Wednesday, April 29, 2026

ਔਨਲਾਈਨ ਸਟ੍ਰੀਮਿੰਗ ਐਕਟ ਤਹਿਤ ਨਵੇਂ ਕਾਨੂੰਨ, ਨੇਟਫਲਿਕਸ ਸਮੇਤ ਵੱਡੇ ਪਲੇਟਫਾਰਮਾਂ ਨੂੰ ਵਿੱਤੀ ਜਾਣਕਾਰੀ ਜ਼ਾਹਰ ਕਰਨੀ ਪਵੇਗੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਫੈਡਰਲ ਪ੍ਰਸਾਰਣ ਨਿਯੰਤਰਕ ਸੀ.ਆਰ.ਟੀ.ਸੀ. (ਕੈਨੇਡੀਅਨ ਰੇਡੀਓ-ਟੀਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ) ਨੇ ਕੈਨੇਡੀਅਨ ਸਮੱਗਰੀ ਜਿਸਨੂੰ ਆਮ ਤੌਰ ‘ਤੇ ਕੈਨਕਾਨ (Cancon) ਕਿਹਾ ਜਾਂਦਾ ਹੈ ਲਈ ਨਵੀਂ ਪਰਿਭਾਸ਼ਾ ਜਾਰੀ ਕੀਤੀ ਹੈ। ਇਸ ਨਵੀਂ ਪਰਿਭਾਸ਼ਾ ਅਨੁਸਾਰ, ਕ੍ਰਿਤ੍ਰਿਮ ਬੁੱਧੀ (AI) ਨੂੰ ਕਿਸੇ ਵੀ ਰਚਨਾਤਮਕ ਪਦ ‘ਤੇ ਰੱਖ ਕੇ ਤਿਆਰ ਕੀਤੀ ਸਮੱਗਰੀ ਨੂੰ ਕੈਨੇਡੀਅਨ ਸਮੱਗਰੀ ਦੀ ਸ਼੍ਰੇਣੀ ਵਿੱਚ ਨਹੀਂ ਮੰਨਿਆ ਜਾ ਸਕਦਾ।
ਸੀ.ਆਰ.ਟੀ.ਸੀ. ਨੇ ਕਿਹਾ ਕਿ ਕੈਨਕਾਨ ਦੀ ਗਿਣਤੀ ਪਹਿਲਾਂ ਵਾਂਗ ਹੀ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਕਿਸੇ ਨਿਰਮਾਣ ਵਿੱਚ ਮੁੱਖ ਕ੍ਰੀਏਟਿਵ ਰੋਲਾਂ ‘ਤੇ ਕਿੰਨੇ ਕੈਨੇਡੀਅਨ ਕੰਮ ਕਰ ਰਹੇ ਹਨ। ਪਰ ਨਵੀਂ ਪਰਿਭਾਸ਼ਾ ਵਿੱਚ ਰਚਨਾਤਮਕ ਅਹੁਦਿਆਂ ਦੀ ਸੂਚੀ ਨੂੰ ਵੱਧ ਵਿਆਪਕ ਕਰ ਦਿੱਤਾ ਗਿਆ ਹੈ। ਹੁਣ ਸ਼ੋਰਨਰ, ਸਪੈਸ਼ਲ ਇਫੈਕਟਸ ਡਾਇਰੈਕਟਰ, ਕਾਸਟਿਊਮ ਮੁਖੀ ਵਰਗੇ ਰੋਲ ਵੀ ਕੈਨਕਾਨ ਦੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਪਰ ਸੀ.ਆਰ.ਟੀ.ਸੀ. ਨੇ ਸਪਸ਼ਟ ਕੀਤਾ ਹੈ ਕਿ ਇਹ ਸਾਰੇ ਅਹੁਦੇ ਮਨੁੱਖਾਂ ਦੁਆਰਾ ਹੀ ਭਰੇ ਹੋਣੇ ਚਾਹੀਦੇ ਹਨ ਅੀ ਦੁਆਰਾ ਨਹੀਂ।
ਸੀ.ਆਰ.ਟੀ.ਸੀ. ਦੇ ਬ੍ਰਾਡਕਾਸਟਿੰਗ ਵਾਈਸ-ਪ੍ਰੈਜ਼ੀਡੈਂਟ ਸਕੌਟ ਸ਼ੌਰਟਲਿਫ਼ ਨੇ ਮੰਗਲਵਾਰ ਨੂੰ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ:
”ਅਸੀਂ ਮੰਨਦੇ ਹਾਂ ਕਿ ਅੀ ਰਚਨਾਤਮਕ ਪ੍ਰਕਿਰਿਆ ਵਿੱਚ ਇੱਕ ਉਪਯੋਗੀ ਸਾਧਨ ਹੋ ਸਕਦਾ ਹੈ। ਪਰ ਕੈਨਕਾਨ ਤਹਿਤ ਕ੍ਰੀਏਟਿਵ ਰੋਲ ਮਨੁੱਖਾਂ ਦੁਆਰਾ ਨਿਭਾਏ ਜਾਣ ਲਾਜ਼ਮੀ ਹਨ।”
ਸੰਸਕ੍ਰਿਤਿਕ ਤੱਤਾਂ ਲਈ ਬੋਨਸ ਅੰਕ
ਨਵੀਂ ਪਰਿਭਾਸ਼ਾ ਦੇ ਤਹਿਤ, ਉਹ ਨਿਰਮਾਣ ਜਿੱਥੇ ਕੈਨੇਡੀਅਨ ਪਾਤਰ, ਕੈਨੇਡੀਅਨ ਸੈਟਿੰਗਾਂ ਜਾਂ ਕੈਨੇਡੀਅਨ ਲੇਖਨ ਵਾਲੀਆਂ ਕਿਤਾਬਾਂ ‘ਤੇ ਅਧਾਰਿਤ ਕਹਾਣੀਆਂ ਹੁੰਦੀਆਂ ਹਨ, ਉਹਨਾਂ ਨੂੰ ਵੱਧ ਅੰਕ ਮਿਲ ਸਕਦੇ ਹਨ। ਇਸਦਾ ਮਤਲਬ ਹੈ ਕਿ ਹੋਰ ਪ੍ਰੋਜੈਕਟਾਂ ਲਈ ਕੈਨਕਾਨ ਸਰਟੀਫਿਕੇਸ਼ਨ ਪ੍ਰਾਪਤ ਕਰਨਾ ਆਸਾਨ ਹੋਵੇਗਾ।
ਉਹ ਕਹਿੰਦੇ ਹਨ ਕਿ ਇਸ ਨਾਲ ਕੈਨੇਡਾ ਵਿੱਚ ਵੱਡੇ ਪੱਧਰ ਦੇ, ਬਿਹਤਰ ਫੰਡਿੰਗ ਵਾਲੇ ਟੀਵੀ ਸ਼ੋਅ ਅਤੇ ਫ਼ਿਲਮਾਂ ਬਣਨਗੀਆਂ, ਨਾਲ ਹੀ ਛੋਟੇ ਨਿਰਮਾਤਾਵਾਂ ਨੂੰ ਵੀ ਮੌਕੇ ਮਿਲਦੇ ਰਹਿਣਗੇ।
ਔਨਲਾਈਨ ਸਟ੍ਰੀਮਿੰਗ ‘ਤੇ ਨਵੇਂ ਨਿਯਮ
ਨਵੀਂ ਪਰਿਭਾਸ਼ਾ ਰਵਾਇਤੀ ਮੀਡੀਆ ਅਤੇ ਸਟ੍ਰੀਮਿੰਗ ਪਲੇਟਫਾਰਮਾਂ ਜਿਵੇਂ ਨੇਟਫਲਿਕਸ ਦੋਹਾਂ ‘ਤੇ ਲਾਗੂ ਹੋਵੇਗੀ। ਇਹ ਨਿਰਣੇ ਉਹਨਾਂ ਦੋ ਹਫ਼ਤਿਆਂ ਦੀਆਂ ਪਬਲਿਕ ਸੁਣਵਾਈਆਂ ਤੋਂ ਬਾਅਦ ਆਇਆ ਜਿਹੜੀਆਂ ਸੀ.ਆਰ.ਟੀ.ਸੀ. ਨੇ ਇਸ ਸਾਲ ਸ਼ੁਰੂ ਵਿੱਚ ਕੀਤੀਆਂ।
ਇਹ ਫ਼ੈਸਲਾ ਔਨਲਾਈਨ ਸਟ੍ਰੀਮਿੰਗ ਐਕਟ ਨੂੰ ਲਾਗੂ ਕਰਨ ਦੀ ਪ੍ਰਕ੍ਰਿਆ ਦਾ ਇੱਕ ਹਿੱਸਾ ਹੈ, ਜਿਸਦਾ ਟੀਚਾ ਸਟ੍ਰੀਮਿੰਗ ਕੰਪਨੀਆਂ ਨੂੰ ਕੈਨੇਡੀਅਨ ਬ੍ਰਾਡਕਾਸਟਿੰਗ ਨਿਯਮਾਂ ਅਧੀਨ ਲਿਆਉਣਾ ਹੈ।
ਨਵੇਂ ਨਿਯਮ ਵੱਡੀਆਂ ਸਟ੍ਰੀਮਿੰਗ ਕੰਪਨੀਆਂ ਲਈ ਵਿੱਤੀ ਖੁਲਾਸਾ ਲਾਜ਼ਮੀ ਕਰਦੇ ਹਨ, ਜਿਸ ਵਿੱਚ ਉਹਨਾਂ ਦੀ ਕੈਨੇਡੀਅਨ ਸਮੱਗਰੀ ‘ਤੇ ਕੀਤੀ ਖਰਚ ਅਤੇ ਬ੍ਰਾਡਕਾਸਟਿੰਗ ਤੋਂ ਆ ਰਹੀ ਆਮਦਨ ਸ਼ਾਮਲ ਹੈ।
ਕੁਝ ਔਨਲਾਈਨ ਕੰਪਨੀਆਂ ਨੇ ਦਲੀਲ ਦਿੱਤੀ ਕਿ ਇਹ ਖੁਲਾਸਾ ਉਹਨਾਂ ਦੀ ਮੁਕਾਬਲੇ ਦੀ ਸਮਰੱਥਾ ‘ਤੇ ਅਸਰ ਪਾ ਸਕਦਾ ਹੈ। ਪਰ ਸੀ.ਆਰ.ਟੀ.ਸੀ. ਨੇ ਕਿਹਾ ਕਿ ਵੱਡੇ ਪਲੇਟਫਾਰਮਾਂ ਦੇ ਅਕਾਰ ਅਤੇ ਉਹਨਾਂ ਦੇ ਪ੍ਰਭਾਵ ਨੂੰ ਵੇਖਦਿਆਂ ਇਹ ਡੇਟਾ ਜਨਤਕ ਕਰਨ ਨਾਲ ਉਹਨਾਂ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ। This report was written by Divroop Kaur as part of the Local Journalism Initiative.

Popular