Tuesday, March 10, 2026

ਸਸਕੈਚਵਨ ‘ਚ ਹਾਈਵੇਅ ਪੈਟਰੋਲ ਨੇ ਫੜਿਆ 91 ਲੱਖ ਡਾਲਰ ਦਾ ਤੰਬਾਕੂ, ਬਰੈਂਪਟਨ ਦਾ ਪੰਜਾਬੀ ਗ੍ਰਿਫ਼ਤਾਰ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਗੈਰ-ਕਾਨੂੰਨੀ ਸਿਗਰਟਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸਸਕੈਚਵਨ ਹਾਈਵੇਅ ਪੈਟਰੋਲ ਦੇ ਅਧਿਕਾਰੀਆਂ ਨੇ ਹਾਈਵੇਅ 16 ‘ਤੇ ਬੈਟਲ ਰਿਵਰ ਇਲਾਕੇ ਵਿੱਚ ਇੱਕ ਟਰੱਕ ਅਤੇ ਟ੍ਰੇਲਰ ਨੂੰ ਰੋਕਿਆ ਸੀ। ਤਲਾਸ਼ੀ ਦੌਰਾਨ ਟ੍ਰੇਲਰ ਦੇ ਅੰਦਰੋਂ ਲਗਭਗ 91 ਲੱਖ ਗੈਰ-ਕਾਨੂੰਨੀ ਸਿਗਰਟਾਂ ਮਿਲੀਆਂ ਜੋ 23 ਪੈਲੇਟਾਂ ਉੱਤੇ ਲੱਦੀਆਂ ਹੋਈਆਂ ਸਨ। ਪੁਲਿਸ ਮੁਤਾਬਕ ਇਹ ਸਾਰੀਆਂ ਸਿਗਰਟਾਂ ਬਿਨਾਂ ਮੋਹਰ (ਅਨਸਟੈਂਪਡ) ਵਾਲੀਆਂ ਸਨ ਅਤੇ ਗੈਰ-ਕਾਨੂੰਨੀ ਢੰਗ ਨਾਲ ਲਿਜਾਈਆਂ ਜਾ ਰਹੀਆਂ ਸਨ।
ਇਸ ਮਾਮਲੇ ਵਿੱਚ ਪੁਲਿਸ ਨੇ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਨਾਲ ਸਬੰਧਤ ਇੱਕ 41 ਸਾਲਾ ਵਿਅਕਤੀ ਹਰਵਿੰਦਰ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਪਹਿਲਾਂ ਹੀ ਓਨਟਾਰੀਓ ਵਿੱਚ ਤੰਬਾਕੂ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਵਿੱਚ ਜ਼ਮਾਨਤ ‘ਤੇ ਸੀ। ਅਦਾਲਤ ਵੱਲੋਂ ਉਸ ‘ਤੇ ਓਨਟਾਰੀਓ ਤੋਂ ਬਾਹਰ ਨਾ ਜਾਣ ਦੀਆਂ ਸ਼ਰਤਾਂ ਲਗਾਈਆਂ ਗਈਆਂ ਸਨ ਪਰ ਉਸ ਨੇ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ‘ਤੇ ਹੁਣ ਕਈ ਨਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਗੈਰ-ਕਾਨੂੰਨੀ ਤੰਬਾਕੂ ਦੀ ਵਿਕਰੀ, ਕਬਜ਼ਾ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਸ਼ਾਮਲ ਹੈ।
ਸਸਕੈਚਵਨ ਆਰਸੀਐਮਪੀ ਨੇ ਦੱਸਿਆ ਕਿ ਇਹ ਕਾਰਵਾਈ 20 ਜਨਵਰੀ ਦੀ ਰਾਤ ਨੂੰ ਅੰਜ਼ਾਮ ਦਿੱਤੀ ਗਈ ਸੀ। ਇਸ ਵੱਡੀ ਬਰਾਮਦਗੀ ਨਾਲ ਨਾ ਸਿਰਫ਼ ਗੈਰ-ਕਾਨੂੰਨੀ ਬਾਜ਼ਾਰ ਨੂੰ ਠੱਲ੍ਹ ਪਵੇਗੀ ਸਗੋਂ ਸਰਕਾਰ ਨੂੰ ਹੋਣ ਵਾਲੇ ਲੱਖਾਂ ਡਾਲਰਾਂ ਦੇ ਟੈਕਸ ਚੋਰੀ ਦੇ ਨੁਕਸਾਨ ਨੂੰ ਵੀ ਰੋਕਿਆ ਗਿਆ ਹੈ। ਹਰਵਿੰਦਰ ਕਾਹਲੋਂ ਨੂੰ ਨੌਰਥ ਬੈਟਲਫੋਰਡ ਦੀ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਈਵੇਅ ‘ਤੇ ਗੈਰ-ਕਾਨੂੰਨੀ ਵਸਤਾਂ ਦੀ ਤਸਕਰੀ ਨੂੰ ਰੋਕਣ ਲਈ ਨਿਗਰਾਨੀ ਹੋਰ ਸਖ਼ਤ ਕੀਤੀ ਗਈ ਹੈ।
ਇਸ ਬਰਾਮਦਗੀ ਨੂੰ ਸਸਕੈਚਵਨ ਵਿੱਚ ਹੁਣ ਤੱਕ ਦੀਆਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਸਿਗਰਟਾਂ ਕਿੱਥੋਂ ਲਿਆਂਦੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਪਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਨੈੱਟਵਰਕ ਦੀਆਂ ਜੜ੍ਹਾਂ ਫਰੋਲਣ ਵਿੱਚ ਜੁਟੀਆਂ ਹੋਈਆਂ ਹਨ। ਹਾਈਵੇਅ ਪੈਟਰੋਲ ਅਤੇ ਆਰਸੀਐਮਪੀ ਦੀ ਇਸ ਸਾਂਝੀ ਕਾਰਵਾਈ ਦੀ ਸੂਬਾ ਸਰਕਾਰ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। This report was written by Divroop Kaur as part of the Local Journalism Initiative

Share post:

Popular