ਸਰੀ, (ਦਿਵਰੂਪ ਕੌਰ): ਅਲਬਰਟਾ ਦੇ ਸਿਲਵਨ ਲੇਕ (Sylvan Lake) ਇਲਾਕੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਭਾਈਚਾਰੇ ਅਤੇ ਖੇਡ ਜਗਤ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ ਜਿੱਥੇ ਦੋ ਨੌਜਵਾਨ ਹਾਕੀ ਖਿਡਾਰੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਹਾਈਵੇਅ 11 ‘ਤੇ ਐਕਵਿਲ (Eckville) ਨੇੜੇ ਵਾਪਰਿਆ ਜਦੋਂ ਦੋ ਵਾਹਨਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ।
ਮਰਨ ਵਾਲੇ ਦੋਵੇਂ ਨੌਜਵਾਨਾਂ ਦੀ ਉਮਰ ਮਹਿਜ਼ 18 ਸਾਲ ਸੀ ਅਤੇ ਉਹ ਸਥਾਨਕ ਜੂਨੀਅਰ ਬੀ ਹਾਕੀ ਟੀਮ ਦੇ ਉਭਰਦੇ ਹੋਏ ਸਿਤਾਰੇ ਸਨ। ਇਸ ਘਟਨਾ ਨੇ ਛੋਟੇ ਜਿਹੇ ਕਸਬੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਹਰ ਪਾਸੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਰਿਪੋਰਟਾਂ ਮੁਤਾਬਕ ਇਹ ਹਾਦਸਾ ਸ਼ਾਮ ਦੇ ਸਮੇਂ ਵਾਪਰਿਆ ਅਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰ ਨਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਵਾਹਨ ਵਿੱਚ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ‘ਸਿਲਵਨ ਲੇਕ ਐਡਮਿਰਲਜ਼’ (Sylvan Lake Admirals) ਹਾਕੀ ਟੀਮ ਦਾ ਹਿੱਸਾ ਸਨ। ਟੀਮ ਦੇ ਪ੍ਰਬੰਧਕਾਂ ਅਤੇ ਕੋਚਾਂ ਨੇ ਇਸ ਨੂੰ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਨਾ ਸਿਰਫ਼ ਮੈਦਾਨ ਵਿੱਚ ਬਿਹਤਰੀਨ ਸਨ ਸਗੋਂ ਨਿੱਜੀ ਜ਼ਿੰਦਗੀ ਵਿੱਚ ਵੀ ਬਹੁਤ ਮਿਲਣਸਾਰ ਅਤੇ ਹੋਣਹਾਰ ਸਨ। ਸਾਥੀ ਖਿਡਾਰੀ ਅਤੇ ਦੋਸਤ ਇਸ ਸਦਮੇ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ।
ਸਿਲਵਨ ਲੇਕ ਅਤੇ ਐਕਵਿਲ ਦੇ ਨਿਵਾਸੀ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਕਸਬੇ ਵਿੱਚ ਸਰਕਾਰੀ ਇਮਾਰਤਾਂ ‘ਤੇ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ ਤਾਂ ਜੋ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਸਥਾਨਕ ਮੇਅਰ ਨੇ ਵੀ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੂਰਾ ਸ਼ਹਿਰ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦੇ ਦਰਦ ਵਿੱਚ ਸ਼ਾਮਲ ਹੈ। ਲੋਕ ਸੋਸ਼ਲ ਮੀਡੀਆ ਰਾਹੀਂ ਅਤੇ ਘਟਨਾ ਸਥਾਨ ‘ਤੇ ਫੁੱਲ ਭੇਟ ਕਰਕੇ ਆਪਣੀ ਸ਼ਰਧਾਂਜਲੀ ਦੇ ਰਹੇ ਹਨ। ਫਿਲਹਾਲ ਪੁਲਿਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਭਾਣਾ ਕਿਵੇਂ ਵਰਤਿਆ। This report was written by Divroop Kaur as part of the Local Journalism Initiative.

