Tuesday, March 10, 2026

ਸ਼ਹੀਦ ਭਾਈ ਅਮਰਜੀਤ ਸਿੰਘ ਜੀ ‘ਸ਼ਹਿਜਾਦਾ’

ਸ਼ਹੀਦ ਭਾਈ ਅਮਰਜੀਤ ਸਿੰਘ ਜੀ ‘ਸ਼ਹਿਜਾਦਾ’ ਦੇ ਪਰਿਵਾਰ ਵਲੋਂ ਸਾਂਝੀ ਕੀਤੀ ਗਈ ਸ਼ਹੀਦੀ ਦੀ ਦਾਸਤਾਨ
ਸ਼ਹੀਦ ਭਾਈ ਅਮਰਜੀਤ ਸਿੰਘ ਜੀ ‘ਸ਼ਹਿਜਾਦਾ’ ਅਪ੍ਰੈਲ 1966 ਨੂੰ ਪਿੰਡ ਧੀਰੋਵਲ, ਜ਼ਿਲ੍ਹਾ ਜਲੰਧਰ ਦੇ ਵਸਨੀਕ ਸਰਦਾਰ ਇੰਦਰ ਸਿੰਘ ਦੇ ਘਰ ਪੈਦਾ ਹੋਏ। ਪਰਿਵਾਰ ਦੇ ਜੀਅ ਆਪਜੀ ਨੂੰ ਪਿਆਰ ਨਾਲ ‘ਕਾਲੂ’ ਕਹਿ ਕੇ ਬੁਲਾਇਆ ਕਰਦੇ ਸੀ। ਭਾਈ ਸਾਹਿਬ ਜੀ ਦਾ ਇੱਕ ਭਰਾ ਸੀ, ਜੋ ਉਮਰੋ ਭਾਈ ਸਾਹਿਬ ਤੋਂ ਵੱਡਾ ਸੀ ਤੇ ਦੋ ਭੈਣਾਂ ਸਨ। ਇੱਕ ਬੱਚੇ ਦੇ ਰੂਪ ਵਿੱਚ ਭਾਈ ਸਾਹਿਬ ਜੀ ਨੂੰ ਹਮੇਸ਼ਾ ਪਰਿਵਾਰ ਦਾ ਬਹੁਤ ਲਾਡ-ਪਿਆਰ ਮਿਲਿਆ ਸੀ ਅਤੇ ਇਹ ਸੱਚ ਸੀ ਕਿ ਉਹਨਾਂ ਦਾ ਕਿਸੀ ਹੋਰ ਦੇ ਨਾਲ ਜੁੜਨਾ ਕਦੀ ਨੀ ਹੋਇਆ। ਓਹਨਾਂ ਦਾ ਸੋਚਣਾ ਸੀ ਕਿ ਜਾਂ ਤਾਂ ਪੜਨਾ ਹੈ ਜਾਂ ਖੇਤਾਂ ਵਿੱਚ ਕੰਮ ਕਰਨ ਜਾਣਾ ਹੈ। ਭਾਈ ਸਾਹਿਬ ਫ਼ੋਟੋ ਲੈਣੇ ਜਾਂ ਇੱਥੋ ਤਕ ਕਿ ਟੀ.ਵੀ ਦੇਖਣ ਦੇ ਸ਼ੌਕੀਨ ਕਦੀ ਨਹੀਂ ਸੀ। ਉਹ ਪਾਠ ਕੀਰਤਨ ਵਿਚ ਰੁੱਝੇ ਰਹਿੰਦੇ ਅਤੇ ਓਹ ਇੱਕ ਗਰਮ ਸੁਭਾਅ ਦੇ ਮਾਲਿਕ ਸਨ। ਇਕ ਵਾਕਾ, ਕਿਹਾ ਜਾਂਦਾ ਹੈ ਕਿ ਇਕ ਵਾਰ ਭਾਈ ਸਾਹਿਬ ਜੁੱਤੀ ਦੀ ਇੱਕ ਜੋੜੀ ਖਰੀਦਣ ਲਈ ਦੁਕਾਨਾਂ ਤੇ ਚਲੇ ਗਏ। ਸੱਚਾਈ ਪਸੰਦ ਜੀਵ ਆਤਮਾ ਦੇ ਧਾਰਨੀ ਭਾਈ ਸਾਹਿਬ ਨੇ ਇੱਕ ਜੋੜੇ ਨੂੰ ਪਸੰਦ ਕੀਤਾ ਅਤੇ ਓਹਨੂੰ ਖਰੀਦ ਲਿਆ। ਪਰ ਕਿਸੇ ਵਾਜੋਂ ਪਸੰਦ ਨਾ ਆਉਣ ਕਰਕੇ ਦੂਜੇ ਦਿਨ ਉਹ ਬਦਲਾਉਣ ਲਈ ਦੁਕਾਨ ਵਿੱਚ ਵਾਪਸ ਚਲੇ ਗਏ ਪਰ ਦੁਕਾਨਦਾਰ ਨੇ ਵਾਪਸ ਲੈਣ ਤੋਂ ਨਾ ਕਰ ਦਿਤੀ ਜਿਸ ਵਾਜੋਂ ਭਾਈ ਸਾਹਿਬ ਨੂੰ ਗੁੱਸਾ ਆ ਗਿਆ ਅਤੇ ਦੁਕਾਨਦਰ ਦੇ ਸਿਰ ਦੇ ਮਾਰਿਆ ਜੋੜਾ ਅਤੇ ਜੁੱਤੀ ਉਥੇ ਸੁੱਟ ਕੇ ਘਰ ਵਾਪਸ ਮੁੜ ਆਏ।
ਆਪਜੀ ਪੰਜਵੀਂ ਜਮਾਤ ਤਕ ਧੀਰੋਵਾਲ ਹੀ ਪੜੇ ਅਤੇ ਫਿਰ 10ਵੀਂ ਜਮਾਤ ਤਕ ਪਿੰਡ ਦੂਲੀਕੇਹ ਦੇ ਇਕ ਸਥਾਨਕ ਸਕੂਲ ਵਿੱਚ ਪਾਸ ਕੀਤੀ। 10 ਵੀਂ ਜਮਾਤ ਤੋਂ ਬਾਅਦ ਆਪਜੀ ਨੇ ਮੈਡੀਕਲ ਦੀ ਪੜਾਈ ਸ਼ੁਰੂ ਕਰ ਦਿਤੀ। ਇੱਕ ਵਾਰ ਜਦ ਬਰਸਾਤ ਦੇ ਦਿਨਾਂ ਚ ਪਿੰਡ ਚ ਹੜ ਆਇਆ ਸੀ ਤਾਂ ਭਾਈ ਸਾਹਿਬ ਜੀ ਨੇ ਮੁਫਤ ਹੀ ਪਿੰਡ ਵਿੱਚ ਦਵਾਈਆਂ ਦੀ ਨਿਸ਼ਕਾਮ ਸੇਵਾ ਨਿਵਾਈ। ਭਾਈ ਸਾਹਿਬ ਜੀ ਨੇ ਬਾਬਾ ਨਿਹਾਲ ਸਿੰਘ ਜੀ ਪਾਸੋਂ ਹੁਸ਼ਿਆਰਪੁਰ ਦੇ ਹਰੀਆਂ ਵੇਲਾ ਵਿਖੇ ਲਗਭਗ 18 ਸਾਲ ਦੀ ਉਮਰ ਵਿੱਚ ਅੰਮ੍ਰਿਤਪਾਨ ਲਿਆ। ਆਪਜੀ ਬਚਪਨ ਦੇ ਸਮੇ ਤੋਂ ਹੀ ਕੇਸਧਾਰੀ ਸਨ। ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ। ਕਬੱਡੀ ਖੇਡਦਿਆਂ ਓਹਨਾਂ ਨੇ ਕਈ ਖਿਤਾਬ ਆਪਣੇ ਨਾਂ ਕੀਤੇ ਹੋਏ ਸੀ। ਜਦ ਆਪਜੀ 18-19 ਸਾਲ ਦੇ ਸੀ ਤਾਂ ਆਪ ਨੇ ਮਾਂ ਨੂੰ ਕਿਹਾ ਕਿ ਮੈਨੂੰ ਇਕ ਚੋਲਾ ਬਨਵਾ ਦਿਓ! ਮਾਂ ਨੇ ਪੁਛਿਆ ਕਿ ਪੁੱਤ ਜੀ, ਚੋਲਾ ਕਾਹਦੇ ਵਾਸਤੇ ਚਾਹੁੰਦੇ ਹੋ? ਮਾਂ ਦੇ ਸੁਆਲ ਸੁਣ ਕੇ ਆਪਨੇ ਕਿਹਾ ਕਿ ਚੋਲਾ ਗੱਤਕੇ ਲਈ ਜ਼ਰੂਰੀ ਹੈ ਲੇਕਿਨ ਇਹ ਕੋਈ ਨਹੀ ਸੀ ਜਾਣਦਾ ਕਿ ਵਾਹਿਗੁਰੂ ਇਹ ਸਬ ਆਪ ਖੇਡ ਰਚਾ ਰਹੇ ਹਨ। ਗਤਕਾ ਸਿੱਖ ਸੰਘਰਸ਼ ਦਾ ਹਿੱਸਾ ਸੀ ਇਹੀ ਵਾਸਤਵਿਕਤਾ ਸੀ ਜੋ ਕੋਈ ਨਹੀ ਜਾਣਦਾ।
ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਅਤੇ ਭਾਈ ਵਧਾਵਾ ਸਿੰਘ ਜੀ ਦੀ ਅਗਵਾਈ ਵਿੱਚ ਭਾਈ ਅਮਰਜੀਤ ਸਿੰਘ ਜੀ ਨੇ ਸਿੱਖਾਂ ਦੇ ਅਜ਼ਾਦੀ ਦੇ ਅੰਦੇਲਨ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ। ਭਾਈ ਅਮਰਜੀਤ ਸਿੰਘ ਜੀ ਦੇ ਸਰੀਰਕ ਕੱਦ ਅਤੇ ਬੋਲਣ ਦੇ ਸ਼ਾਹਿਨਸ਼ਾਹੀ ਅੰਦਾਜ਼ ਤੋਂ ਪ੍ਰਭਾਵਿਤ ਹੋਕੇ ਭਾਈ ਸੁਖਦੇਵ ਸਿੰਘ ਬੱਬਰ ਜੀ ਨੇ ਆਪਜੀ ਨੂੰ – ‘ਪ੍ਰਿੰਸ’ ਜਾਂ ‘ਸ਼ਹਿਜਾਦਾ’ ਦਾ ਖਿਤਾਬ ਦਿੱਤਾ। ਓਸ ਵੇਲੇ ਭਾਈ ਅਮਰਜੀਤ ਸਿੰਘ ਜੀ 22 ਜਾਂ 23 ਸਾਲ ਦੇ ਸੀ ਅਤੇ ਉਹ ਇੱਕ ਮਜਬੂਤ ਸਰੀਰ ਅਤੇ ਰੋਸ਼ਨ ਚਿਹਰੇ ਦੇ ਮਾਲਿਕ ਸਨ ਅਤੇ ਆਪਜੀ ਨੂੰ ਸਾਰੇ ਸਿੰਘ ‘ਸ਼ਹਿਜਾਦਾ’ ਕਹਿ ਕੇ ਬੁਲਾਉਂਦੇ ਸੀ। ਭਾਈ ਸਾਹਿਬ ਦਾ ਹਮੇਸ਼ਾ ਮੁਸਕੁਰਾਉਣ ਅਤੇ ਹੱਸਣ ਖੇਡਣ ਵਾਲਾ ਸੁਭਾਅ ਹੋਣ ਕਰਕੇ ਜੋ ਵੀ ਇਕ ਵਾਰ ਓਹਨਾਂ ਨੂੰ ਮਿਲ ਲੈਂਦਾ ਸੀ, ਬਸ ਓਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਦੂਜੇ ਸ਼ਬਦਾਂ ਚ ਕਹਿ ਸਕਦੇ ਹਾਂ ਕਿ ਓਹਨਾਂ ਦਾ ਬਣ ਜਾਂਦਾ।
