬਣ ਗਏ ਹਨ।
ਇਹ ਇਨਾਮੀ ਫੰਡ ਸਿਰਫ਼ ਇੱਕ ਆਰਥਿਕ ਸਾਧਨ ਹੀ ਨਹੀਂ ਸਗੋਂ ਇੱਕ ਮਨੋਵਿਗਿਆਨਕ ਸੰਦੇਸ਼ ਵੀ ਹੈ ਕਿ ਹੁਣ ਭਾਈਚਾਰਾ ਇਕੱਠੇ ਹੋ ਕੇ ਇਸ ਅਪਰਾਧ ਖਿਲਾਫ਼ ਖੜ੍ਹਾ ਹੋ ਰਿਹਾ ਹੈ। ਪੁਲਿਸ ਮੰਨਦੀ ਹੈ ਕਿ ਕਈ ਵਾਰ ਲੋਕ ਡਰ ਜਾਂਦੇ ਹਨ ਜਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਉਨ੍ਹਾਂ ਦੀ ਜਾਣਕਾਰੀ ਕੀਮਤੀ ਹੈ। ਪਰ ਹੁਣ $250,000 ਦਾ ਇਹ ਇਨਾਮ ਲੋਕਾਂ ਨੂੰ ਅੱਗੇ ਆਉਣ ਅਤੇ ਪੁਲਿਸ ਦੀ ਮਦਦ ਕਰਨ ਲਈ ਮਜ਼ਬੂਤ ਕਾਰਨ ਪ੍ਰਦਾਨ ਕਰੇਗਾ।
ਜਿਨ੍ਹਾਂ ਕੋਲ਼ ਇਸ ਮਾਮਲੇ ਬਾਰੇ ਮਹੱਤਵਪੂਰਨ ਜਾਣਕਾਰੀ ਹੈ, ਉਹਨਾਂ ਨੂੰ ਸਰੀ ਐਕਸਟੋਰਸ਼ਨ ਟਿੱਪ ਲਾਈਨ 236-485-5149 ‘ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਟਿੱਪ ਲਾਈਨ ਹਫ਼ਤੇ ਦੇ ਸੱਤੋਂ ਦਿਨ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਰਗਰਮ ਰਹੇਗੀ। ਇਸਦੇ ਨਾਲ ਹੀ, ਜਰੂਰਤ ਪੈਣ ‘ਤੇ ਪੰਜਾਬੀ-ਬੋਲਣ ਵਾਲੇ ਅਧਿਕਾਰੀ ਵੀ ਉਪਲਬਧ ਹੋਣਗੇ, ਤਾਂ ਜੋ ਕਿਸੇ ਨੂੰ ਵੀ ਆਪਣੀ ਗੱਲ ਸਾਂਝੀ ਕਰਨ ਵਿੱਚ ਮੁਸ਼ਕਲ ਨਾ ਆਵੇ। ਸਰੀ ਦੇ ਨਿਵਾਸੀ ਉਮੀਦ ਕਰ ਰਹੇ ਹਨ ਕਿ ਇਹ ਇਨਾਮੀ ਫੰਡ ਅਤੇ ਪੁਲਿਸ ਦੀ ਵਧਦੀ ਕਾਰਵਾਈ ਸ਼ਹਿਰ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਸਹਾਇਕ ਹੋਵੇਗੀ। ਸ਼ਹਿਰ ਵੱਲੋਂ ਭੇਜੇ ਗਏ ਇਸ ਮਜ਼ਬੂਤ ਸੰਦੇਸ਼ ਨੇ ਦਰਸਾਇਆ ਹੈ ਕਿ ਹੁਣ ਫਿਰੌਤੀ ਦੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿੰਮੇਵਾਰ ਲੋਕ ਕਾਨੂੰਨ ਦੇ ਘੇਰੇ ਵਿੱਚ ਲਿਆਂਦੇ ਜਾਣਗੇ। This report was written by Divroop Kaur as part of the Local Journalism Initiative.

