ਗੁਰਬਚਨ ਜਗਤ
ਨਿਯੰਤਰਿਤ ਅੱਗ’ ਸ਼ਾਇਦ ਮਨੁੱਖੀ ਵਿਕਾਸ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਸੀ ਕਿਉਂਕਿ ਭੋਜਨ ਪਕਾਉਣ ਦੀ ਸਮਰੱਥਾ ਨੇ ਮਨੁੱਖਾਂ ਨੂੰ ਕੈਲੋਰੀਆਂ ਦੀ ਉਹ ਭਾਰੀ ਮਾਤਰਾ ਪ੍ਰਦਾਨ ਕੀਤੀ, ਜੋ ਇੱਕ ਬਹੁਤ ਵੱਡੇ ਅਤੇ ਵਧੇਰੇ ਗੁੰਝਲਦਾਰ ਦਿਮਾਗ਼ ਨੂੰ ਚਲਾਉਣ ਲਈ ਲੋੜੀਂਦੀ ਸੀ। ਦਰਅਸਲ, ਮਨੁੱਖੀ ਦਿਮਾਗ਼ ਸਰੀਰ ਦੀ ਕੁੱਲ ਊਰਜਾ ਦਾ ਲਗਭਗ 25 ਫ਼ੀਸਦੀ ਹਿੱਸਾ ਖਪਾਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅੱਗ ਨੇ ਮਨੁੱਖਾਂ ਦੀ ਉਨ੍ਹਾਂ ਪਾਚਕ ਸੀਮਾਵਾਂ ਨੂੰ ਪਾਰ ਕਰਨ ਵਿੱਚ ਮਦਦ ਕੀਤੀ, ਜੋ ਹੋਰ ‘ਪ੍ਰਾਈਮੇਟਸ’ (ਬਾਂਦਰ ਪ੍ਰਜਾਤੀਆਂ) ਦੇ ਦਿਮਾਗ਼ ਨੂੰ ਛੋਟਾ ਰੱਖਦੀਆਂ ਹਨ। ਹਾਰਵਰਡ ਯੂਨੀਵਰਸਿਟੀ ਵਿੱਚ ਜੈਵਿਕ ਮਾਨਵ-ਵਿਗਿਆਨ ਦੇ ਪ੍ਰੋਫੈਸਰ ਰਿਚਰਡ ਰੈਂਘਮ ਨੇ ਇਸ ਨੂੰ ‘ਕੁਕਿੰਗ ਸਿਧਾਂਤ’ ਦੱਸ ਕੇ ਪੇਸ਼ ਕੀਤਾ ਹੈ। ਦੂਜੇ ਸ਼ਬਦਾਂ ਵਿੱਚ, ਜਿਸ ਪੂਰਵਜ ਨੇ ‘ਨਿਯੰਤਰਿਤ ਅੱਗ’ ਬਾਲਣ ਦੀ ਯੋਗਤਾ ਵਿਕਸਿਤ ਕੀਤੀ, ਉਹ ਨਾ ਸਿਰਫ਼ ਆਪਣੇ ਸਮਿਆਂ ਦਾ ਸਗੋਂ ਹਮੇਸ਼ਾ ਦੇ ਲਈ ਇੱਕ ਮਹਾਨ ਕਾਢਕਾਰ/ਵਿਗਿਆਨੀ ਹੈ।
ਰਿਗਵੇਦ ਦੀ ਪਹਿਲੀ ਸਤਰ ਹੈ: ‘ਅਗਨਿਮਈਲੇ ਪੁਰੋਹਿਤਮ ਯਜਨਾਸਯਾ ਦੇਵਮਰਤਵਿਜਮ, ਹੋਤਾਰਮ ਰਤਨਾਧਾਤਮਮ’। ਇਸ ਦਾ ਅਰਥ ਹੈ, ‘‘ਮੈਂ ਅਗਨੀ ਦੀ ਅਰਾਧਨਾ ਕਰਦਾ ਹਾਂ, ਜੋ ਪ੍ਰਭੂ ਦੇ ਸਨਮੁਖ ਹੈ, ਉਹ ਦੇਵਤਾ ਜੋ ਸੱਚ ਨੂੰ ਦੇਖਦਾ ਹੈ, ਉਹ ਯੋਧਾ, ਜੋ ਆਨੰਦ ਦਾ ਦਾਤਾ ਹੈ।’’ ਇਹ ਅਗਨੀ (ਅੱਗ ਦੇ ਦੇਵਤੇ) ਦੀ ਉਸਤਤ ਹੈ, ਜੋ ਉਸ ਨੂੰ ਮਨੁੱਖਤਾ ਅਤੇ ਬ੍ਰਹਮ ਊਰਜਾ ਦੇ ਵਿਚਕਾਰ ਵਿਚੋਲੇ ਵਜੋਂ ਪੇਸ਼ ਕਰਦੀ ਹੈ।