ਭਾਈ ਸਾਹਿਬ ਜੀ ਨੇ ਘਰ ਦੇ ਆਰਾਮ ਬਾਰੇ ਕਿਸੇ ਕਿਸਮ ਦੀ ਪਰਵਾਹ ਨਹੀਂ ਕੀਤੀ। ਆਪਣੇ ਪਰਿਵਾਰ ਦੇ ਲਈ ਲਗਾਅ ਕਦੀ ਜਿਆਦਾ ਨਹੀਂ ਰੱਖਿਆ, ਜੋ ਓਹਨਾਂ ਨੂੰ ਖਿੱਚ ਲੈਂਦਾ। ਭਾਈ ਸਾਹਿਬ ਹਮੇਸ਼ਾ ਇਹੀ ਆਖਦੇ ਕਿ ਇੱਕ ਦਿਨ ਉਹ ਆਪਣੇ ਪੰਥ ਲਈ ਸ਼ਹੀਦ ਹੋ ਜਾਵੇਗਾ ਓਹ ਹਮੇਸ਼ਾਂ ਕਹਿੰਦੇ ਕਿ ਇਹ ਜੀਵਨ ਸਿਰਫ ਕੌਮ ਲਈ ਮਿਲਿਆ ਹੈ ਤੇ ਜਾਨ ਕੌਮ ਦੀ ਅਮਾਨਤ ਹੋਣ ਕਰਕੇ ਇਸਦਾ ਮੋਹ ਨਹੀਂ ਰੱਖਣਾ। ਭਾਈ ਸਾਹਿਬ ਜੀ ਦੇ ਮਾਤਾ ਜੀ ਨੇ ਕਿਹਾ ਕਿ ਅੱਧਾ ਘਰ ਤੇਰੇ ਹਿੱਸੇ ਲਿਖ ਦੇਂਦੇ ਹਾਂ, ਜੇਕਰ ਇਹੋ ਜਹੀ ਕੋਈ ਇੱਛਾ ਹੈ ਤਾਂ… ਪਰ ਘਰ ਬੈਠੋ, ਪਰ ਭਾਈ ਸਾਹਿਬ ਜੀ ਨੇ ਕਿਹਾ ਕਿ ਫਿਰ ਕਦੀ ਇਹ ਨਾ ਕਹਿਓ, ਮੈਨੂ ਕੋਈ ਚਾਅ ਨਹੀ ਹੈ ਘਰ ਜਮੀਨ ਦਾ, ਮੈਂ ਘਰ ਨੀ ਬੈਠ ਸਕਦਾ। ਜੂਨ 1984 ਦੀਆਂ ਘਟਨਾਵਾਂ ਨੇ ਆਪਜੀ ਦੇ ਜੀਵਨ ਤੇ ਗਹਿਰਾ ਪ੍ਰਭਾਵ ਕੀਤਾ ਸੀ। ਓਹ ਹਰ ਵੇਲੇ ਬੇਚੈਨ ਰਹਿਣ ਲੱਗੇ ਸੀ, ਆਤਮਾ ਅੰਦਰੋ ਅੰਦਰ ਕੁਰਲਾ ਰਹੀ ਸੀ। ਇਕ ਦਿਨ ਘਰ ਬਹਾਨਾ ਕੀਤਾ ਕਿ ਜਿਥੇ ਆਪ ਮੈਡੀਕਲ ਸਟੋਰ ਕਰਦੇ ਹਨ ਓਥੇ ਜਾ ਰਹੇ ਹਨ, ਬਾਹਰ ਸਾਇਕਲ ਖੜਾ ਸੀ ਭਾਈ ਸਾਹਿਬ ਜੀ ਨੇ ਸਾਇਕਲ ਲਿਆ ਤੇ ਘਰ ਛੱਡ ਦਿੱਤਾ। ਫੇਰ ਕਦੀ ਮੁੜਕੇ ਘਰ ਵਾਪਸ ਨੀ ਆਏ ਅਤੇ ਰੂਪੋਸ਼ ਹੋ ਗਏ। ਕਈ ਉਪਰਾਲਿਆਂ ਦੇ ਬਾਅਦ, ਉਹ ਬੱਬਰ ਖਾਲਸਾ ਦੇ ਸਿੰਘਾਂ ਦੇ ਸੰਪਰਕ ਵਿੱਚ ਆਉਣ ਲਈ ਕਾਹਲੇ ਫਿਰਦੇ ਰਹੇ। ਇਕ ਦਿਨ ਭਾਈ ਵਧਾਵਾ ਸਿੰਘ ਜੀ ਨਾਲ ਮੇਲ ਹੋਇਆ ਤੇ ਆਪਜੀ ਨੇ ਆਪਣੇ ਆਪ ਨੂੰ ਪੰਥ ਦੀ ਸੇਵਾ ਲਈ ਬੇਨਤੀ ਕੀਤੀ ਅਤੇ ਆਪਣੇ ਜੀਵਨ ਦੇ ਅਖੀਰਲੇ ਸਵਾਸਾਂ ਤਕ ਸੇਵਾ ਨਿਵਾਉਂਦੇ ਰਹੇ।
ਭਾਈ ਸਾਹਿਬ ਜੀ ਦੋ ਅਤੇ ਇੱਕ ਅੱਧਾ ਸਾਲ ਹੋਰ ਤਕ ਆਪਣੇ ਪਰਿਵਾਰ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ। ਆਪਜੀ ਦੇ ਪਰਿਵਾਰ ਨੇ ਆਪਜੀ ਨਾਲ ਮੇਲ ਕਰਨ ਦੀ ਬਹੁਤੀਆਂ ਕੋਸ਼ਿਸ਼ਾਂ ਕੀਤੀਆ, ਹਰ ਥਾਂ ਤਲਾਸ਼ ਕੀਤਾ, ਕਿਤੇ ਕੋਈ ਪਤਾ ਥੋ ਨਾ ਲੱਗਿਆ। ਅੰਤ ਵਿੱਚ, ਆਪਜੀ ਨੂੰ ਸ਼ਹੀਦ ਜਾਂ ਕਿਸੇ ਵਲੋਂ ਮਾਰ ਦਿਤਾ ਗਿਆ ਸਮਝ, ਵਿਸ਼ਵਾਸ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਓਹਨਾਂ ਦੀ ਯਾਦ ਵਿਚ ਇੱਕ ਅਖੰਡ ਪਾਠ ਵੀ ਕਰਵਾ ਲਿਆ ਗਿਆ ਅਤੇ ਓਹਨਾਂ ਦੀ ਅੰਤਮ ਅਰਦਾਸ ਵੀ ਕਰਵਾ ਦਿਤੀ ਗਈ। ਇਕ ਦਿਨ ਭਾਈ ਸਾਹਿਬ ਜੀ ਅਚਾਨਕ ਆਪਣੇ ਭਰਾ ਨੂੰ ਮਿਲ ਪਏ ਅਤੇ ਜਦ ਆਪਜੀ ਨੂੰ ਪਤਾ ਲੱਗਿਆ ਕਿ ਆਪਜੀ ਦੀ ਸ਼ਹੀਦੀ ਦੀ ਯਾਦ ਚ ਅਖੰਡ ਪਾਠ ਕਰਵਾ ਦਿੱਤੇ ਗਏ ਨੇ ਅਤੇ ਅੰਤਿਮ ਅਰਦਾਸ ਵੀ ਕਰਵਾ ਦਿਤੀ? ਤਾਂ ਆਪਨੇ ਆਪਣੇ ਭਰਾ ਨੂੰ ਕਿਹਾ ਕਿ – “ਆਪ ਨੇ ਬਹੁਤ ਚੰਗਾ ਕੀਤਾ, ਅੱਜਕਲ ਸਮਾ ਹੀ ਐਸਾ ਹੈ ਕਿ ਹਰ ਦਿਨ ਪੁਲਿਸ ਦੇ ਹਥੋਂ ਕੋਈ ਨਾ ਕੋਈ ਸਿੰਘ ਸ਼ਹੀਦ ਕੀਤਾ ਜਾ ਰਿਹਾ ਹੈ, ਘਰ ਪਰਿਵਾਰ ਨੂੰ ਖਬਰ ਤਕ ਨੀ ਦਿਤੀ ਜਾ ਰਹੀ, ਤਾਂ ਜੋ ਓਸਦੀ ਯਾਦ ਚ ਅੰਤਿਮ ਅਰਦਾਸ ਕਰਵਾਈ ਜਾ ਸਕੇ। ਹੋ ਸਕਦਾ ਮੇਰੀ ਸ਼ਹੀਦੀ ਦੀ ਖਬਰ ਵੀ ਨਾ ਆਪਜੀ ਨੂੰ ਲੱਗੇ, ਸੋ ਚੰਗਾ ਕੀਤਾ ਪਹਿਲਾਂ ਹੀ ਸਬ ਕੁਝ ਹੋ ਗਿਆ ਵਾਹਿਗੁਰੂ ਦੀ ਇਹੀ ਇਛਾ ਹੋਵੇਗੀ।”
ਜਦ ਬੱਬਰ ਖਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਕਰੀਬ ਹੋ ਗਏ ਤਾਂ ਜਨਰਲ ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਭਾਈ ਸ਼ਹਿਜਾਦਾ ਨੂੰ ਮਿਲਣ ਓਹਨਾਂ ਦੇ ਟਿਕਾਣਿਆਂ ਤੇ ਮਿਲਦੇ ਰਹਿੰਦੇ ਸੀ। ਭਾਈ ਬ੍ਰਹਮਾ ਜੀ ਅਕਸਰ ਆਖਦੇ ਕਿ ਚਾਹੇ ਮੈਂ ਕਿੰਨਾ ਵੀਂ ਥੱਕਿਆ ਕਿਉਂ ਨਾ ਹੋਵਾਂ ਪਰ ਭਾਈ ਸ਼ਹਿਜਾਦਾ ਨੂੰ ਮਿਲਦਿਆਂ ਹੀ ਮੇਰੀ ਸਾਰੀ ਥਕਾਨ ਦੁਰ ਜਾਂਦੀ ਹੈਂ। ਕਿਸੇ ਨੂੰ ਵੀਂ ਬਬਰ ਖ਼ਾਲਸਾ ਦੇ ਸਿੰਘਾਂ ਦੀ ਸੇਵਾ ਭਾਵ ਅਤੇ ਅਨੁਸ਼ਾਸਨ ਉਤੇ ਕੋਈ ਸ਼ੱਕ ਨਹੀ ਸੀ। ਕੋਈ ਵੀਂ ਸਿੰਘ ਜਥੇਦਾਰ ਦੇ ਬਚਨ ਨਹੀਂ ਸੀ ਮੋੜਦਾ। ਭਾਈ ਅਮਰਜੀਤ ਸਿੰਘ ਵੀ ਹਮੇਸ਼ਾ ਅਨੁਸ਼ਾਸਨ ਵਿੱਚ ਬਣ ਕੇ ਰਹਿੰਦੇ। ਭਾਈ ਅਮਰਜੀਤ ਸਿੰਘ, ਖਾਲਸਾ ਰਹਿਤ ਮਰਿਆਦਾ ਦੇ ਪੱਕੇ ਧਾਰਨੀ ਸਨ, ਓਹਨਾਂ ਨੂੰ ਬਹੁਤੀਆਂ ਬਾਣੀਆਂ ਕੰਠ ਸਨ। ਉਹ ਅੰਮ੍ਰਿਤ ਵੇਲੇ 3 ਵਜੇ ਉਠ ਕੇ ਨਿਤਨੇਮ ਸ਼ੁਰੂ ਕਰਦੇ ਅਤੇ ਸਵੇਰ 8 ਤਕ ਜਾਰੀ ਰੱਖਦੇ ਸਨ।
ਭਾਈ ਅਮਰਜੀਤ ਸਿੰਘ ਜੀ, ਭਾਈ ਵਧਾਵਾ ਸਿੰਘ ਜੀ ਨੂੰ ਅਕਸਰ ਕਹਿੰਦੇ ਕਿ – “ਭਾਈ ਸਾਹਿਬ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਲੇਕਿਨ ਮੈਂ ਜਦ ਵੀ ਮਿਸ਼ਨ ਤੇ ਬਾਹਰ ਜਾਣ ਲਈ ਨਿਕਲਾਂ ਤਾਂ ਮੈਨੂੰ ਇੱਕ ਨਵਾਂ ਸੋਹਣਾ ਕੁੜਤਾ-ਪਜਾਮਾ ਜਰੂਰ ਦਿਓ ਤਾਂਕਿ ਅਗਰ ਮੈਂ ਸ਼ਹੀਦ ਹੋ ਜਾਵਾਂ ਅਤੇ ਜਦੋਂ ਲੋਕੀ ਮੈਨੂੰ ਵੇਖਣ ਲਈ ਆਉਣ, ਮੈਂ ਇੱਕ ਚੰਗੇ ਸੋਹਣੇ ਕੁੜਤੇ-ਪਜਾਮੇ ਵਿਚ ਖੇਤਾਂ ਵਿੱਚ ਸ਼ਹੀਦੀ ਸਰੂਪ ਚ ਪਿਆ ਹੋਵਾਂ ਤਾਂ ਮੇਰੇ ਚਿਹਰੇ ਦਾ ਨੂਰ ਗੱਭਰੂਆਂ ਨੂੰ ਸੰਘਰਸ਼ ਵਲ ਨੂੰ ਖਿਚਣ ਨੂੰ ਪ੍ਰੇਰਿਤ ਕਰੇ ਅਤੇ ਓਹਨਾਂ ਦੇ ਦਿਲ ਵਿੱਚ ਖ਼ੁਦ ਨੂੰ ਜੁਝਾਰੂ ਸਿੰਘਾਂ ਦੇ ਵਿਚ ਸ਼ਾਮਿਲ ਹੋਣ ਲਈ ਖਿੱਚ ਪੈਦਾ ਕਰੇ।” ਭਾਈ ਸਾਹਿਬ ਆਪਣੀ ਮਾਂ ਦੇ ਸੁਪਨਿਆਂ ਵਿੱਚ ਆਉਂਦੇ ਪ੍ਰਤੀਤ ਹੁੰਦੇ ਕਿ ਸ਼ਹਿਜਾਦਾ ਮਾਡਲ ਟਾਉਨ ਵਿੱਚ ਹੈਂ, ਸੁਪਨੇ ਵਿਚ ਸੁਨੇਹਾ ਭੇਜਦੇ ਹਨ ਕਿ ਜਲੰਧਰ ਵਿੱਚ ਇੱਕ ਗੁਪਤ ਸਥਾਨ ਉੱਤੇ ਅਗਲੇ ਦਿਨ ਉਹ ਮਿਲਣ ਆਉਣਗੇ। ਮਾਂ ਦਾ ਦਿਲ ਹੈ ਜੋ ਉਡਾਨਾ ਭਰਦਾ ਹੈ ਪੁੱਤ ਵਾਸਤੇ। ਭਾਈ ਸਾਹਿਬ ਜੀ ਅਕਸਰ ਗੋਲਾ ਬਰੂਦ ਖਰੀਦਣ ਬੇ-ਖ਼ੋਫ਼ ਪਾਕਿਸਤਾਨ ਪਾਰ ਚਲੇ ਜਾਂਦੇ ਹਾਲਾਕਿ ਬੀ.ਐਸ.ਐਫ਼ ਓਹਨਾਂ ਤੇ ਕੜੀ ਨਿਗ੍ਹਾ ਰੱਖਦੀ ਫਿਰਦੀ ਸੀ ਪਰ ਭਾਈ ਸਾਹਿਬ ਜੀ ਕਦੀ ਓਹਨਾਂ ਦੀ ਪਕੜ ਚ ਨਹੀ ਆਉਂਦੇ।
ਭਾਈ ਸ਼ਹਿਜਾਦਾ ਜੀ ਖਾੜਕੂ ਸਿੰਘਾਂ ਦੇ ਪੈਸਿਆਂ ਦੀ ਦੇਖ ਰੇਖ ਕਰਦੇ ਹੁੰਦੇ ਸੀ। ਭਾਈ ਸਾਹਿਬ ਕੋਲ ਲਗਭਗ 15-20 ਲੱਖ ਰੁਪਏ ਦੀ ਰਕਮ ਸੀ ਜੋ ਉਹਨਾਂ ਆਪਣੀ ਛੋਟੀ ਮਾਮੀ ਦੇ ਘਰ ਰੱਖੀ ਹੋਈ ਸੀ। ਇੱਕ ਵੱਡੀ ਡੀਲ ਖਾਤਰ ਭਾਈ ਸ਼ਹਿਜਾਦਾ ਜੀ ਅਤੇ ਖਾੜਕੂ ਸਿੰਘਾਂ ਨੇ ਜਲੰਧਰ ਬਸ ਅੱਡੇ ਤੇ ਇਕ ਆਦਮੀ ਨੂੰ ਮਿਲਣਾ ਸੀ। ਇਹ ਡੀਲ ਪੈਸੇ ਦੇਕੇ ਗੋਲਾ ਬਰੂਦ ਵਗੈਰਾ ਖਰੀਦਣ ਲਈ ਸੀ। ਭਾਈ ਸਾਹਿਬ ਜੀ ਆਪਣੇ ਚਾਚੇ ਦੇ ਪੁੱਤਰ ਭਾਈ ਪਰਮਜੀਤ ਸਿੰਘ ਪਹਿਲਵਾਨ ਦੇ ਘਰ ਚਲੇ ਗਏ ਪਰ ਭਾਈ ਪਰਮਜੀਤ ਸਿੰਘ ਘਰ ਨਹੀ ਸੀ। ਸ਼ਹਿਜਾਦਾ ਨੇ ਸਮਾਨ ਦੇ ਨਾਲ ਓਹਨਾਂ ਦੇ ਘਰ ਜਾਣਾ ਠੀਕ ਨੀ ਸਮਝਿਆ ਤੇ ਆਪਣੀ ਛੋਟੀ ਚਾਚੀ ਦੇ ਘਰ ਚਲੇ ਗਏ, ਜੋ ਕੁਝ ਦੂਰੀ ‘ਤੇ ਹੀ ਸੀ। ਓਸ ਸਮੇ ਭਾਈ ਸਾਹਿਬ ਜੀ ‘ਤੇ ਭਾਰਤ ਸਰਕਾਰ ਨੇ ਪੰਜ ਲਖ ਦਾ ਇਨਾਮ ਰੱਖਿਆ ਹੋਇਆ ਸੀ। ਭਾਈ ਸਾਹਿਬ ਜੀ ਰਾਤ ਓਹਨਾਂ ਦੇ ਰੁਕੇ ਤੇ ਆਪਣੇ ਪੈਸਿਆਂ ਵਾਲਾ ਬੈਗ ਓਹਨਾਂ ਦੇ ਹਵਾਲੇ ਕੀਤਾ ਤੇ ਕਿਹਾ ਕਿ ਇਹ ਇਥੇ ਰੱਖਣਾ, ਮੈਂ ਕਿਸੇ ਜਰੂਰੀ ਕੰਮ ਜਾ ਰਿਹਾ ਹਾਂ, ਜਰੂਰਤ ਹੋਣ ਤੇ ਲੈ ਜਾਵਾਂਗਾ। ਭਾਈ ਸ਼ਹਿਜਾਦਾ ਜੀ ਦੇ ਛੋਟੀ ਚਾਚੇ ਅਤੇ ਚਾਚੀ ਨੇ ਜਦ ਓਹ ਬੈਗ ਖੋਲਕੇ ਵੇਖਿਆ ਤਾਂ ਮਨ ਚ ਲਾਲਚ ਹੋ ਗਿਆ, ਏਨੀ ਰਕਮ ਵੇਖ ਕੇ ਅਤੇ ਨਾਲ ਹੀ ਇਹ ਵੀ ਪਤਾ ਸੀ ਕਿ ਸ਼ਹਿਜਾਦਾ ਤੇ ਪੰਜ ਲੱਖ ਦਾ ਇਨਾਮ ਵੀ ਹੈ… ਫਿਰ ਕੀ ਸੀ, ਬਸ ਇਥੇ ਹੀ ਇਕ ਸਾਜਿਸ਼ ਘੜ ਦਿਤੀ ਗਈ।
