ਸਰੀ, (ਦਿਵਰੂਪ ਕੌਰ): ਸਰੀ ਸਿਵਿਕ ਪਲਾਜ਼ਾ ਇਸ ਸਰਦੀ ਇੱਕ ਨਵੇਂ ਰੂਪ ਵਿੱਚ ਨਜ਼ਰ ਆਵੇਗਾ ਕਿਉਂਕਿ 1 ਦਸੰਬਰ ਨੂੰ ਸਰੀ ਟਰੀ ਲਾਈਟਿੰਗ ਫੈਸਟੀਵਲ ਦੌਰਾਨ ‘ਸਕੇਟਿੰਗ ਐਟ ਸਿਵਿਕ ਪਲਾਜ਼ਾ’ ਦੀ ਅਧਿਕਾਰਤ ਸ਼ੁਰੂਆਤ ਹੋ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸਰੀ ਵਿੱਚ ਇੱਕ ਢੱਕਿਆ ਆਊਟਡੋਰ ਸਕੇਟਿੰਗ ਰਿੰਕ ਸਾਰਿਆਂ ਲਈ ਖੋਲ੍ਹਿਆ ਜਾ ਰਿਹਾ ਹੈ, ਜੋ 16 ਫਰਵਰੀ 2026 (ਫੈਮਿਲੀ ਡੇਅ) ਤੱਕ ਮੁਫ਼ਤ ਉਪਲਬਧ ਰਹੇਗਾ। ਇਹ ਰਿੰਕ ਅਤੇ ਇਸ ਦੇ ਆਲੇਓਦੁਆਲੇ ਬਣਾਈਆਂ ਗਈਆਂ ਤਿਉਹਾਰੀ ਗਤੀਵਿਧੀਆਂ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਸਰਦੀਆਂ ਦਾ ਯਾਦਗਾਰ ਅਨੁਭਵ ਦੇਣਗੀਆਂ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਹ ਨਵਾਂ ਪ੍ਰੋਜੈਕਟ ਡਾਊਨਟਾਊਨ ਸਰੀ ਵਿੱਚ ਰੌਣਕ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਹ ਕਹਿੰਦੀ ਹੈ, ”ਸਕੇਟਿੰਗ ਐਟ ਸਿਵਿਕ ਪਲਾਜ਼ਾ ਦਾ ਮਕਸਦ ਇੱਕ ਆਨੰਦਮਈ ਅਤੇ ਸਰਬ-ਸਾਂਝਾ ਸਥਾਨ ਸਿਰਜਣਾ ਹੈ, ਜਿੱਥੇ ਲੋਕ ਮਿਲ-ਜੁਲ ਕੇ ਮੌਸਮ ਦਾ ਆਨੰਦ ਮਾਣ ਸਕਣ। ਇਹ ਸਰੀ ਨੂੰ ਹੋਰ ਵੀ ਜ਼ਿੰਦਾ ਦਿਲ ਅਤੇ ਆਕਰਸ਼ਕ ਬਣਾਏਗਾ।” ਫੈਸਟੀਵਲ ਦੌਰਾਨ ਰਿੰਕ ‘ਤੇ ਮੁਫ਼ਤ ਸਕੇਟ ਅਤੇ ਹੈਲਮਿਟ ਕਿਰਾਏ ‘ਤੇ ਮਿਲਣਗੇ, ਅਤੇ ਇੱਕ ਵਾਰ ਵਿੱਚ ਸੀਮਤ ਗਿਣਤੀ ਲੋਕਾਂ ਨੂੰ ਰਿੰਕ ‘ਤੇ ਜਾਣ ਦੀ ਆਗਿਆ ਹੋਵੇਗੀ। ਪਹਿਲਾਂ ਆਓਓਪਹਿਲਾਂ ਪਾਓ ਦੇ ਅਧਾਰ ‘ਤੇ ਰਿਸਟਬੈਂਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨਾਲ ਨਿਰਧਾਰਤ ਟਾਈਮਸਲਾਟ ਦਿੱਤਾ ਜਾਵੇਗਾ।
ਫੈਸਟੀਵਲ ਤੋਂ ਬਾਅਦ 24 ਤੋਂ 28 ਨਵੰਬਰ ਤੱਕ ਰਿੰਕ ਬੰਦ ਰਹੇਗਾ, ਤਾਂ ਜੋ ਸਟਾਫ਼ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪੂਰੇ ਪ੍ਰੋਗਰਾਮ ਦੀ ਤਿਆਰੀ ਕਰ ਸਕੇ। ਰਿੰਕ ਦੇ ਆਲੇ-ਦੁਆਲੇ ਮੌਸਮੀ ਗਤੀਵਿਧੀਆਂ, ਕੈਫੇ ਅਤੇ ਆਰਾਮਦਾਇਕ ਬੈਠਕ ਖੇਤਰ ਵੀ ਉਪਲਬਧ ਰਹਿਣਗੇ, ਜਿਸ ਨਾਲ ਇਹ ਸਥਾਨ ਪਰਿਵਾਰਾਂ, ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਆਦਰਸ਼ ਥਾਂ ਬਣੇਗਾ।
1 ਦਸੰਬਰ ਤੋਂ ਰੋਜ਼ਾਨਾ ਦੁਪਹਿਰ 1 ਵਜੇ ਤੋਂ ਰਾਤ 8 ਵਜੇ ਤੱਕ ਰਿੰਕ ਖੁੱਲ੍ਹਾ ਰਹੇਗਾ, ਜਦਕਿ 24, 25, 26, 31 ਦਸੰਬਰ ਅਤੇ 1 ਜਨਵਰੀ ਨੂੰ ਇਹ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹੇਗਾ। ਸਕੇਟ ਕਿਰਾਏ ‘ਤੇ $5 ਪ੍ਰਤੀ ਜੋੜਾ ਉਪਲਬਧ ਹੋਵੇਗਾ। ਸਕੂਲ ਸਮੂਹ 2 ਦਸੰਬਰ ਤੋਂ ਮੰਗਲਵਾਰ ਤੇ ਬੁੱਧਵਾਰ ਸਵੇਰ ਨੂੰ ਰਿੰਕ ਬੁੱਕ ਕਰ ਸਕਣਗੇ, ਜਦਕਿ ਪ੍ਰਾਈਵੇਟ ਸਮੂਹ 6 ਦਸੰਬਰ ਤੋਂ ਸ਼ਨੀਵਾਰ ਸਵੇਰ ਦੀਆਂ ਬੁਕਿੰਗਾਂ ਕਰ ਸਕਣਗੇ।
ਭੀੜ ਦੇ ਚਲਦੇ ਹਫ਼ਤੇ ਦੇ ਅੰਤ ਅਤੇ ਸ਼ਾਮਾਂ ਵਿੱਚ ਜਲਦੀ ਪਹੁੰਚਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਅਧਿਕ ਜਾਣਕਾਰੀ ਲਈ surreytreelighting.ca ਅਤੇ ਸਕੇਟਿੰਗ ਬਾਰੇ ਅਪਡੇਟਾਂ ਲਈ surrey.ca/plazaskating ‘ਤੇ ਜਾਓ। This report was written by Divroop Kaur as part of the Local Journalism Initiative.