ਅੱਗ ’ਤੇ ਨਿਯੰਤਰਣ ਪਾ ਅਤੇ ਭੋਜਨ ਪਕਾਉਣ ਤੋਂ ਸ਼ੁਰੂ ਹੋ ਕੇ ਮਾਨਵੀ ਹੁਨਰ ਨੇ ਖੋਜਾਂ ਤੇ ਕਾਢਾਂ ਵਿੱਚ ਬਹੁਤ ਤਰੱਕੀ ਕੀਤੀ। ਭਾਵੇਂ ਮੱਧਕਾਲ ਦੇ ਮਹਾਨ ਵਿਗਿਆਨੀਆਂ ਅਤੇ ਖੋਜੀਆਂ ਨੇ ਬੇਮਿਸਾਲ ਤਰੱਕੀ ਕੀਤੀ ਸੀ, ਫਿਰ ਵੀ ਇੱਕ ਵੱਡੀ ਪੁਲਾਂਘ ਉਦਯੋਗਿਕ ਕ੍ਰਾਂਤੀ ਦੇ ਰੂਪ ਵਿਚ ਪੁੱਟੀ ਗਈ, ਜਿਸ ਨੇ ਮਨੁੱਖੀ ਲਿਆਕਤ ਅਤੇ ਕਾਢਾਂ ਦੀ ਇੱਕ ਲਹਿਰ ਪੈਦਾ ਕਰ ਦਿੱਤੀ। ਇਸ ਨੇ ਬਰਤਾਨੀਆ ਅਤੇ ਯੂਰੋਪ ਵਿੱਚ ਲੋਕਤੰਤਰੀ ਲਹਿਰਾਂ ਨੂੰ ਵੀ ਜਨਮ ਦਿੱਤਾ। ਵਿਗਿਆਨ ਦੇ ਨਾਲ-ਨਾਲ ਸਾਹਿਤ ਵੀ ਪ੍ਰਫੁੱਲਿਤ ਹੋਇਆ।
ਲੋਕਤੰਤਰੀ ਸ਼ਾਸਨ ਅਤੇ ਸੰਸਥਾਵਾਂ ਦੇ ਵਿਕਾਸ ਕਾਰਨ ਉਦਯੋਗਿਕ ਕ੍ਰਾਂਤੀ ਦੇ ਫ਼ਲ ਅਜੇ ਵੀ ਕਾਫ਼ੀ ਹੱਦ ਤੱਕ ਮਨੁੱਖ ਜਾਤੀ ਨੂੰ ਮਿਲ ਰਹੇ ਸਨ। ਇਨ੍ਹਾਂ ਸੰਸਥਾਵਾਂ ਦੀ ਕਿਸਮ ਉਦਾਰਵਾਦੀ ਸੀ, ਜਦੋਂਤੱਕ ਜਰਮਨ, ਸਪੇਨੀ ਅਤੇ ਇਤਾਲਵੀ ਰਾਸ਼ਟਰਾਂ ਨੇ ਤਾਨਾਸ਼ਾਹੀਆਂ ਨੂੰ ਜਨਮ ਨਹੀਂ ਦਿੱਤਾ, ਜਿਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ। ਹਾਲਾਂਕਿ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧਾਂ ਦੌਰਾਨ ਲੋਕਾਂ ਦੇ ਭਾਰੀ ਸਮਰਥਨ ਨਾਲ ਲੋਕਤੰਤਰ ਦੀ ਜਿੱਤ ਹੋਈ।
ਇਹ ਦੌਰ ਅਗਲੀ ਵੱਡੀ ਪੁਲਾਂਘ ਦਾ ਗਵਾਹ ਬਣਿਆ- ਪਰਮਾਣੂ ਊਰਜਾ, ਜਿਸ ਨੂੰ ਇੱਕ ਅਜਿਹੀ ਦੁਨੀਆ ਸਾਹਮਣੇ ਲਿਆਂਦਾ ਗਿਆ ਜਿਹੜੀ ਉਤਸੁਕਤਾ ਨਾਲ ਇਸ ਨੂੰ ਉਡੀਕ ਰਹੀ ਸੀ। ਖੁਸ਼ਕਿਸਮਤੀ ਨਾਲ, ਦੁਨੀਆ ਇਕਜੁੱਟ ਹੋਈ ਅਤੇ ਪਰਮਾਣੂ ਊਰਜਾ ਨੂੰ ਕਾਬੂ ’ਚ ਰੱਖਣ ਲਈ ਸੰਸਥਾਵਾਂ ਬਣਾਈਆਂ ਗਈਆਂ। ਪਰਮਾਣੂ ਸ਼ਕਤੀਆਂ ਦੁਆਰਾ ਸੰਧੀਆਂ ’ਤੇ ਹਸਤਾਖਰ ਕੀਤੇ ਗਏ ਅਤੇ ਉਨ੍ਹਾਂ ਨੂੰ ਮੰਨਿਆ ਵੀ ਗਿਆ। ਹੁਣ ਤੱਕ ਅਸੀਂ ਕਾਮਯਾਬ ਰਹੇ ਹਾਂ ਅਤੇ ਇਸ ਦੀ ਵਰਤੋਂ ਮੁੱਖ ਤੌਰ ’ਤੇ ਸਕਾਰਾਤਮਕ ਤਰੀਕੇ ਨਾਲ ਕੀਤੀ ਹੈ। ਇਹ ਸਾਡੇ ਲੋਕਤੰਤਰਾਂ, ਉਦਾਰਵਾਦੀ ਸਰਕਾਰਾਂ ਅਤੇ ਸੰਸਥਾਵਾਂ ਕਾਰਨ ਹੀ ਸੰਭਵ ਹੋ ਸਕਿਆ ਹੈ।
ਅੱਜ ਜਿਸ ਤਰ੍ਹਾਂ ਮਨੁੱਖਤਾ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਕੁਆਂਟਮ ਕੰਪਿਊਟਰ ਵਿਕਸਿਤ ਕਰ ਰਹੀ ਹੈ ਤੇ ਜਦ ਇਹ ਦੋਵੇਂ ਇਕੱਠੇ ਹੁੰਦੇ ਹਨ ਤਾਂ ਇੱਕ ‘ਸੁਚੇਤ ਆਈ’ ਦੀ ਵੱਡੀ ਸੰਭਾਵਨਾ ਪੈਦਾ ਕਰਦੇ ਹਨ। ਸਿਧਾਂਤਕ ਤੌਰ ’ਤੇ ਇੱਕ ਅਜਿਹੀ ਏ ਆਈ, ਜੋ ਸਵੈ-ਜਾਗਰੂਕ ਹੈ ਅਤੇ ਸੁਤੰਤਰ ਫ਼ੈਸਲੇ ਲੈਣ ਦੇ ਸਮਰੱਥ ਹੈ। ਕੀ ਅਸੀਂ ਇੱਕ ਵਾਰ ਫਿਰ ਇੱਕ ਅਹਿਮ ਮੋੜ ’ਤੇ ਖੜ੍ਹੇ ਹਾਂ… ਕੀ ਮਨੁੱਖਤਾ ਅਗਲੀ ‘ਨਿਯੰਤਰਿਤ ਅਗਨੀ’ ਵਿਕਸਿਤ ਕਰਨ ਜਾ ਰਹੀ ਹੈ? ਤਕਨੀਕੀ ਵਿਕਾਸ ਤੋਂ ਇਲਾਵਾ ਮਨੁੱਖਤਾ ਅੱਗੇ ਚੁਣੌਤੀ ਹਮੇਸ਼ਾ ਇਹ ਰਹੀ ਹੈ ਕਿ ਆਪਣੇ ਵੱਲੋਂ ਪੈਦਾ ਕੀਤੀ ਗਈ ‘ਅੱਗ’ ਨੂੰ ਉਹ ਕਾਬੂ ’ਚ ਕਿਵੇਂ ਰੱਖੇ ਕਿਉਂਕਿ ਬੇਕਾਬੂ ਹੋਣ ’ਤੇ ਇਹ ਤਬਾਹੀ ਲਿਆਉਂਦੀ ਹੈ। ਚਰਨੋਬਿਲ ਅਤੇ ਉੱਥੇ ਹੋਈ ਪਰਮਾਣੂ ਤਬਾਹੀ ਇਸ ਦੀ ਇੱਕ ਮਿਸਾਲ ਹੈ, ਇਸੇ ਤਰ੍ਹਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਇਤਰਾਜ਼ਯੋਗ ਕਾਰੇ ਵੀ। ਇਸੇ ਤਰ੍ਹਾਂ ਕੋਵਿਡ-19 ਮਹਾਮਾਰੀ ਬਾਰੇ ਕਈ ਸਵਾਲਾਂ ਦਾ ਜਵਾਬ ਨਹੀਂ ਮਿਲਿਆ। ਮੈਂ ਤਕਨੀਕ ਦੀ ਦੁਰਵਰਤੋਂ ਬਾਰੇ ਲੰਮੀ ਗੱਲ ਕਰ ਸਕਦਾ ਹਾਂ ਕਿ ਕਿਵੇਂ ਮਨੁੱਖਤਾ ਆਪਣੇ ਫ਼ਾਇਦੇ ਲਈ ਕੀਤੀ ਤਕਨੀਕੀ ਤਰੱਕੀ ਨੂੰ ਸਮੂਹਿਕ ਵਿਨਾਸ਼ ਜਾਂ ਕੰਟਰੋਲ ਦੇ ਹਥਿਆਰਾਂ ਵਿੱਚ ਬਦਲ ਦਿੰਦੀ ਹੈ। ਜਿਉਂ-ਜਿਉਂ ਅਸੀਂ ਇਸ ਉੱਨਤ ਤਕਨੀਕ ਨੂੰ ਵਿਕਸਿਤ ਕਰਦੇ ਹਾਂ, ਸਾਨੂੰ ਕਾਰਲ ਸਾਗਨ ਵੱਲੋਂ ਬਿਆਨੇ ਗਏ ‘ਤਕਨੀਕੀ ਅੱਲ੍ਹੜਪੁਣੇ’ ਦੇ ਵਿਚਾਰ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਮਨੁੱਖਤਾ ਕੋਲ ਦੁਨੀਆ ਨੂੰ ਬਦਲਣ ਦੀ ਬੇਅੰਤ ਸ਼ਕਤੀ ਤਾਂ ਹੈ ਪਰ ਇਸ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਲੋੜੀਂਦੀ ਸੂਝ ਜਾਂ ਦੂਰਅੰਦੇਸ਼ੀ ਨਹੀਂ ਹੈ।
ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਰਾਜਨੀਤੀ ਵਿੱਚ ਕੱਟੜ ਸੱਜੇ-ਪੱਖੀ ਝੁਕਾਅ ਵਧ ਰਿਹਾ ਹੈ, ਜੋ ‘ਮਾਗਾ’ ਲਹਿਰ ਅਤੇ ਯੂਰੋਪ, ਏਸ਼ੀਆ, ਦੱਖਣੀ ਅਮਰੀਕਾ ਵਿੱਚ ਇਸੇ ਤਰ੍ਹਾਂ ਦੀਆਂ ਰਾਜਨੀਤਕ ਸਰਗਰਮੀਆਂ ਵਿੱਚ ਦੇਖਿਆ ਜਾ ਸਕਦਾ ਹੈ। ਸਾਡੀ ਜ਼ਬਰਦਸਤ ਤਕਨੀਕੀ ਤਰੱਕੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਰਾਜਨੀਤੀ ਅਤੇ ਸਰਕਾਰ ਅੰਦਰਲਾ ਉਦਾਰਵਾਦ ਕੱਟੜ ਸੱਜੇ-ਪੱਖੀਆਂ ਲਈ ਰਾਹ ਪੱਧਰਾ ਕਰ ਰਿਹਾ ਹੈ। ਉਦਾਰਵਾਦੀ ਲੋਕਤੰਤਰ ਅਤੇ ਉਦਾਰਵਾਦੀ ਅਰਥਚਾਰੇ ਰਾਜਨੀਤੀ ਤੇ ਅਰਥ ਸ਼ਾਸਤਰ ਵਿੱਚ ਤਾਨਾਸ਼ਾਹੀ ਲਈ ਰਾਹ ਛੱਡ ਰਹੇ ਹਨ… ਵਿਸ਼ਵ ਵਿਵਸਥਾ ਵਾਪਸ ‘ਨੇਸ਼ਨ ਸਟੇਟ’ ਵੱਲ ਪਰਤ ਰਹੀ ਹੈ। ਇਸ ਤੋਂ ਇਲਾਵਾ ‘ਨੇਸ਼ਨ ਸਟੇਟ’ ਸਰਕਾਰ ਦੇ ਇੱਕ ਬਹੁਤ ਹੀ ਸਖ਼ਤ ਰੂਪ ਨੂੰ ਅਪਣਾ ਰਹੀ ਹੈ, ਜੋ ਕਿ ਤਾਨਾਸ਼ਾਹੀ ਹੈ। ਕੋਸ਼ਿਸ਼ ਇਹ ਹੈ ਕਿ ਲੋਕਤੰਤਰੀ ਚੋਣਾਂ ਦਾ ਮੁਖੌਟਾ ਬਣਿਆ ਰਹੇ ਅਤੇ ਤੰਤਰ ਨੂੰ ਅੰਦਰੋਂ ਖੋਖ਼ਲਾ ਕਰ ਦਿੱਤਾ ਜਾਵੇ। ਤਾਨਾਸ਼ਾਹੀ ਅਤੇ ਸੁਰੱਖਿਆਵਾਦ ਦਾ ‘ਟ੍ਰੋਜਨ ਹਾਰਸ’ ਚੁਣੀਆਂ ਹੋਈਆਂ ਸਰਕਾਰਾਂ ਦੇ ਗੇਟ ਰਾਹੀਂ ਅੰਦਰ ਆ ਗਿਆ ਹੈ। ਪਲੈਟੋ ਨੇ ਲੋਕਤੰਤਰ ਦੀ ਆਲੋਚਨਾ ਕੀਤੀ ਸੀ ਅਤੇ ਇਸ ਨੂੰ ਹੌਲੀ-ਹੌਲੀ ਇੱਕ ਨਿਰੰਕੁਸ਼ ਸ਼ਾਸਨ ਵਿੱਚ ਬਦਲਦੇ ਹੋਏ ਦੇਖਿਆ ਸੀ ਕਿਉਂਕਿ ਤਾਕਤ ਉਨ੍ਹਾਂ ਲੋਕ-ਲੁਭਾਊ ਨੇਤਾਵਾਂ ਕੋਲ ਚਲੀ ਜਾਂਦੀ ਹੈ, ਜੋ ਜਨਤਾ ਨੂੰ ਗੁਮਰਾਹ ਕਰਨ ਵਿੱਚ ਮਾਹਿਰ ਹੁੰਦੇ ਹਨ। ਇਸ ਵਿੱਚ ਵਾਕਈ ਸਚਾਈ ਹੈ ਕਿ ਜੇਕਰ ਅਸੀਂ ਆਪਣੀਆਂ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਅਤੇ ਸ਼ਕਤੀ ਦੇ ਸੰਤੁਲਨ ਨੂੰ ਖ਼ਤਮ ਕਰਦੇ ਹਾਂ ਤਾਂ ਅਜਿਹਾ ਹੋ ਸਕਦਾ ਹੈ। ਕੇਂਦਰਵਾਦੀ, ਉਦਾਰਵਾਦੀ ਵਿਚਾਰਧਾਰਾ ਨੂੰ ਕੱਟੜ ਸੱਜੇ-ਪੱਖੀਆਂ ਦੀ ਲਹਿਰ ਨੇ ਪਿੱਛੇ ਧੱਕ ਦਿੱਤਾ ਹੈ। ਇਨ੍ਹਾਂ ਘਟਨਾਵਾਂ ਦੇ ਨਾਲ-ਨਾਲ ਯੂਰੋਪ, ਏਸ਼ੀਆ, ਆਸਟਰੇਲੀਆ ਆਦਿ ਦੇ ਜ਼ਿਆਦਾਤਰ ਦੇਸ਼ਾਂ ਦੇ ਰੱਖਿਆ ਬਜਟ ਵਿੱਚ ਫੌਰੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਹ ਮੁਲਕ ਮੁੜ ਹਥਿਆਰਬੰਦ ਹੋ ਰਹੇ ਹਨ। ਇਸ ਨਾਲ ਵਿਕਾਸਸ਼ੀਲ ਅਰਥਚਾਰੇ ਤੋਂ ਹਟ ਕੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਮੁੜ-ਹਥਿਆਰਬੰਦ ਹੋਣ ਦੀ ਲੋੜ ਪੈਦਾ ਹੋ ਗਈ ਹੈ। ਇਸ ਦਾ ਫ਼ਾਇਦਾ ਵਿਸ਼ਾਲ ਸੈਨਿਕ-ਉਦਯੋਗਿਕ ਗੱਠਜੋੜ ਨੂੰ ਮਿਲਦਾ ਹੈ। ਅੱਜ ਬਜਟ ਮੁੜ ਤੋਂ ਹਥਿਆਰਾਂ ਦਾ ਜ਼ਖੀਰਾ ਜਮ੍ਹਾਂ ਕਰਨ ਲਈ ਬਣਾਏ ਜਾ ਰਹੇ ਹਨ, ਪਰਮਾਣੂ ਸੰਧੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ ਅਤੇ ਪਰਮਾਣੂ ਭੰਡਾਰਾਂ ਨੂੰ ਮੁੜ ਭਰਿਆ ਜਾ ਰਿਹਾ ਹੈ… ਇਹ ਸਭ ਇੱਕ ਵੱਡੀ ਤਬਾਹੀ ਵੱਲ ਇਸ਼ਾਰਾ ਕਰਦੇ ਹਨ। ਇਹ ਦੁਨੀਆ ਵਿੱਚ ਵੱਖ-ਵੱਖ ਥਾਵਾਂ ’ਤੇ ਭੜਕੀਆਂ ਜੰਗਾਂ ਨਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਇਸ ਵਿੱਚ ਏ ਆਈ ਦਾ ਉਭਾਰ ਜੋੜ ਦਿਓ ਅਤੇ ਤੁਹਾਡੇ ਕੋਲ ਇੱਕ ਅਜਿਹੀ ਦੁਨੀਆ ਹੋਵੇਗੀ ਜੋ ਕੁਝ ਤਕਨੀਕੀ ਮਾਹਿਰਾਂ (ਟੈੱਕਨੋਕਰੈਟਸ) ਅਤੇ ਤਾਨਾਸ਼ਾਹ ਸ਼ਾਸਕਾਂ ਦੇ ਰਹਿਮੋ-ਕਰਮ ’ਤੇ ਹੋਵੇਗੀ।
ਨਿਸ਼ਸਤਰੀਕਰਨ ਕਮਿਸ਼ਨ ‘ਆਈ ਏ ਈ ਏ’ (ਇੰਟਰਨੈਸ਼ਨਲ ਅਟੌਮਿਕ ਐਨਰਜੀ ਏਜੰਸੀ) ਅਤੇ ਸੰਯੁਕਤ ਰਾਸ਼ਟਰ ਦੇ ਅਧੀਨ ਕਈ ਹੋਰ ਸੰਸਥਾਵਾਂ ਨੇ ਪਰਮਾਣੂ ਊਰਜਾ ਦੇ ਵਿਕਾਸ ਅਤੇ ਵਰਤੋਂ ’ਤੇ ਇੱਕ ਪ੍ਰਣਾਲੀਗਤ ਨਿਯੰਤਰਣ ਬਣਾਉਣ ਵਿੱਚ ਮਦਦ ਕੀਤੀ ਸੀ। ਹਾਲਾਂਕਿ, ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਤਕਨੀਕ ਏ ਆਈ ਦੂਰਗਾਮੀ ਤਬਦੀਲੀਆਂ ਲਿਆਉਣ ਤੇ ਖਲਲ ਪਾਉਣ ਦੇ ਸਮਰੱਥ ਹੈ, ਜਿਸ ਉੱਤੇ ਇਸ ਵੇਲੇ ਕੋਈ ਪ੍ਰਣਾਲੀਗਤ ਕੰਟਰੋਲ ਨਹੀਂ ਹੈ। ਫੌਰੀ ਲੋੜ ਇਹ ਹੈ ਕਿ ਸਾਰੇ ਦੇਸ਼ ਏ ਆਈ ਦੇ ਇਸ ਹੱਲੇ ਦਾ ਸਾਹਮਣਾ ਕਰਨ ਲਈ ਇਕਜੁੱਟ ਹੋਣ ਅਤੇ ਕੰਟਰੋਲ ਤੇ ਸੰਤੁਲਨ ਦੀ ਇੱਕ ਪ੍ਰਣਾਲੀ ਘੜਨ। ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿੱਥੇ ਏ ਆਈ ‘ਬੇਕਾਬੂ ਅੱਗ’ ਬਣ ਸਕਦੀ ਹੈ।

