ਜਨਵਰੀ ਵਿੱਚ ਵੀ ਜਾਰੀ ਰਹਿ ਸਕਦਾ ਹੈ 100 ਮਾਈਲ ਹਾਊਸ ਹਸਪਤਾਲ ਵਿੱਚ ਬੰਦ ਦਾ ਸਿਲਸਿਲਾ
ਸਰੀ, (ਦਿਵਰੂਪ ਕੌਰ): ਸਥਾਨਕ ਸਿਆਸਤਦਾਨਾਂ ਅਤੇ ਇੰਟੀਰੀਅਰ ਹੈਲਥ (IH) ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਮੌਜੂਦਾ ਢਾਂਚੇ ਵਿੱਚ ਬਦਲਾਅ ਦੀ ਸਖ਼ਤ ਲੋੜ ਹੈ। ਥੌਮਸਨ-ਕੈਰੀਬੂ-ਰੂਰਲ ਲਈ ਕਲੀਨਿਕਲ ਓਪਰੇਸ਼ਨਜ਼ ਦੀ ਕਾਰਜਕਾਰੀ ਨਿਰਦੇਸ਼ਕ ਕੈਰਨ ਕੂਪਰ ਨੇ ਮੰਨਿਆ ਕਿ ਪਿਛਲੇ ਦੋ ਸਾਲਾਂ ਵਿੱਚ ਇਸ ਖੇਤਰ ਵਿੱਚ ਸੇਵਾਵਾਂ ਨੂੰ ਸਥਿਰ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੈਰਿਟ, ਲਿਲੂਏਟ ਅਤੇ ਵਿਲੀਅਮਜ਼ ਲੇਕ ਦੇ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਸੇ ਤਰ੍ਹਾਂ ਦੀ ਗੰਭੀਰਤਾ 100 ਮਾਈਲ ਹਾਊਸ ਲਈ ਵੀ ਦਿਖਾਉਣ ਦੀ ਲੋੜ ਹੈ। ਇਨ੍ਹਾਂ ਸਾਰੀਆਂ ਥਾਵਾਂ ‘ਤੇ ਨਰਸਾਂ ਅਤੇ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਜ਼ਿਲ੍ਹਾ ਮੇਅਰ ਮੌਰੀਨ ਪਿੰਕਨੀ ਅਤੇ ਪ੍ਰਸ਼ਾਸਨ ਨੇ ਬੀ.ਸੀ. ਦੀ ਸਿਹਤ ਮੰਤਰੀ ਜੋਸੀ ਓਸਬੋਰਨ ਨੂੰ ਇੱਕ ਪੱਤਰ ਲਿਖ ਕੇ ਜਵਾਬ ਮੰਗਿਆ ਹੈ। ਮੇਅਰ ਪਿੰਕਨੀ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ਨਰਸ ਪ੍ਰੈਕਟੀਸ਼ਨਰਾਂ (NPs) ਦੇ ਕੰਮ ਕਰਨ ਦੇ ਨਿਯਮਾਂ ਵਿੱਚ ਢਿੱਲ ਦੇਣੀ ਚਾਹੀਦੀ ਹੈ। ਮੌਜੂਦਾ ਸਮੇਂ ਵਿੱਚ ਨਰਸ ਪ੍ਰੈਕਟੀਸ਼ਨਰਾਂ ਦੇ ਕੰਮ ਦੇ ਘੰਟੇ ਸੀਮਤ ਹਨ, ਪਰ ਜੇਕਰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਅਤੇ ਸ਼ਾਮ 2 ਵਜੇ ਤੋਂ ਬਾਅਦ ਵੀ ਸੇਵਾਵਾਂ ਦੇਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਐਮਰਜੈਂਸੀ ਰੂਮ ‘ਤੇ ਪੈਣ ਵਾਲਾ ਦਬਾਅ ਘਟਾਇਆ ਜਾ ਸਕਦਾ ਹੈ। ਮੇਅਰ ਨੇ ਕਿਹਾ ਕਿ ਸਥਾਨਕ ਨਰਸ ਪ੍ਰੈਕਟੀਸ਼ਨਰ ਖੁਦ ਵੀ ਵੱਧ ਕੰਮ ਕਰਨ ਲਈ ਤਿਆਰ ਹਨ, ਖਾਸ ਕਰਕੇ ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਨਵਾਂ ਕਲੀਨਿਕ ਖੋਲ੍ਹਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਨਿਯਮਾਂ ਵਿੱਚ ਬਦਲਾਅ ਕੀਤਾ ਜਾਵੇ ਤਾਂ ਇਹ ਸਟਾਫ਼ ER ਵਿੱਚ ਵੀ ਮਦਦ ਕਰ ਸਕਦਾ ਹੈ।