ਦੂਜੇ ਦਿਨ ਸਵੇਰੇ ਭਾਈ ਸ਼ਹਿਜਾਦਾ ਆਰਾਮ ਨਾਲ ਤਿਆਰ ਹੋਏ ਅਤੇ ਸਕੂਟਰ ਨੂੰ ਸਟਾਰਟ ਕਰਨ ਲੱਗੇ। ਇਕ ਕਿੱਕ ਮਾਰੀ, ਦੋ ਮਾਰੀਆ ਪਰ ਸਕੂਟਰ ਸਟਾਰਟ ਨੀ ਹੋ ਰਿਹਾ ਸੀ। ਭਾਈ ਸਾਹਿਬ ਨੂੰ ਏਸ ਗੱਲ ਦਾ ਜਰਾ ਵੀ ਇਹਿਸਾਸ ਨਹੀ ਸੀ ਕਿ ਸਕੂਟਰ ਨਾਲ ਛੇੜਖਾਣੀ ਕਰ ਦਿਤੀ ਗਈ ਹੈ ਪਰ ਭਾਈ ਸਾਹਿਬ ਜੀ ਸਕੂਟਰ ਨੂੰ ਲੱਗੇ ਹੋਏ ਸੀ, ਦੂਜੇ ਪਾਸੇ ਚਾਚੇ ਦੇ ਪੁੱਤ ਨੇ ਭਾਈ ਸਾਹਿਬ ਜੀ ਨੂੰ ਪੁਲਿਸ ਹਵਾਲੇ ਕਰਨ ਦੀ ਸਾਜਿਸ਼ ਘੜ ਦਿਤੀ। ਪੁਲਿਸ ਕੋਲ ਪਹੁੰਚਕੇ ਭਾਈ ਸਾਹਿਬ ਬਾਰੇ ਮੁਖਬਰੀ ਕੀਤੀ ਅਤੇ ਨਾਲ ਹੀ 5 ਲੱਖ ਦੇ ਇਨਾਮ ਦੀ ਮੰਗ ਵੀਂ ਰੱਖੀ। ਨਾਲ ਹੀ ਪੁਲਿਸ ਨੂੰ ਇਹ ਵੀਂ ਸਮਝਾਇਆ ਕਿ ਜਦ ਤੁਸੀਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰੋਗੇ ਤਾਂ ਸਾਡਾ ਨਾਮ ਇਸ ਪਿੱਛੇ ਨੀ ਆਉਣਾ ਚਾਹੀਦਾ ਕਿਉਂਕਿ ਫਿਰ ਬੱਬਰਾਂ ਸਾਨੂੰ ਛੱਡਣਾ ਨੀ। ਕਹਿੰਦੇ ਲਾਲਚ ਬਹੁਤ ਭੈੜਾ ਹੁੰਦਾ ਹੈ ਕੁਝ ਵੀ ਚੰਗਾ ਮਾੜਾ ਸੋਚਣ ਨੀ ਦੇਂਦਾ, ਇਹੀ ਕੁਝ ਤਾਂ ਹੋ ਰਿਹਾ ਸੀ। ਉਧਰ ਭਾਈ ਸ਼ਾਹਿਜਾਦਾ ਨੂੰ ਓਹਨਾ ਦੇ ਦੂਸਰੇ ਚਾਚੇ ਦੇ ਪੁੱਤ ਨੇ ਕਿਹਾ ਕਿ ਆਪ ਰਿਕਸ਼ੇ ਤੇ ਚਲੇ ਜਾਓ ਤਦ ਤਕ ਮੈਂ ਸਕੂਟਰ ਠੀਕ ਕਰਵਾ ਦਊ। ਓਹਨਾਂ ਨੂੰ ਮਾਡਲ ਟਾਊਨ, ਜਲੰਧਰ ਸੜਕ ਤੇ ਹੀ ਇਕ ਰਿਕਸ਼ਾ ਮਿਲ ਗਿਆ। ਓਥੇ ਨਾਲ ਹੀ ਪੁਲਿਸ ਥਾਣਾ ਵੀ ਸੀ, ਸੋ ਭਾਈ ਸਾਹਿਬ ਨੇ ਥਾਣੇ ਤੋਂ ਬਚਣ ਲਈ ਮਾਡਲ ਟਾਊਨ ਦੇ ਪਿਛੇ ਵਾਲੇ ਬਜਾਰ ਵਿਚੋਂ ਚਲਣ ਨੂੰ ਕਿਹਾ ਜੋ ਮਕਸੂਦ ਚੌਕ ਨੇੜੇ ਸਿੰਘ ਸਭਾ ਗੁਰੂਦਵਾਰਾ ਵੱਲ ਨੂੰ ਸੀ।ਭਾਈ ਸਾਹਿਬ ਜੀ ਦੇ ਚਚੇਰੇ ਭਾਈ ਨੇ ਪਹਿਲਾਂ ਹੀ ਪੁਲਿਸ ਨੂੰ ਦਸ ਦਿਤਾ ਹੋਇਆ ਸੀ ਸੋ ਪੁਲਿਸ ਓਥੇ ਰਾਹ ਵੇਖ ਰਹੀ ਸੀ ਅਤੇ ਸਬ ਤਿਆਰੀਆਂ ਕਰੀ ਬੈਠੀ ਸੀ। ਮਕਸੂਦ ਚੌਕ ਚ ਸੀ.ਆਰ.ਪੀ ਅਤੇ ੮-੧੦ ਅਫਸਰ ਭੇਸ ਵਟਾ ਕੁਝ ਗੋਲ-ਗੱਪੇ ਵਾਲੇ ਤੇ ਕੁਝ ਰਿਕਸ਼ੇ ਵਾਲੇ ਬਣੇ ਬੈਠੇ ਸੀ। ਸੀ.ਆਰ.ਪੀ ਵਾਲਿਆਂ ਨੇ ਭਾਈ ਸਾਹਿਬ ਦਾ ਰਿਕਸ਼ਾ ਵੇਖਦਿਆਂ ਹੀ ਰਿਕਸ਼ੇ ਵਾਲੇ ਨੂੰ ਘੇਰੇ ਚ ਲੈ ਲਿਆ, ਭਾਈ ਸਾਹਿਬ ਜੀ ਬੇ-ਫਿਕਰ ਸਨ ਓਹਨਾਂ ਨੂੰ ਕੀ ਖਬਰ ਸੀ ਕਿ ਮੇਰੇ ਵਿਰੋਧ ਸਾਜਿਸ਼ ਰਚੀ ਗਈ ਹੈ। ਭਾਈ ਸ਼ਹਿਜਾਦਾ ਜੀ ਨੂੰ ਕੋਈ ਵੀ ਹੀਲਾ ਵਸੀਲਾ ਨਜਰ ਨੀ ਆਇਆ ਜੋ ਉਹ ਕੁਝ ਕਰ ਸਕਦੇ, ਸੀ.