ਸਰੀ, (ਦਿਵਰੂਪ ਕੌਰ): ਸਿਟੀ ਆਫ਼ ਸਰੀ ਵੱਲੋਂ ਵਾਤਾਵਰਣ ਪ੍ਰੇਮੀਆਂ ਅਤੇ ਆਪਣੇ ਘਰਾਂ ਨੂੰ ਹਰਿਆ-ਭਰਿਆ ਬਣਾਉਣ ਦੇ ਚਾਹਵਾਨਾਂ ਲਈ ਬਹੁਤ ਹੀ ਹਰਮਨਪਿਆਰੀ $20 ਡਾਲਰ ਵਾਲੀ ਰੁੱਖਾਂ ਦੀ ਸੇਲ ਇਸ ਬਸੰਤ ਰੁੱਤ ਦੌਰਾਨ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਆਪਣੀ ਨਿੱਜੀ ਜਾਇਦਾਦ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਰੀ ਦੇ ਸ਼ਹਿਰੀ ਜੰਗਲ (Urban Forest) ਨੂੰ ਵਧਾਉਣ ਵਿੱਚ ਯੋਗਦਾਨ ਪਾਉਣ ਦਾ ਇੱਕ ਕਿਫ਼ਾਇਤੀ ਮੌਕਾ ਪ੍ਰਦਾਨ ਕਰਨਾ ਹੈ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ ਦੀ ਪਹਿਲੀ ਆਨਲਾਈਨ ਵਿੱਕਰੀ 3 ਮਾਰਚ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਖਰੀਦੇ ਗਏ ਪੌਦੇ 29 ਮਾਰਚ ਨੂੰ ਸਰੀ ਓਪਰੇਸ਼ਨਜ਼ ਸੈਂਟਰ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ, ਦੂਜੀ ਸੇਲ 28 ਅਪ੍ਰੈਲ ਨੂੰ ਖੁੱਲ੍ਹੇਗੀ ਜਿਸ ਦੀ ਪਿਕ-ਅੱਪ ਤਾਰੀਖ 24 ਮਈ ਨਿਰਧਾਰਿਤ ਕੀਤੀ ਗਈ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹਰ ਲਗਾਇਆ ਗਿਆ ਰੁੱਖ ਜਿੱਥੇ ਸਾਡੇ ਸ਼ਹਿਰੀ ਜੰਗਲ ਨੂੰ ਮਜ਼ਬੂਤ ਕਰਦਾ ਹੈ, ਉੱਥੇ ਹੀ ਇਹ ਸਰੀ ਵਿੱਚ ਜੀਵਨ ਦੀ ਗੁਣਵੱਤਾ ਨੂੰ ਵੀ ਬਿਹਤਰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਦਰਖ਼ਤ ਨਾ ਸਿਰਫ਼ ਛਾਂ ਪ੍ਰਦਾਨ ਕਰਦੇ ਹਨ ਸਗੋਂ ਹਵਾ ਅਤੇ ਪਾਣੀ ਦੀ ਗੁਣਵੱਤਾ ਸੁਧਾਰਨ ਅਤੇ ਤੂਫ਼ਾਨੀ ਪਾਣੀ ਦੇ ਵਹਾਅ ਨੂੰ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਿਟੀ ਵੱਲੋਂ ਨਿੱਜੀ ਜਾਇਦਾਦਾਂ ਲਈ ਸਸਤੇ ਅਤੇ ਉੱਚ-ਗੁਣਵੱਤਾ ਵਾਲੇ ਦਰਖ਼ਤ ਮੁਹੱਈਆ ਕਰਵਾ ਕੇ ਨਿਵਾਸੀਆਂ ਨੂੰ ਇੱਕ ਸਿਹਤਮੰਦ ਅਤੇ ਟਿਕਾਊ ਭਵਿੱਖ ਸਿਰਜਣ ਵਿੱਚ ਮਦਦ ਕੀਤੀ ਜਾ ਰਹੀ ਹੈ।
ਅੰਕੜਿਆਂ ਮੁਤਾਬਕ ਸਾਲ 2020 ਵਿੱਚ ਆਨਲਾਈਨ ਸੇਲ ਸ਼ੁਰੂ ਹੋਣ ਤੋਂ ਬਾਅਦ ਸਿਟੀ ਨੇ ਲਗਭਗ 23,000 ਪੌਦੇ ਵੇਚੇ ਹਨ ਅਤੇ ਲੋਕਾਂ ਵਿੱਚ ਇਸ ਦਾ ਇੰਨਾ ਉਤਸ਼ਾਹ ਹੈ ਕਿ ਹਰ ਵਾਰ ਸਾਰੇ ਬੂਟੇ ਕੁਝ ਹੀ ਘੰਟਿਆਂ ਵਿੱਚ ਵਿਕ ਜਾਂਦੇ ਹਨ। ਇਸ ਸਾਲ ਦੀਆਂ ਪਹਿਲੀਆਂ ਦੋ ਸੇਲਾਂ ਦੌਰਾਨ ਨਿਵਾਸੀ ਫਲਦਾਰ ਅਤੇ ਸਜਾਵਟੀ ਦਰਖਤਾਂ ਦੀਆਂ ਵੱਖ-ਵੱਖ ਕਿਸਮਾਂ ਖਰੀਦ ਸਕਣਗੇ, ਜਿਨ੍ਹਾਂ ਵਿੱਚ ਸੇਬ, ਚੈਰੀ, ਆਲੂਬੁਖ਼ਾਰਾ, ਅੰਜੀਰ, ਡੌਗਵੁੱਡ, ਮੇਪਲ ਅਤੇ ਮੈਗਨੋਲੀਆ ਸ਼ਾਮਲ ਹਨ। ਇਹ ਰੁੱਖ ਖਾਸ ਤੌਰ ‘ਤੇ ਸਰੀ ਦੇ ਮੌਸਮ ਦੇ ਅਨੁਕੂਲ ਹੋਣ ਅਤੇ ਸਥਾਨਕ ਜੀਵ-ਵਿਭਿੰਨਤਾ ਨੂੰ ਵਧਾਉਣ ਦੀ ਸਮਰੱਥਾ ਦੇ ਆਧਾਰ ‘ਤੇ ਚੁਣੇ ਗਏ ਹਨ। ਸਿਟੀ ਹਰ ਸਾਲ ਅਜਿਹੀਆਂ ਚਾਰ ਆਨਲਾਈਨ ਸੇਲਾਂ ਦਾ ਪ੍ਰਬੰਧ ਕਰਦੀ ਹੈ ਜਿਨ੍ਹਾਂ ਵਿੱਚ ਹਰੇਕ ਸੇਲ ਲਈ 1,000 ਦਰਖ਼ਤ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ‘ਤੇ ਦਿੱਤੇ ਜਾਂਦੇ ਹਨ। ਇਸ ਲਈ ਸਾਲ 2038 ਤੱਕ ਸ਼ਹਿਰ ਦੇ 30 ਪ੍ਰਤੀਸ਼ਤ ਹਿੱਸੇ ਨੂੰ ਹਰਿਆਲੀ ਨਾਲ ਢਕਣ ਦੇ ਟੀਚੇ ਨੂੰ ਪੂਰਾ ਕਰਨ ਲਈ ਘਰਾਂ ਦੇ ਮਾਲਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। This report was written by Divroop Kaur as part of the Local Journalism Initiative.