ਕੈਰੀਬੂ-ਚਿਲਕੋਟਿਨ ਦੇ ਵਿਧਾਇਕ ਲੋਰਨ ਡੋਰਕਸਨ ਲਈ ਇਹ ਮਾਮਲਾ ਹੁਣ ਸਿਰਫ਼ ਨਿਰਾਸ਼ਾ ਦਾ ਨਹੀਂ ਸਗੋਂ ਗੁੱਸੇ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ 26 ਦਸੰਬਰ, 2025 ਨੂੰ 103 ਮਾਈਲ ਹਾਊਸ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਸੀ। ਕਿਉਂਕਿ ਸਥਾਨਕ ਐਮਰਜੈਂਸੀ ਰੂਮ ਬੰਦ ਸੀ, ਮਰੀਜ਼ ਨੂੰ ਇਲਾਜ ਲਈ ਵਿਲੀਅਮਜ਼ ਲੇਕ ਦੇ ਕੈਰੀਬੂ ਮੈਮੋਰੀਅਲ ਹਸਪਤਾਲ ਭੇਜਣਾ ਪਿਆ। ਜਿੱਥੇ ਇਲਾਜ ਸਿਰਫ਼ ਪੰਜ ਮਿੰਟਾਂ ਦੀ ਦੂਰੀ ‘ਤੇ ਮਿਲ ਸਕਦਾ ਸੀ, ਉੱਥੇ ਮਰੀਜ਼ ਨੂੰ ਇੱਕ ਘੰਟੇ ਦਾ ਸਫ਼ਰ ਤੈਅ ਕਰਨਾ ਪਿਆ। ਸਰਦੀਆਂ ਦੇ ਮੌਸਮ ਵਿੱਚ ਬਰਫ਼ਬਾਰੀ ਕਾਰਨ ਸੜਕਾਂ ‘ਤੇ ਸਫ਼ਰ ਕਰਨਾ ਪਹਿਲਾਂ ਹੀ ਖ਼ਤਰਨਾਕ ਹੁੰਦਾ ਹੈ, ਅਜਿਹੇ ਵਿੱਚ ਦੂਰ-ਦੁਰਾਡੇ ਹਸਪਤਾਲ ਜਾਣਾ ਕਿਸੇ ਦੀ ਜਾਨ ਲਈ ਘਾਤਕ ਸਾਬਤ ਹੋ ਸਕਦਾ ਹੈ। ਡੋਰਕਸਨ ਨੂੰ ਡਰ ਹੈ ਕਿ ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਕਿਸੇ ਦੀ ਮੌਤ ਵੀ ਹੋ ਸਕਦੀ ਹੈ, ਖਾਸ ਕਰਕੇ ਦਿਲ ਦਾ ਦੌਰਾ ਜਾਂ ਬ੍ਰੇਨ ਸਟ੍ਰੋਕ ਵਰਗੇ ਮਾਮਲਿਆਂ ਵਿੱਚ ਜਿੱਥੇ ਹਰ ਮਿੰਟ ਕੀਮਤੀ ਹੁੰਦਾ ਹੈ।
ਮੇਅਰ ਪਿੰਕਨੀ ਨੇ ਜ਼ੋਰ ਦੇ ਕੇ ਕਿਹਾ ਕਿ ਹਾਈਵੇਅ 97 ‘ਤੇ ਰੋਜ਼ਾਨਾ 10,000 ਗੱਡੀਆਂ ਲੰਘਦੀਆਂ ਹਨ ਅਤੇ ਇਹ ਹਸਪਤਾਲ ਸਥਾਨਕ ਆਬਾਦੀ ਦੇ ਨਾਲ-ਨਾਲ ਰਾਹਗੀਰਾਂ ਲਈ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇੰਟੀੀਰੀਅਰ ਹੈਲਥ ਵੱਲੋਂ ਵਰਚੁਅਲ (ਆਨਲਾਈਨ) ਸੇਵਾਵਾਂ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਇਹ ਸਿਰਫ਼ ਇੱਕ ਆਰਜ਼ੀ ਹੱਲ ਹੋ ਸਕਦਾ ਹੈ, ਪੱਕਾ ਨਹੀਂ। ਦੂਜੇ ਪਾਸੇ, ਕੈਰਨ ਕੂਪਰ ਨੇ ਕਿਹਾ ਕਿ ਉਹ ਮੇਅਰ ਦੇ ਸੁਝਾਅ ਨਾਲ ਸਹਿਮਤ ਹਨ ਕਿ ਨਰਸ ਪ੍ਰੈਕਟੀਸ਼ਨਰਾਂ ਨੂੰ 8 ਘੰਟੇ ਦੀ ਬਜਾਏ 12 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ, ਪਰ ਇਹ ਫੈਸਲਾ ਸਿਹਤ ਮੰਤਰਾਲੇ ਦੇ ਹੱਥ ਵਿੱਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਬਾਹਰੋਂ ਆਉਣ ਵਾਲੇ ਡਾਕਟਰਾਂ (locums) ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਮੁਕਾਬਲਾ ਸਖ਼ਤ ਹੋ ਰਿਹਾ ਹੈ।