ਆਰ.ਪੀ ਦੇ ਅਧਿਕਾਰੀਆਂ ਨੇ ਦੋਵੇਂ ਹੱਥ ਬੰਨ ਦਿੱਤੇ ਸੀ, ਭਾਈ ਸਾਹਿਬ ਜੀ ਦੇ ਕਾਲਰ ਚ ਸਾਈਨਾਇਡ ਕੈਪਸੁਲ ਸੀ ਪਰ ਓਹ ਵੀ ਨਹੀ ਵਰਤ ਸਕੇ। ਭਾਈ ਸ਼ਹਿਜਾਦਾ ਜੀ ਨੂੰ ਗ੍ਰਿਫਤਾਰ ਕਰਕੇ ਪਟੇਲ ਚੌਂਕ ਸੀ.ਆਈ.ਏ ਹੈਡ ਕਵਾਟਰ ਲੈ ਜਾਇਆ ਗਿਆ। ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਏਸ ਗੱਲ ਦੀ ਖਬਰ ਇਕ ਕਸ਼ਮੀਰ ਸਿੰਘ ਨਾਂ ਦੇ ਇਕ ਪਰਿਵਾਰਿਕ ਮਿੱਤਰ ਨੇ ਦਿਤੀ ਜੋ ਉਥੇ ਇਕ ਹਵਲਦਾਰ ਸੀ। ਭਾਈ ਸਾਹਿਬ ਜੀ ਤੇ ਅਤਿਆਚਾਰ ਕਰਨ ਚ ਦੋ ਮੋਹਰੀ ਅਧਿਕਾਰੀ ਡੀ.ਐਸ.ਪੀ ਸਵਰਨ ਘੋਟਨਾ ਅਤੇ ਐਸ.ਐਸ.ਪੀ ਇਜਹਾਰ ਆਲਮ ਸਨ। ਭਾਈ ਸ਼ਹਿਜਾਦਾ ਜੀ ਉੱਤੇ ਜਿੱਥੇ ਇਕ ਪਾਸੇ ਇਹ ਦੋਵੇਂ ਅਧਿਕਾਰੀ ਤਸ਼ਦਦ ਢਾਹ ਰਹੇ ਸਨ, ਉਥੇ ਹੀ ਦੂਜੇ ਪਾਸੇ ਗੁਰੂ ਦੇ ਲਾਲ ਦੇ ਮੁਖੋਂ ਉਚ੍ਹੀ ਅਵਾਜ਼ ਚ ਸਿਰਫ ਗੁਰਬਾਣੀ ਉਚਾਰੀ ਜਾ ਰਹੀ ਸੀ। ਭਾਈ ਸ਼ਹਿਜਾਦਾ ਜੀ ਦੇ ਸਾਰੇ ਸ਼ਰੀਰ ਦੀਆਂ ਹੱਡੀਆਂ ਤੋੜ ਕੇ ਰੱਖ ਦਿਤੀਆਂ ਸਨ, ਘੋਟਨੇ ਤੇ ਇਜਿਹਾਰ ਆਲਮ ਨੇ। ਇਨਾਂ ਤਸ਼ਦਦ ਹੋਣ ਦੇ ਬਾਵਜੂਦ ਸੰਘਰਸ਼ ਦੇ ਬਾਰੇ ਇਕ ਬੋਲ ਵੀ ਨਾ ਬੋਲਿਆ, ਭਾਈ ਸਾਹਿਬ ਜੀ ਨੇ ਸਿੰਘਾਂ ਬਾਰੇ ਤਾਂ ਕੀ ਦਸਣਾ ਸੀ। ਦੋਵੇਂ ਜ਼ਾਲਿਮ ਗੋਲੇ ਬਰੂਦ ਬਾਰੇ ਪੁੱਛਦੇ ਰਹੇ ਤੇ ਅਤਿਆਚਾਰ ਦੀ ਕੋਈ ਸੀਮਾ ਨਾ ਰਹਿਣ ਦਿਤੀ ਸੀ।
ਭਾਈ ਸਾਹਿਬ ਜੀ ਕਹਿਣ ਲੱਗੇ ਕਿ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਮਾਰਨ ਜਾ ਰਹੇ ਹੋ, ਕੋਈ ਵੱਡੀ ਗੱਲ ਨਹੀ ਕਰਨ ਜਾ ਰਹੇ ਮੇਰਾ ਨਾਂ ਸ਼ਹਿਜਾਦਾ ਹੈ। ਮਾਂ ਨੂੰ ਖੋਰੇ ਸੁਪਨੇ ਰਾਹੀ ਇਹ ਇਹਿਸਾਸ ਹੋ ਗਿਆ ਸੀ ਕਿ ਭਾਈ ਸਾਹਿਬ ਗ੍ਰਿਫਤਾਰ ਕਰ ਲਏ ਗਏ ਹਨ। ਭਾਈ ਸਾਹਿਬ ਆਪਣੀ ਮਾਂ ਦੇ ਸੁਪਨਿਆਂ ਚ ਸੁਨੇਹਾ ਭੇਜਦੇ ਪ੍ਰਤੀਤ ਹੁੰਦੇ ਕਿ ਘਬਰਾਉਣਾ ਨੀਂ ਮਾਏ, ਮੈਂ ਕੁਝ ਨੀ ਦੱਸਿਆ ਪੁਲਿਸ ਨੂੰ ਪਰ ਫਿਰ ਵੀਂ ਜੇਕਰ ਪੁਲਿਸ ਪਰਿਵਾਰ ਨੂੰ ਪਰੇਸਾਨ ਕਰਦੀ ਹੈਂ ਤਾਂ ਪ੍ਰਮਾਤਮਾ ਤੇ ਵਿਸ਼ਵਾਸ ਰੱਖਿਓ। ਭਾਈ ਸਾਹਿਬ ਦੀ ਮਾਤਾ ਜੀ ਨੇ ਇਹ ਵੀਂ ਦੱਸਿਆ ਕਿ ਵਾਹਿਗੁਰੂ ਦੀ ਮਿਹਰ ਸਦਕਾ ਪੁਲਿਸ ਨੇ ਪਰਿਵਾਰ ਨੂੰ ਪਰੇਸਾਨ ਨੀ ਕੀਤਾ। ਪਰ ਜਦ ਭਾਈ ਸ਼ਹਿਜਾਦਾ ਜੀ ਨੂੰ ਸ਼ਹੀਦ ਕਰ ਦਿਤਾ ਗਿਆ ਤਾਂ ਪੁਲਿਸ ਨੇ ਸਾਜਿਸ਼ ਘੜੀ ਸੀ ਪੈਸਿਆ ਵਾਸਤੇ। ਪਰਿਵਾਰ ਨੂੰ ਸੁਨੇਹਾ ਭੇਜਿਆ ਕਿ ਸ਼ਹਿਜਾਦਾ ਜਿੰਦਾ ਹੈ ਅਤੇ ਪੈਸਿਆ ਵਾਸਤੇ ਪਰਿਵਾਰ ਤੇ ਦਬਾਓ ਪਾਇਆ। ਪਰਿਵਾਰ ਨੇ ਪੁਲਿਸ ਨੂੰ ਪੈਸੇ ਦੇ ਦਿਤੇ ਤੇ ਨਾਲ ਹੀ ਬੇਨਤੀਆ ਵੀਂ ਕੀਤੀਆ ਕਿ ਭਾਈ ਸਹਿਬ ਨੂੰ ਮਾਰਿਓ ਨਾ, ਬਣਦਾ ਕੇਸ ਕਰਕੇ ਸਲਾਖਾਂ ਪਿੱਛੇ ਹੀ ਰਹਿਣ ਦੋ। ਪਰ ਜਦ ਪੁਲਿਸ ਨੂੰ ਪੈਸੇ ਮਿਲ ਗਏ ਤਾਂ ਉਹਨਾਂ ਕਿਹਾ ਕਿ ਭਾਈ ਸਾਹਿਬ ਜੀ ਨੂੰ ਖੇਮਕਰਨ ਵਿਖੇ ਇਕ ਮੁਕਾਬਲੇ ਚ ਮਾਰ ਦਿਤਾ ਗਿਆ ਸੀ ਤੇ ਨਾਲ ਹੀ ਅੰਤਿਮ ਸੰਸਕਾਰ ਵੀ ਕਰ ਦਿਤਾ ਗਿਆ ਹੈ।
ਭਾਈ ਸਾਹਿਬ ਜੀ ਦੇ ਪਰਿਵਾਰ ਨੇ ਉਹਨਾਂ ਦੀ ਪਹਿਲੀ ਬਰਸੀ ਦਸੰਬਰ 1989 ਚ ਮਨਾਈ ਕਿਉਂਕਿ ਪਰਿਵਾਰ ਨੂੰ ਭਾਈ ਸਾਹਿਬ ਦੀ ਸਹਾਦਤ ਦੇ ਦਿਨ ਦਾ ਪਤਾ ਨਹੀਂ ਸੀ। ਮਹਿਤਾ ਚੌਕ-ਦਮਦਮੀ ਟਕਸਾਲ ਵਾਲੇ ਸਿੰਘ ਸ਼ਰਧਾਂਜਲੀ ਦੇਣ ਪੁੱਜੇ ਹੋਏ ਸੀ। ਭਾਈ ਸ਼ਹਿਜਾਦਾ ਜੀ ਦੀ ਸਹੀ ਸ਼ਹੀਦੀ ਦੀ ਤਵਾਰੀਖ 28 ਜਨਵਰੀ 1989, ਬਾਅਦ ਚ ਪਤਾ ਲੱਗੀ। ਭਾਈ ਅਮਰਜੀਤ ਸਿੰਘ ਸ਼ਹਿਜਾਦਾ ਜੀ ਦੀ ਜੋ ਇੱਛਾ ਸੀ ਸ਼ਹੀਦ ਹੋਣ ਦੀ ਓਹ ਪੂਰੀ ਕਰ ਗਏ ਸੀ, ਜਿਸ ਵਾਜੋਂ ਭਾਈ ਸ਼ਹਿਜਾਦਾ ਜੀ ਹੋਰਾਂ ਵਾਸਤੇ ਪ੍ਰੇਰਨਾ ਦਾਇਕ ਬਣ ਗਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 28 ਜਨਵਰੀ 1989 ਨੂੰ ਇਕ ਸ਼ਾਨਦਾਰ ਤਰੀਕੇ ਨਾਲ ਆਪਣੇ ਸ਼ਰੀਰ ਨੂੰ ਛੱਡਣ ਦੀ ਭਾਈ ਸ਼ਹਿਜਾਦਾ ਜੀ ਦੀ ਇੱਛਾ ਪੂਰੀ ਕਰ ਦਿਤੀ ਸੀ।
ਇਹ ਸਾਰੀ ਜਾਣਕਾਰੀ ਪਰਿਵਾਰ ਨੇ ਲਹੂ ਨਾਲ ਭਿਜੀਆਂ ਅੱਖਾਂ ਤੋਂ ਬਿਆਨ ਕੀਤੀ ਹੋਈ ਹੈ। ਅੱਜ ਕੌਮ ਨੂੰ ਅਸੀਂ ਇਹ ਸਵਾਲ ਕਰਦੇ ਹਾਂ ਕਿ ਕੀ ਕੌਮ ਦੀ ਕੋਈ ਜੁੰਮੇਵਾਰੀ ਨਹੀ ਹੈ ਓਸ ਵੀਰ ਸੂਰਮੇ ਦੇ ਵੇਖੇ ਸੁਪਨੇ ਨੂੰ ਪੂਰਨ ਕਰਨ ਦੀ? ਇਕੋ ਬੇਨਤੀ, ਹੇ ਪੰਥ ਦਰਦੀਓ, ਇਕ ਹੋ ਜਾਵੋ ਤਾਕਿ ਆਜ਼ਾਦੀ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ। ਕੌਮ ਵਲੋਂ ਇਕ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇਕ ਹੋਕੇ ਕੌਮ ਦੇ ਹੱਕ ਚ ਲੜੀਏ। ਦਾਸ ਮਹਾਨ ਸੂਰਮੇ ਭਾਈ ਸ਼ਹਿਜਾਦਾ ਜੀ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ।

Share post:

Popular