ਸਰੀ, (ਦਿਵਰੂਪ ਕੌਰ): ਓਂਟਾਰੀਓ ਸੂਬੇ ਦੇ ਕਾਮਿਆਂ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਸੂਬਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਅਕਤੂਬਰ ਤੋਂ ਓਂਟਾਰੀਓ ਵਿੱਚ ਘੱਟੋ-ਘੱਟ ਉਜਰਤ ਵੱਧ ਕੇ 17.95 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਰਕਾਰ ਵੱਲੋਂ ਇਹ ਵਾਧਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਂਦਾ ਹੈ ਜਿਸ ਨੂੰ ਉਪਭੋਗਤਾ ਕੀਮਤ ਸੂਚਕਾਂਕ ਵੀ ਕਿਹਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਓਂਟਾਰੀਓ ਅੰਦਰ ਘੱਟੋ-ਘੱਟ ਉਜਰਤ 17.60 ਡਾਲਰ ਪ੍ਰਤੀ ਘੰਟਾ ਹੈ। ਇਸ ਨਵੇਂ ਵਾਧੇ ਨਾਲ ਆਮ ਕਾਮਿਆਂ ਨੂੰ ਆਰਥਿਕ ਤੌਰ ਉੱਤੇ ਕੁਝ ਮਦਦ ਮਿਲਣ ਦੀ ਉਮੀਦ ਹੈ। ਸਰਕਾਰੀ ਅੰਕੜਿਆਂ ਅਨੁਸਾਰ ਜੇਕਰ ਕੋਈ ਕਾਮਾ ਘੱਟੋ-ਘੱਟ ਉਜਰਤ ਉੱਤੇ ਹਫ਼ਤੇ ਵਿੱਚ ਚਾਲੀ ਘੰਟੇ ਕੰਮ ਕਰਦਾ ਹੈ ਤਾਂ ਇਸ ਵਾਧੇ ਨਾਲ ਉਸਦੀ ਸਾਲਾਨਾ ਆਮਦਨ ਵਿੱਚ 728 ਡਾਲਰ ਦਾ ਇਜ਼ਾਫਾ ਹੋਵੇਗਾ। ਕਿਰਤ ਮੰਤਰੀ ਡੇਵਿਡ ਪਿਚਿਨੀ ਨੇ ਕਿਹਾ ਕਿ ਇਸ ਤਾਜ਼ਾ ਵਾਧੇ ਤੋਂ ਬਾਅਦ ਓਂਟਾਰੀਓ ਪੂਰੇ ਕੈਨੇਡਾ ਵਿੱਚ ਸਭ ਤੋਂ ਵੱਧ ਘੱਟੋ-ਘੱਟ ਉਜਰਤ ਦੇਣ ਵਾਲੇ ਸੂਬਿਆਂ ਦੀ ਸੂਚੀ ਵਿੱਚ ਮੋਹਰੀ ਰਹੇਗਾ। ਦੂਜੇ ਪਾਸੇ ਓਂਟਾਰੀਓ ਲਿਵਿੰਗ ਵੇਜ ਨੈੱਟਵਰਕ ਨਾਮ ਦੀ ਸੰਸਥਾ ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਰਹਿਣ ਲਈ ਘੱਟੋ-ਘੱਟ ਗੁਜ਼ਾਰੇ ਯੋਗ ਆਮਦਨ 27.20 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। This report was written by Divroop Kaur as part of the Local Journalism Initiative.

