Tuesday, November 11, 2025

ਸੋਨੇ ਦੀ ਮੋਹਰ

ਲੇਖਕ : ਧਰਮ ਸਿੰਘ ਰਾਈਏਵਾਲ
ਸੰਪਰਕ: 95010-33428

ਭਗਤ ਰਾਮ ਖੇਤਾਂ ਵਿੱਚ ਹਲ ਵਾਹੁਣ ਤੋਂ ਬਾਅਦ ਥਕੇਵਾਂ ਲਾਹੁਣ ਲਈ ਇੱਕ ਦੋ ਪੈੱਗ ਲਾ ਕੇ ਵਾਪਸ ਆਪਣੇ ਘਰ ਨੂੰ ਮੁੜਦਾ। ਮੁੜਨ ਤੋਂ ਪਹਿਲਾਂ ਪਿੰਡ ਦੀ ਪਰਚੂਨ ਦੁਕਾਨ ਤੋਂ ਜ਼ਰਦੇ ਦੀ ਪੁੜੀ ਲਿਆਉਣ ਲਈ ਪਿੰਡ ਵਿੱਚ ਤਾਰਾ ਸਿੰਘ ਦੀ ਦੁਕਾਨ ‘ਤੇ ਜਾਂਦਾ। ਉੱਥੋਂ ਜ਼ਰਦੇ ਦੀ ਤਲਬ ਪੂਰੀ ਕਰਨ ਲਈ ਪੁੜੀ ਲਿਆ ਕੇ ਵਾਪਸ ਚਲਿਆ ਜਾਂਦਾ। ਅੱਜ ਵੀ ਹਲ ਥੰਮ ਕੇ ਭਗਤ ਰਾਮ ਫਿਰ ਉਸ ਦੁਕਾਨ ‘ਤੇ ਜਾ ਕੇ ਜੇਬ ਵਿੱਚੋਂ ਪਿੱਤਲ ਦੇ 20 ਪੈਸੇ ਦੇ ਕੇ ਜ਼ਰਦੇ ਦੀ ਪੁੜੀ ਲੈਣ ਲਈ ਦੁਕਾਨਦਾਰ ਨੂੰ ਪੈਸੇ ਫੜਾਉਂਦਾ ਹੈ। ਹੁਣ ਦੁਕਾਨਦਾਰ ਵੀ ਸਮਝ ਗਿਆ ਕਿ ਅੱਜ ਭਗਤ ਰਾਮ ਥੋੜ੍ਹਾ ਟੈਟ ਲੱਗਦਾ ਹੈ ਤੇ ਉਸ ਨੇ ਕੁਝ ਵੀ ਕਹਿਣ ਤੋਂ ਬਗੈਰ ਉਸ ਦੀ ਤਲਬ ਪੂਰੀ ਕਰਨ ਲਈ ਮੋਰ ਛਾਪ ਦਾ ਜ਼ਰਦਾ ਅਤੇ ਕਲੀ ਦੇ ਦਿੱਤੀ ਤੇ ਉਹ 20 ਪੈਸੇ ਆਪਣੇ ਗੱਲੇ ਵਿੱਚ ਅਲੱਗ ਰੱਖ ਲਏ। ਸਵੇਰ ਹੋਈ ਤਾਂ ਦੁਕਾਨਦਾਰ ਨੇ ਆਪਣੀ ਦੁਕਾਨ ਖੋਲ੍ਹਣ ਤੋਂ ਬਾਅਦ ਉਹ 20 ਪੈਸੇ ਕੱਢੇ ਤੇ ਦੇਖਣ ਲੱਗਿਆ।
ਦੇਖ ਕੇ ਉਹ ਹੈਰਾਨ ਹੋਇਆ ਕਿ ਕੱਲ੍ਹ ਰਾਤ ਇਹ 20 ਪੈਸੇ ਕਹਿ ਕੇ ਮੈਥੋਂ ਕਿਸੇ ਨੇ ਜ਼ਰਦੇ ਦੀ ਪੁੜੀ ਲਈ ਸੀ, ਪਰ ਇਹ 20 ਪੈਸੇ ਨਹੀਂ ਸੀ ਸਗੋਂ ਸੋਨੇ ਦੀ ਮੋਹਰ ਸੀ। ਦੁਕਾਨਦਾਰ ਤਾਰਾ ਸਿੰਘ ਨੇ ਆਪਣੀ ਇਮਾਨਦਾਰੀ ਦਿਖਾਉਂਦਿਆਂ ਉਨ੍ਹਾਂ ਦੇ ਘਰ ਨੂੰ ਚਾਲੇ ਪਾ ਦਿੱਤੇ। ਸਵੇਰ ਦਾ ਸਮਾਂ ਸੀ। ਚਾਹ-ਪਾਣੀ ਬਣ ਰਿਹਾ ਸੀ ਤਾਂ ਦੁਕਾਨਦਾਰ ਨੇ ਭਗਤ ਰਾਮ ਦੀ ਪਤਨੀ ਨੂੰ ਬੁਲਾਇਆ ਤੇ ਸਾਰੇ ਪਰਿਵਾਰ ਨੂੰ ਬੁਲਾਉਣ ਲਈ ਕਿਹਾ।
