ਕੈਨੇਡਾ-ਅਮਰੀਕਾ ਵਪਾਰਕ ਜੰਗ ਦਾ ਇੱਕ ਸਾਲ: ਅੱਧੇ ਤੋਂ ਵੱਧ ਕੈਨੇਡੀਅਨ ਕਾਰੋਬਾਰੀ ਅਮਰੀਕਾ ਨੂੰ ਹੁਣ ਨਹੀਂ ਮੰਨਦੇ ਭਰੋਸੇਯੋਗ ਭਾਈਵਾਲ
ਸਰੀ, (ਿਦਵਰੂਪ ਕੌਰ): ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਵਿਸ਼ਵਵਿਆਪੀ ਵਪਾਰਕ ਜੰਗ ਅਤੇ ਟੈਰਿਫਾਂ ਦੇ ਵਾਰ-ਵਾਰ ਲਗਾਏ ਗਏ ਦੌਰ ਦੇ ਇੱਕ ਸਾਲ ਬਾਅਦ, ਕੈਨੇਡਾ ਦੇ ਛੋਟੇ ਕਾਰੋਬਾਰਾਂ ਦਾ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਬੁੱਧਵਾਰ ਨੂੰ ‘ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ’ (ਸੀ.ਐਫ.ਆਈ.ਬੀ.) ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 52 ਫੀਸਦੀ ਕਾਰੋਬਾਰੀ ਮਾਲਕਾਂ ਦਾ ਮੰਨਣਾ ਹੈ ਕਿ ਅਮਰੀਕਾ ਹੁਣ ਇੱਕ ਭਰੋਸੇਯੋਗ ਵਪਾਰਕ ਭਾਈਵਾਲ ਨਹੀਂ ਰਿਹਾ। ਇਹ ਅੰਕੜਾ ਕੈਨੇਡਾ ਅਤੇ ਅਮਰੀਕਾ ਦੇ ਇਤਿਹਾਸਕ ਵਪਾਰਕ ਸਬੰਧਾਂ ਵਿੱਚ ਆਈ ਇੱਕ ਵੱਡੀ ਗਿਰਾਵਟ ਨੂੰ ਦਰਸਾਉਂਦਾ ਹੈ, ਜਿਸ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਮੀਕਰਨਾਂ ਨੂੰ ਬਦਲ ਕੇ ਰੱਖ ਦਿੱਤਾ ਹੈ।
ਰਿਪੋਰਟ ਵਿੱਚ ਸ਼ਾਮਲ 75 ਫੀਸਦੀ ਛੋਟੇ ਕਾਰੋਬਾਰੀਆਂ ਨੇ ਮੰਨਿਆ ਕਿ ਟੈਰਿਫਾਂ ਕਾਰਨ ਉਨ੍ਹਾਂ ਦੇ ਅਮਰੀਕੀ ਭਾਈਵਾਲਾਂ ਜਾਂ ਗਾਹਕਾਂ ਨਾਲ ਸਬੰਧਾਂ ਵਿੱਚ ਭਾਰੀ ਤਣਾਅ ਪੈਦਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ ਇਹ ਅੰਕੜਾ 49 ਫੀਸਦੀ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੇਂ ਦੇ ਨਾਲ ਇਹ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਲਗਭਗ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਵਸਤੂਆਂ ‘ਤੇ ਲਗਾਏ ਗਏ ਟੈਰਿਫਾਂ ਨੇ ਖਪਤਕਾਰਾਂ, ਕਾਰੋਬਾਰਾਂ ਅਤੇ ਸਰਕਾਰਾਂ ਲਈ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਾਰੋਬਾਰੀ ਅਦਾਰਿਆਂ ਲਈ ਇਹ ਸਮਝਣਾ ਮੁਸ਼ਕਲ ਹੋ ਰਿਹਾ ਹੈ ਕਿ ਅਗਲਾ ਕਦਮ ਕੀ ਹੋਵੇਗਾ, ਕਿਉਂਕਿ ਨੀਤੀਆਂ ਵਿੱਚ ਬਦਲਾਅ ਅਕਸਰ ਬਿਨਾਂ ਕਿਸੇ ਪੂਰਵ ਸੂਚਨਾ ਦੇ ਕੀਤੇ ਜਾ ਰਹੇ ਹਨ।
