Wednesday, April 15, 2026

ਸ਼ਰਾਬ ਦੀ ਦੁਕਾਨ ਵਿੱਚ ਨਸ਼ੇੜੀ ਰੈਕੂਨ ਨੇ ਪਾਇਆ ਭੜਥੂ

 

ਸਰੀ, (ਪਰਮਜੀਤ ਸਿੰਘ): ਵਰਜੀਨੀਆ ਰਾਜ ਦੇ ਐਸ਼ਲੈਂਡ ਸ਼ਹਿਰ ਵਿੱਚ ਇਕ ਸ਼ਰਾਬ ਦੀ ਦੁਕਾਨ ਦੇ ਕਰਮਚਾਰੀ ਨੂੰ ਉਸ ਸਮੇਂ ਭਾਰੀ ਹੈਰਾਨੀ ਹੋਈ ਜਦੋਂ ਸ਼ਨੀਚਰਵਾਰ ਨੂੰ ਕੰਮ ਤੇ ਪਹੁੰਚ ਕੇ ਉਸ ਨੇ ਦੁਕਾਨ ‘ਚ ਵਿਸਕੀ ਦੀਆਂ ਟੁੱਟੀਆਂ ਬੋਤਲਾਂ ਖਿਲਰੀਆਂ ਹੋਈਆਂ ਵੇਖੀਆਂ। ਪਰ ਇਸ ਤੋਂ ਵੀ ਹੈਰਾਨੀ ਵਾਲਾ ਪੱਖ ਇਹ ਸੀ ਕਿ ਮੁਲਜ਼ਮ ਜੋ ਬਾਥਰੂਮ ਦੇ ਟੌਇਲਟ ਵਿੱਚ ਪੇਟ ਦੇ ਭਾਰ ਪਿਆ ਅਤੇ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਮਿਲਿਆ। ਇਹ ਮੁਲਜ਼ਮ ਕੋਈ ਇਨਸਾਨ ਨਹੀਂ ਸਗੋਂ ਇਕ ਰੈਕੂਨ ਸੀ ਜੋ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਪਾਇਆ ਗਿਆ। ਇਸ ਘਟਨਾ ਦੀ ਜਾਂਚ ਲਈ ਸਥਾਨਕ ਐਨੀਮਲ ਕੰਟਰੋਲ ਦੀ ਅਧਿਕਾਰੀ ਸਮਾਂਥਾ ਮਾਰਟਿਨ ਮੌਕੇ ਉੱਤੇ ਪਹੁੰਚੀ। ਉਸ ਨੇ ਜਾਂਚ ਤੋਂ ਬਾਅਦ ਇਹ ਪੁਸ਼ਟੀ ਕੀਤੀ ਕਿ ਇਹ ਘਟਨਾ ਕਿਸੇ ਇਨਸਾਨ ਦੀ ਕਰਤੂਤ ਨਹੀਂ ਸਗੋਂ ਇਕ ਜੰਗਲੀ ਜਾਨਵਰ ਦੀ ਸੀ। ਸਮਾਂਥਾ ਮਾਰਟਿਨ ਨੇ ਦੱਸਿਆ ਕਿ ਸੰਭਾਵਤ ਤੌਰ ਤੇ ਰੈਕੂਨ ਛੱਤ ਰਾਹੀਂ ਅੰਦਰ ਡਿੱਗਿਆ ਅਤੇ ਫਿਰ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਨੇ ਦੁਕਾਨ ਦੀਆਂ ਰੈਕਾਂ ਤੋਂ ਵਿਸਕੀ ਦੀਆਂ ਬੋਤਲਾਂ ਧੱਕ ਕੇ ਥੱਲੇ ਸੁੱਟੀਆਂ ਅਤੇ ਸ਼ਰਾਬ ਪੀ ਲਈ। ਬੋਤਲਾਂ ਤੋੜਨ ਤੋਂ ਬਾਅਦ ਉਹ ਲੜਖੜਾਉਂਦਾ ਹੋਇਆ ਬਾਥਰੂਮ ਤੱਕ ਪਹੁੰਚਿਆ ਅਤੇ ਟੌਇਲਟ ਦੇ ਅੰਦਰ ਡਿੱਗ ਕੇ ਬੇਹੋਸ਼ ਹੋ ਗਿਆ। ਸਮਾਂਥਾ ਮਾਰਟਿਨ ਨੇ ਕਿਹਾ ਕਿ ਉਸ ਨੇ ਰੈਕੂਨ ਨੂੰ ਸੁਰੱਖਿਅਤ ਢੰਗ ਨਾਲ ਫੜ ਕੇ ਜਾਨਵਰਾਂ ਦੇ ਸ਼ੈਲਟਰ ਵਿੱਚ ਪਹੁੰਚਾਇਆ।
ਉਸ ਨੇ ਹੱਸਦਿਆਂ ਕਿਹਾ ਕਿ ਉਸ ਨੂੰ ਇਸ ਅਜੀਬ ਘਟਨਾ ਦੌਰਾਨ ਉਥੇ ਮੌਜੂਦ ਹਰ ਕਿਸੇ ਨੂੰ ਕਾਫੀ ਹਾਸਾ ਵੀ ਆਇਆ। ਉਸ ਨੇ ਕਿਹਾ ਕਿ ਇਕ ਐਨੀਮਲ ਕੰਟਰੋਲ ਅਫਸਰ ਦੀ ਜ਼ਿੰਦਗੀ ਵਿਚ ਅਜਿਹੇ ਅਜੀਬ ਦਿਨ ਵੀ ਆ ਜਾਂਦੇ ਹਨ।
ਇਸ ਘਟਨਾ ਬਾਰੇ ਸਰਕਾਰੀ ਪੁਸ਼ਟੀ ਹੈਨੋਵਰ ਕਾਊਂਟੀ ਐਨੀਮਲ ਪ੍ਰੋਟੈਕਸ਼ਨ ਐਂਡ ਸ਼ੈਲਟਰ ਵੱਲੋਂ ਕੀਤੀ ਗਈ ਸੰਸਥਾ ਨੇ ਜਾਣਕਾਰੀ ਦਿੱਤੀ ਕਿ ਕੁਝ ਘੰਟਿਆਂ ਦੀ ਨੀਂਦ ਤੋਂ ਬਾਅਦ ਰੈਕੂਨ ਪੂਰੀ ਤਰ੍ਹਾਂ ਹੋਸ਼ ਵਿੱਚ ਆ ਗਿਆ। ਏਜੰਸੀ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਮੀਦ ਹੈ ਕਿ ਰੈਕੂਨ ਨੇ ਹੁਣ ਇਹ ਸਿੱਖ ਗਿਆ ਹੋਵੇਗਾ ਕਿ ਤੋੜ ਫੋੜ ਕਰਕੇ ਅੰਦਰ ਦਾਖਲ ਹੋਣਾ ਹੱਲ ਨਹੀਂ ਹੁੰਦਾ।
ਇਹ ਘਟਨਾ ਐਸ਼ਲੈਂਡ ਸ਼ਹਿਰ ਵਿੱਚ ਥੈਂਕਸਗਿਵਿੰਗ ਦੀ ਛੁੱਟੀ ਦੌਰਾਨ ਵਾਪਰੀ ਜੋ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ।

Popular