ਸਿਹਤ ਮੰਤਰਾਲੇ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੀ.ਸੀ. ਵਿੱਚ ਪ੍ਰਤੀ ਵਿਅਕਤੀ ਡਾਕਟਰਾਂ ਦੀ ਗਿਣਤੀ ਕੈਨੇਡਾ ਵਿੱਚ ਸਭ ਤੋਂ ਵੱਧ ਹੈ, ਪਰ ਪੂਰਾ ਸੂਬਾ ਸਿਸਟਮ ‘ਤੇ ਪੈ ਰਹੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਮੰਤਰਾਲੇ ਮੁਤਾਬਕ ਐਮਰਜੈਂਸੀ ਰੂਮ ਬੰਦ ਕਰਨਾ ਆਖਰੀ ਰਾਹ ਹੁੰਦਾ ਹੈ ਤਾਂ ਜੋ ਮਰੀਜ਼ਾਂ ਦੀ ਸੁਰੱਖਿਆ ਨਾਲ ਸਮਝੌਤਾ ਨਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ 2025 ਵਿੱਚ ਬੰਦ ਹੋਣ ਦੇ ਕੰਢੇ ਪਹੁੰਚੀਆਂ 92 ਫੀਸਦੀ ਸ਼ਿਫਟਾਂ ਨੂੰ ਬਚਾ ਲਿਆ ਗਿਆ ਸੀ। ਸਰਕਾਰ ਵੱਲੋਂ ਅਮਰੀਕਾ ਤੋਂ ਡਾਕਟਰਾਂ ਨੂੰ ਭਰਤੀ ਕਰਨ ਲਈ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ 174 ਨਵੇਂ ਡਾਕਟਰਾਂ ਨੇ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕੀਤੀ ਹੈ।
ਹਾਲਾਂਕਿ, ਜ਼ਮੀਨੀ ਹਕੀਕਤ ਇਹ ਹੈ ਕਿ ਜਨਵਰੀ ਵਿੱਚ ਵੀ ਮੁਸ਼ਕਲਾਂ ਜਾਰੀ ਰਹਿਣ ਦੇ ਆਸਾਰ ਹਨ। ਮੇਅਰ ਪਿੰਕਨੀ ਮੁਤਾਬਕ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 2 ਜਨਵਰੀ ਅਤੇ 5 ਜਨਵਰੀ, 2026 ਨੂੰ ਵੀ ਐਮਰਜੈਂਸੀ ਰੂਮ ਬੰਦ ਰਹਿ ਸਕਦਾ ਹੈ। ਵਿਧਾਇਕ ਡੋਰਕਸਨ ਨੇ ਮੰਗ ਕੀਤੀ ਹੈ ਕਿ ਘੱਟੋ-ਘੱਟ ਬੰਦ ਹੋਣ ਬਾਰੇ ਲੋਕਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ ਤਾਂ ਜੋ ਸਾਊਥ ਗ੍ਰੀਨ ਲੇਕ ਵਰਗੇ ਦੂਰ-ਦੁਰਾਡੇ ਇਲਾਕਿਆਂ ਦੇ ਲੋਕ ਸਮੇਂ ਸਿਰ ਕੋਈ ਹੋਰ ਪ੍ਰਬੰਧ ਕਰ ਸਕਣ। ਸਾਰੇ ਪੱਖ ਇਸ ਗੱਲ ‘ਤੇ ਸਹਿਮਤ ਹਨ ਕਿ ਪੁਰਾਣੇ ਤਰੀਕੇ ਹੁਣ ਕੰਮ ਨਹੀਂ ਕਰ ਰਹੇ ਅਤੇ 100 ਮਾਈਲ ਹਾਊਸ ਦੇ ਲੋਕਾਂ ਨੂੰ ਸੁਰੱਖਿਅਤ ਸਿਹਤ ਸੇਵਾਵਾਂ ਦੇਣ ਲਈ ਨਵੇਂ ਅਤੇ ਸਖ਼ਤ ਫੈਸਲੇ ਲੈਣ ਦੀ ਲੋੜ ਹੈ। This report was written by Divroop Kaur as part of the Local Journalism Initiative.