ਉਸ ਦੀ ਪਤਨੀ ਨੇ ਉਸ ਦੇ ਸਾਰੇ ਮੁੰਡੇ ਤੇ ਕੁੜੀਆਂ ਨੂੰ ਇਕੱਠੇ ਕਰਕੇ ਬੁਲਾ ਲਿਆ। ਪਤਾ ਕਿਸੇ ਨੂੰ ਵੀ ਨਾ ਲੱਗੇ ਕਿ ਅੱਜ ਦੁਕਾਨਦਾਰ ਚਾਚਾ ਜੀ ਸਵੇਰ ਵੇਲੇ ਕਿਉਂ ਆਏ ਹਨ?
ਸਾਨੂੰ ਸਾਰਿਆਂ ਨੂੰ ਇਕੱਠਾ ਕਿਉਂ ਕੀਤਾ ਹੈ? ਮਨ ‘ਚ ਸਵਾਲ ਉੱਠ ਰਹੇ ਸਨ। ਜਦੋਂ ਉਸ ਦੀ ਪਤਨੀ ਨੇ ਕਿਹਾ, ”ਵੀਰ, ਕੀ ਗੱਲ ਹੈ? ਕੋਈ ਗੱਲ ਹੋ ਗਈ?” ”ਨਹੀਂ ਕੋਈ ਗੱਲ ਨਹੀਂ ਹੋਈ, ਬਸ ਮੈਂ ਤਾਂ ਤੁਹਾਡੀ ਇੱਕ ਅਮਾਨਤ ਦੇਣ ਵਾਸਤੇ ਆਇਆ ਹਾਂ,” ਦੁਕਾਨਦਾਰ ਨੇ ਕਿਹਾ। ਉਸ ਦੀ ਪਤਨੀ ਬੋਲੀ, ”ਕਿਹੜੀ ਅਮਾਨਤ?” ”ਦੱਸਦਾ ਹਾਂ,” ਦੁਕਾਨਦਾਰ ਨੇ ਹੌਲੀ ਜਿਹੀ ਬੋਲਦਿਆਂ ਕਿਹਾ, ”ਪਹਿਲਾਂ ਚਾਹ ਚੂਹ ਪਿਆਓ ਭਾਈ।” ਚਾਹ ਪਿਆਈ ਗਈ। ਫਿਰ ਉਨ੍ਹਾਂ ਨੇ ਰਾਤ ਵਾਲੀ ਕਹਾਣੀ ਦੁਹਰਾਉਣੀ ਸ਼ੁਰੂ ਕੀਤੀ, ”ਜੁਆਕਾਂ ਦਾ ਬਾਪੂ ਰਾਤ ਮੇਰੇ ਕੋਲੋਂ 20 ਪੈਸੇ ਦੀ ਜਗ੍ਹਾ ਇਹ ਸੋਨੇ ਦੀ ਮੋਹਰ ਦੇ ਕੇ ਜ਼ਰਦੇ ਦੀ ਪੁੜੀ ਲੈ ਗਿਆ ਸੀ, ਲੇਕਿਨ ਉਹ ਥੋੜ੍ਹਾ ਟੱਲੀ ਹੋਣ ਕਾਰਨ ਮੈਂ ਉਸ ਨੂੰ ਜ਼ਰਦੇ ਦੀ ਪੁੜੀ ਦੇ ਕੇ ਵਾਪਸ ਮੋੜ ਦਿੱਤਾ। ਇਹ ਹੈ ਤੁਹਾਡੀ ਅਮਾਨਤ ਸੋਨੇ ਦੀ ਮੋਹਰ। ਮੈਂ ਸੋਚਿਆ ਕਿ ਸਵੇਰੇ ਘਰੇ ਵਾਪਸ ਕਰਕੇ ਆਵਾਂਗਾ।” ਹੁਣ ਸਾਰਾ ਟੱਬਰ ਚਾਚੇ ਦੀਆਂ ਸਿਫ਼ਤਾਂ ਕਰਨ ਲੱਗਾ ਤੇ ਚਾਚੇ ਦੀ ਇਮਾਨਦਾਰੀ ‘ਤੇ ਖ਼ੁਸ਼ ਹੋਣ ਲੱਗਾ। ਹੁਣ ਚਾਹ ਦੇ ਨਾਲ ਬਿਸਕੁਟ ਵੀ ਆਉਣ ਲੱਗ ਗਏ, ਪਰ ਦੁਕਾਨਦਾਰ ਨੇ ਕਿਹਾ ਕਿ ਆਪਣੀ ਅਮਾਨਤ ਸਾਂਭੋ ਤੇ ਮੇਰੇ 20 ਪੈਸੇ ਦੇ ਦਿਓ। ਇਸ ਤਰ੍ਹਾਂ ਉਸ ਦੁਕਾਨਦਾਰ ਦੀ ਇਮਾਨਦਾਰੀ ਦੀ ਗੱਲ ਸਾਰੇ ਪਿੰਡ ਵਿੱਚ ਫੈਲ ਗਈ।

 

Share post:

Popular