ਹੈਲੀਫੈਕਸ (ਦਿਵਰੂਪ ਕੌਰ): ਇਸ ਹਫ਼ਤੇ ਤੋਂ ਹੈਲੀਫੈਕਸ ਇਨਫਰਮਰੀ ਅਤੇ ਡਾਰਟਮਾਊਥ ਜਨਰਲ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਏ.ਆਈ. ਅਧਾਰਿਤ ਹਥਿਆਰ ਸਕ੍ਰੀਨਿੰਗ ਵਿੱਚੋਂ ਲੰਘਣਾ ਪਵੇਗਾ। ਨੋਵਾ ਸਕੋਸ਼ੀਆ ਹੈਲਥ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਹ ਕਦਮ ਬਿਮਾਰਾਂ, ਮੁਲਾਕਾਤੀਆਂ ਤੇ ਸਟਾਫ਼ ਦੀ ਸੁਰੱਖਿਆ ਵਧਾਉਣ ਲਈ ਚੁੱਕਿਆ ਜਾ ਰਿਹਾ ਹੈ।
ਨਵਾਂ ਸਿਸਟਮ ਹਸਪਤਾਲਾਂ ਦੇ ਮੁੱਖ ਦਰਵਾਜ਼ਿਆਂ ਤੇ ਐਮਰਜੈਂਸੀ ਇੰਟਰੈਂਸ ਤੇ ਲਗਾਇਆ ਜਾਵੇਗਾ। AI ਡਿਵਾਈਸ ਕਿਸੇ ਵੀ ਚੀਜ਼ ਨੂੰ ਸਕੈਨ ਕਰੇਗੀ ਜੋ ਹਥਿਆਰ ਵਾਂਗ ਦਿਖੇ ਜਾਂ ਹਥਿਆਰ ਵਜੋਂ ਵਰਤੀ ਜਾ ਸਕੇ। ਇਸ ਵਿੱਚ ਬੰਦੂਕਾਂ, ਚਾਕੂ ਆਦਿ ਸ਼ਾਮਲ ਹਨ। ਜੇਕਰ ਕੋਈ ਸ਼ੱਕੀ ਚੀਜ਼ ਮਿਲੀ ਤਾਂ ਉਹ ਜ਼ਬਤ ਕਰ ਲਈ ਜਾਵੇਗੀ ਤੇ ਜ਼ਰੂਰਤ ਪੈਣ ਤੇ ਪੁਲਿਸ ਨੂੰ ਸੌਂਪ ਦਿੱਤੀ ਜਾਵੇਗੀ।
ਨੋਵਾ ਸਕੋਸ਼ੀਆ ਹੈਲਥ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਾਇੰਟਮੈਂਟ ਲਈ ਵਾਧੂ ਸਮਾਂ ਰੱਖ ਕੇ ਆਉਣ ਅਤੇ ਗੈਰ-ਜ਼ਰੂਰੀ ਸਾਮਾਨ ਨਾ ਲਿਆਉਣ ਤਾਂ ਜੋ ਲਾਈਨਾਂ ਘੱਟ ਲੱਗਣ। ਸਿਕਿਉਰਿਟੀ ਸਟਾਫ਼ ਮੌਕੇ ਤੇ ਮੌਜੂਦ ਰਹੇਗਾ ਜੋ ਸਵਾਲਾਂ ਦੇ ਜਵਾਬ ਦੇਵੇਗਾ। ਅਥਾਰਟੀ ਨੇ ਸਪੱਸ਼ਟ ਕੀਤਾ ਕਿ ਇਹ AI ਤਕਨੀਕ ਮੈਡੀਕਲ ਡਿਵਾਈਸਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ।
ਇਸ ਤੋਂ ਪਹਿਲਾਂ ਮਈ ਵਿੱਚ ਟਰੂਰੋ ਦੇ ਕੋਲਚੈਸਟਰ ਈਸਟ ਹੈਂਟਸ ਹੈਲਥ ਸੈਂਟਰ ਵਿੱਚ ਇਸੇ ਤਕਨੀਕ ਦਾ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ। 10 ਦਿਨਾਂ ਵਿੱਚ 7400 ਲੋਕਾਂ ਵਿੱਚੋਂ 49 ਸ਼ੱਕੀ ਚੀਜ਼ਾਂ (ਜਿਆਦਾਤਰ ਚਾਕੂ ਤੇ ਬਾਕਸ ਕਟਰ) ਫੜੀਆਂ ਗਈਆਂ ਸਨ। ਇਹ ਸਿਸਟਮ ਬਣਾਉਣ ਵਾਲੀ ਕੰਪਨੀ Xtract One Technologies ਦੇ ਸੀਈਓ ਪੀਟਰ ਈਵਾਨਜ਼ ਨੇ ਮਈ ਵਿੱਚ ਦੱਸਿਆ ਕਿ, “ਸੈਂਸਰ ਧਾਤਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਪਛਾਣਦੇ ਹਨ ਤੇ AI ਰਾਹੀਂ ਤੈਅ ਕਰਦੇ ਹਨ ਕਿ ਇਹ ਚਾਕੂ ਹੈ, ਬੰਦੂਕ ਹੈ ਜਾਂ ਮੋਬਾਈਲ/ਲੈਪਟਾਪ।
ਹਸਪਤਾਲਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਵਧਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਜਨਵਰੀ ਵਿੱਚ ਹੈਲੀਫੈਕਸ ਇਨਫਰਮਰੀ ਦੇ ਐਮਰਜੈਂਸੀ ਵਿੱਚ ਇੱਕ ਬਿਮਾਰ ਨੇ ਤਿੰਨ ਸਟਾਫ਼ ਮੈਂਬਰਾਂ ਨੂੰ ਚਾਕੂ ਮਾਰਿਆ ਸੀ। ਇਸ ਤੋਂ ਬਾਅਦ ਸੁਰੱਖਿਆ ਵਧਾਉਣ ਦੀਆਂ ਮੰਗਾਂ ਉੱਠੀਆਂ ਸਨ।
ਨੋਵਾ ਸਕੋਸ਼ੀਆ ਹੈਲਥ ਨੇ ਕਿਹਾ ਕਿ ਇਹ ਪ੍ਰੋਜੈਕਟ ਸਟਾਫ਼ ਤੇ ਬਿਮਾਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਾ ਹੈ ਅਤੇ ਸਮੇਂ ਦੇ ਨਾਲ ਹੋਰ ਹੋਰ ਹਸਪਤਾਲਾਂ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ। This report was written by Divroop Kaur as part of the Local Journalism Initiative.