ਸੀ.ਐਫ.ਆਈ.ਬੀ. ਦੇ ਪ੍ਰਧਾਨ ਡੈਨ ਕੈਲੀ ਅਨੁਸਾਰ ਜਦੋਂ ਤੋਂ ਇਹ ਵਪਾਰਕ ਲੜਾਈ ਸ਼ੁਰੂ ਹੋਈ ਹੈ, ਛੋਟੇ ਕਾਰੋਬਾਰਾਂ ਨੂੰ ਵੱਡੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰੋਬਾਰੀ ਮਾਲਕਾਂ ਨੂੰ ਅਚਾਨਕ ਆਉਣ ਵਾਲੀਆਂ ਧਮਕੀਆਂ ਅਤੇ ਨੀਤੀਗਤ ਤਬਦੀਲੀਆਂ ਨਾਲ ਨਜਿੱਠਣ ਲਈ ਭਾਰੀ ਮਾਨਸਿਕ ਅਤੇ ਆਰਥਿਕ ਦਬਾਅ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ‘ਕੈਨੇਡਾ-ਯੂਨਾਈਟਿਡ ਸਟੇਟਸ-ਮੈਕਸੀਕੋ ਐਗਰੀਮੈਂਟ’ (CUSMA) ਦੀ ਸਮੀਖਿਆ ਹੋਣੀ ਹੈ, ਜਿਸ ਕਾਰਨ ਕਾਰੋਬਾਰੀ ਜਗਤ ਵਿੱਚ ਚਿੰਤਾ ਹੋਰ ਵੀ ਵਧ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸਮੀਖਿਆ ਦੌਰਾਨ ਕੋਈ ਠੋਸ ਹੱਲ ਨਾ ਨਿਕਲਿਆ, ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ।
ਰਿਪੋਰਟ ਵਿੱਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਓਟਾਵਾ (ਫੈਡਰਲ ਸਰਕਾਰ) ਨੂੰ ਟੈਰਿਫਾਂ ਦੀ ਮਾਰ ਹੇਠ ਆਏ ਛੋਟੇ ਕਾਰੋਬਾਰਾਂ ਦੀ ਮਦਦ ਲਈ ਹੋਰ ਉਪਾਲੇ ਕਰਨ ਦੀ ਲੋੜ ਹੈ। ਸੰਸਥਾ ਦੀ ਟ੍ਰੇਡ ਡਾਇਰੈਕਟਰ ਮਿਸ਼ੇਲ ਆਗਰ ਅਨੁਸਾਰ ਕਾਰੋਬਾਰੀ ਮਾਲਕ ਮਹਿਸੂਸ ਕਰ ਰਹੇ ਹਨ ਕਿ ਟੈਰਿਫਾਂ ਦੀ ਲਾਗਤ ਨਾਲ ਨਜਿੱਠਣ ਵਿੱਚ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਕੈਨੇਡਾ ਵਿੱਚ ਨਵੇਂ ਕਾਰੋਬਾਰ ਸ਼ੁਰੂ ਕਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਹੀ ਘਟ ਰਹੀ ਹੈ, ਅਜਿਹੇ ਵਿੱਚ ਮੌਜੂਦਾ ਕਾਰੋਬਾਰਾਂ ਦੀ ਸੁਰੱਖਿਆ ਕਰਨਾ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੈ। ਟੈਰਿਫਾਂ ਦਾ ਸਭ ਤੋਂ ਵੱਧ ਅਸਰ ਮੈਨੂਫੈਕਚਰਿੰਗ ਸੈਕਟਰ, ਖਾਸ ਕਰਕੇ ਸਟੀਲ, ਐਲੂਮੀਨੀਅਮ, ਲੱਕੜ ਅਤੇ ਆਟੋ ਪਾਰਟਸ ‘ਤੇ ਪੈ ਰਿਹਾ ਹੈ।
ਇਸ ਆਰਥਿਕ ਝਟਕੇ ਦੇ ਸਿੱਟੇ ਵਜੋਂ ਕੈਨੇਡਾ ਦੀ ਜੀ.ਡੀ.ਪੀ. ਵਿਕਾਸ ਦਰ 2025 ਵਿੱਚ ਦੋ ਫੀਸਦੀ ਤੋਂ ਵੀ ਘੱਟ ਰਹੀ ਹੈ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਮੱਠੀ ਹੈ। ਕਈ ਵੱਡੀਆਂ ਕੰਪਨੀਆਂ ਜਿਵੇਂ ਕਿ ਜਨਰਲ ਮੋਟਰਜ਼ ਅਤੇ ਐਲਗੋਮਾ ਸਟੀਲ ਨੇ ਟੈਰਿਫਾਂ ਕਾਰਨ ਪੈਦਾ ਹੋਏ ਘਾਟੇ ਨੂੰ ਪੂਰਾ ਕਰਨ ਲਈ ਨੌਕਰੀਆਂ ਵਿੱਚ ਕਟੌਤੀ ਕੀਤੀ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਵੇਂ ਵਪਾਰਕ ਭਾਈਵਾਲਾਂ ਦੀ ਭਾਲ ਵਿੱਚ ਚੀਨ, ਭਾਰਤ ਅਤੇ ਹੁਣ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਕੈਨੇਡਾ ਹੁਣ ਅਮਰੀਕਾ ‘ਤੇ ਆਪਣੀ ਨਿਰਭਰਤਾ ਘਟਾਉਣ ਅਤੇ ਹੋਰਨਾਂ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਵਪਾਰਕ ਝਟਕਿਆਂ ਤੋਂ ਬਚਿਆ ਜਾ ਸਕੇ। This report was written by Divroop Kaur as part of the Local Journalism Initiative.

