Wednesday, March 11, 2026

ਸਰੀ ਵਿੱਚ ਸਰਕਾਰੀ ਦਰੱਖਤਾਂ ਦੀ ਕਟਾਈ ਜਾਂ ਛਾਂਟੀ ਕਰਨ ’ਤੇ ਲੱਗ ਸਕਦਾ ਹੈ $20,000 ਦਾ ਭਾਰੀ ਜੁਰਮਾਨਾ


ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਸਰੀ (Surrey) ਵਿੱਚ ਰੁੱਖਾਂ ਨੂੰ ਛਾਂਟਣ ਦਾ ਮੌਸਮ ਨੇੜੇ ਆਉਣ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੇ ਵਸਨੀਕਾਂ ਲਈ ਇੱਕ ਬਹੁਤ ਹੀ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਟੀ ਆਫ਼ ਸਰੀ ਵੱਲੋਂ ਸ਼ਹਿਰ ਵਾਸੀਆਂ ਨੂੰ ਸਖਤ ਲਹਿਜ਼ੇ ਵਿੱਚ ਯਾਦ ਦਿਵਾਇਆ ਗਿਆ ਹੈ ਕਿ ਉਹ ਸਿਟੀ ਦੀ ਮਲਕੀਅਤ ਯਾਨੀ ਸਰਕਾਰੀ ਜ਼ਮੀਨ ‘ਤੇ ਲੱਗੇ ਦਰੱਖਤਾਂ ਦੀ ਆਪਣੇ ਪੱਧਰ ‘ਤੇ ਕਟਾਈ ਜਾਂ ਛਾਂਟੀ ਬਿਲਕੁਲ ਨਾ ਕਰਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹਨਾਂ ਸਰਕਾਰੀ ਰੁੱਖਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਜਾਂ ਕੱਟਣਾ ਸਰੀ ਦੇ ‘ਟ੍ਰੀ ਪ੍ਰੋਟੈਕਸ਼ਨ ਬਾਇਲਾਅ’ (Tree Protection Bylaw) ਦੇ ਅਧੀਨ ਇੱਕ ਬਹੁਤ ਹੀ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ $20,000 ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰੀ ਦੇ ਅਰਬਨ ਫ਼ੋਰੈਸਟਰੀ ਮੈਨੇਜਰ ਰੌਬ ਲੈਂਡੁੱਚੀ ਨੇ ਦੱਸਿਆ ਕਿ ਗ਼ਲਤ ਸਮੇਂ ਜਾਂ ਗ਼ਲਤ ਢੰਗ ਨਾਲ ਕੀਤੀ ਗਈ ਛਾਂਟੀ ਕਿਸੇ ਵੀ ਰੁੱਖ ਨੂੰ ਸਥਾਈ ਤੌਰ ‘ਤੇ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਉਸਨੂੰ ਅੰਦਰੋਂ ਕਮਜ਼ੋਰ ਕਰ ਸਕਦੀ ਹੈ। ਉਹਨਾਂ ਅਨੁਸਾਰ, ਅਜਿਹੀ ਗੈਰ-ਵਿਗਿਆਨਕ ਛਾਂਟੀ ਨਾਲ ਦਰੱਖਤ ਦੀ ਛਾਂ ਪ੍ਰਦਾਨ ਕਰਨ, ਵਰਖਾ ਦੇ ਪਾਣੀ ਨੂੰ ਜ਼ਮੀਨ ਵਿੱਚ ਜਜ਼ਬ ਕਰਨ ਅਤੇ ਹਵਾ ਨੂੰ ਸਾਫ਼ ਕਰਨ ਦੀ ਕੁਦਰਤੀ ਸਮਰੱਥਾ ਬਹੁਤ ਘੱਟ ਜਾਂਦੀ ਹੈ। ਇਹ ਰੁੱਖ ਸਾਡੇ ਆਲੇ-ਦੁਆਲੇ ਦੀ ਜਾਇਦਾਦ ਦੇ ਮੁੱਲ ਨੂੰ ਵਧਾਉਣ ਦੇ ਨਾਲ-ਨਾਲ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਸਮਰਥਨ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਦਰੱਖਤਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇ ਤਾਂ ਜੋ ਪੂਰੀ ਕਮਿਊਨਿਟੀ ਨੂੰ ਇਸਦਾ ਲਾਭ ਮਿਲ ਸਕੇ।
ਸਿਟੀ ਆਫ਼ ਸਰੀ ਦੇ ਅੰਕੜਿਆਂ ਅਨੁਸਾਰ, ਮੌਜੂਦਾ ਸਮੇਂ ਵਿੱਚ ਸ਼ਹਿਰ ਵੱਲੋਂ ਸਰਕਾਰੀ ਜ਼ਮੀਨ ‘ਤੇ ਲੱਗੇ 1,15,000 ਤੋਂ ਵੱਧ ਛਾਂਦਾਰ ਦਰੱਖਤਾਂ ਦੀ ਬਕਾਇਦਾ ਦੇਖ-ਰੇਖ ਕੀਤੀ ਜਾਂਦੀ ਹੈ। ਇਹ ਕੰਮ ਆਮ ਲੋਕਾਂ ਦਾ ਨਹੀਂ ਬਲਕਿ ਮਾਹਿਰਾਂ ਦਾ ਹੈ। ਇਸ ਲਈ ਸ਼ਹਿਰ ਦੇ ਸਰਟੀਫਾਈਡ ਅਰਬੋਰਿਸਟ (ਰੁੱਖਾਂ ਦੇ ਮਾਹਿਰ) ਰੁੱਖਾਂ ਦੀ ਲੰਬੇ ਸਮੇਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਇੱਕ ਸਹੀ ਅਤੇ ਵਿਗਿਆਨਕ ਛਾਂਟੀ ਪ੍ਰਕਿਰਿਆ ਦਾ ਪਾਲਣ ਕਰਦੇ ਹਨ। ਸ਼ਹਿਰ ਦੇ ਅਰਬੋਰਿਸਟਾਂ ਵੱਲੋਂ ਹਰ ਸਾਲ 20,500 ਤੋਂ ਵੱਧ ਦਰੱਖਤਾਂ ਦੀ ਬਾਰੀਕੀ ਨਾਲ ਜਾਂਚ ਅਤੇ ਛਾਂਟੀ ਕੀਤੀ ਜਾਂਦੀ ਹੈ, ਜੋ ਕਿ ਔਸਤਨ ਲਗਭਗ 1,700 ਰੁੱਖ ਪ੍ਰਤੀ ਮਹੀਨਾ ਬਣਦੀ ਹੈ। ਇਹਨਾਂ ਯਤਨਾਂ ਸਦਕਾ ਹੀ ਸਰੀ ਦਾ ਸ਼ਹਿਰੀ ਜੰਗਲ ਹਮੇਸ਼ਾ ਹਰਾ-ਭਰਾ ਅਤੇ ਤੰਦਰੁਸਤ ਰਹਿੰਦਾ ਹੈ। ਪ੍ਰਸ਼ਾਸਨ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਘਰ ਜਾਂ ਕਾਰੋਬਾਰ ਦੇ ਨੇੜੇ ਲੱਗੇ ਕਿਸੇ ਸ਼ਹਿਰੀ ਰੁੱਖ ਨੂੰ ਧਿਆਨ ਜਾਂ ਛਾਂਟੀ ਦੀ ਜ਼ਰੂਰਤ ਹੈ, ਤਾਂ ਉਹ ਖੁਦ ਕੋਈ ਕਦਮ ਚੁੱਕਣ ਦੀ ਬਜਾਏ ਸਿਟੀ ਪ੍ਰਸ਼ਾਸਨ ਨਾਲ ਸੰਪਰਕ ਕਰਨ। ਇਸ ਲਈ ਲੋਕ ਹੈਲਪਲਾਈਨ ਨੰਬਰ 604-501-5050 ‘ਤੇ ਕਾਲ ਕਰ ਸਕਦੇ ਹਨ ਜਾਂ ਸਿਟੀ ਦੀ ਵੈੱਬਸਾਈਟ ‘ਤੇ ਔਨਲਾਈਨ ਰਿਪੋਰਟ ਜਮ੍ਹਾਂ ਕਰਵਾ ਸਕਦੇ ਹਨ। ਇਹ ਪਤਾ ਲਗਾਉਣ ਲਈ ਕਿ ਕੋਈ ਵਿਸ਼ੇਸ਼ ਰੁੱਖ ਸ਼ਹਿਰ ਦੀ ਜਾਇਦਾਦ ‘ਤੇ ਹੈ ਜਾਂ ਨਹੀਂ, ਵਸਨੀਕ ‘ਕੋਸਮੋਸ’ (COSMOS – City of Surrey Mapping Online System) ਦੀ ਵਰਤੋਂ ਕਰ ਸਕਦੇ ਹਨ ਅਤੇ ਉੱਥੇ “ਪਾਰਕ ਸਪੈਸੀਮੈਨ ਟ੍ਰੀਜ਼” (Park Specimen Trees) ਦੀ ਖੋਜ ਕਰਕੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। This report was written by Divroop Kaur as part of the Local Journalism Initiative.

Share post:

Popular