ਸਰੀ ਸਿਟੀ ਕੌਂਸਲ ਨੇ 2 ਗੈਰਕਾਨੂੰਨੀ ਇਮਾਰਤਾਂ ਉੱਤੇ ਨੋਟਿਸ ਆਨ ਟਾਇਟਲ ਲਗਾਉਣ ਦਾ ਫੈਸਲਾ ਕੀਤਾ
ਸਰੀ, (ਦਿਵਰੂਪ ਕੌਰ): ਸਰੀ ਸ਼ਹਿਰ ਵਿਚ ਗੈਰਕਾਨੂੰਨੀ ਉਸਾਰੀ ਖ਼ਿਲਾਫ ਸ਼ਹਿਰੀ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਨੌਰਥ ਸਰੀ ਅਤੇ ਸਾਊਥ ਸਰੀ ਦੀਆਂ 2 ਜਾਇਦਾਦਾਂ ਉੱਤੇ ਨੋਟਿਸ ਆਨ ਟਾਇਟਲ ਦਰਜ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੋਮਵਾਰ 24 ਨਵੰਬਰ ਨੂੰ ਹੋਈ City of Surrey ਦੀ ਵਿਸ਼ੇਸ਼ ਕੌਂਸਲ ਸੁਣਵਾਈ ਦੌਰਾਨ ਲਿਆ ਗਿਆ।
ਇਹ ਨੋਟਿਸ ਖਾਸ ਤੌਰ ਉੱਤੇ ਸੰਭਾਵੀ ਖਰੀਦਦਾਰਾਂ, ਕਰਜ਼ਾ ਦੇਣ ਵਾਲੇ ਸੰਸਥਾਨਾਂ ਅਤੇ ਬੀਮਾ ਕੰਪਨੀਆਂ ਨੂੰ ਇਸ ਗੱਲ ਦੀ ਸੂਚਨਾ ਦੇਣ ਲਈ ਹੁੰਦੇ ਹਨ ਕਿ ਸੰਬੰਧਿਤ ਜਾਇਦਾਦ ਉੱਤੇ ਗੈਰਕਾਨੂੰਨੀ ਉਸਾਰੀ ਹੋ ਚੁੱਕੀ ਹੈ ਅਤੇ ਇਸ ਨਾਲ ਖਤਰੇ ਜੁੜੇ ਹੋ ਸਕਦੇ ਹਨ। ਇਹ ਕਾਰਵਾਈ ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਤਹਿਤ ਕੀਤੀ ਜਾਂਦੀ ਹੈ।
ਸਿਟੀ ਆਫ ਸਰੀ ਨੇ 27 ਅਪ੍ਰੈਲ 2022 ਨੂੰ ਆਪਣੀ ਇਲੀਗਲ ਕਨਸਟ੍ਰਕਸ਼ਨ ਇਨਫੋਰਸਮੈਂਟ ਟੀਮ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਸਰੀ ਵਿਚ ਬਿਨਾਂ ਤਾਮੀਰਾਤੀ ਪਰਮਿਟ ਕੀਤੀ ਰਹਾਇਸ਼ੀ ਉਸਾਰੀ ਉੱਤੇ ਨਕੇਲ ਕੱਸੀ ਜਾ ਸਕੇ। ਇਸ ਪਰਿਪ੍ਰੇਖ ਵਿਚ ਇਹ ਨਵੀਂ ਕਾਰਵਾਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਕੌਂਸਲ ਸੁਣਵਾਈ ਦੌਰਾਨ 16055 60 ਐਵੇਨਿਊ ਅਤੇ 16835 26 ਐਵੇਨਿਊ ਨਾਲ ਸੰਬੰਧਿਤ ਦੋ ਮਾਮਲਿਆਂ ਦੀ ਚਰਚਾ ਕੀਤੀ ਗਈ। ਦੋਵੇਂ ਮਾਮਲਿਆਂ ਵਿਚ ਕਿਸੇ ਵੀ ਜਾਇਦਾਦ ਮਾਲਕ ਵਲੋਂ ਸੁਣਵਾਈ ਵਿਚ ਹਾਜ਼ਰੀ ਨਹੀਂ ਭਰੀ ਗਈ। ਇਹ ਕਾਰਵਾਈ ਸਰੀ ਡਾਟ ਕਾਮ ਵੈੱਬਸਾਈਟ ਰਾਹੀਂ ਲਾਈਵ ਦਿਖਾਈ ਗਈ।
16055 60 ਐਵੇਨਿਊ ਦੇ ਮਾਮਲੇ ਵਿਚ ਸਹਾਇਕ ਸਿਟੀ ਸਾਲਿਸਟਰ ਕੋਮਲ ਗਿੱਲ ਨੇ ਕੌਂਸਲ ਨੂੰ ਦੱਸਿਆ ਕਿ ਇਹ ਜਾਇਦਾਦ ਅਸਲ ਵਿਚ ਇਕ ਸਿੰਗਲ ਫੈਮਿਲੀ ਘਰ ਅਤੇ ਇਕ ਬਾਰਨ ਸੀ, ਜਿਸ ਨੂੰ ਬਿਨਾਂ ਪਰਮਿਟ 5 ਵੱਖ ਵੱਖ ਰਹਾਇਸ਼ੀ ਯੂਨਿਟਾਂ ਅਤੇ ਹੋਰ ਕਈ ਕਮਰਿਆਂ ਵਿਚ ਤਬਦੀਲ ਕਰ ਦਿੱਤਾ ਗਿਆ। ਇਹ ਜਾਇਦਾਦ ਰਣਜੀਤ ਕੌਰ ਝਾਟੂ ਦੀ ਮਲਕੀਅਤ ਹੈ।
ਗਿੱਲ ਨੇ ਕਿਹਾ ਕਿ ਜਦੋਂ ਉਸਾਰੀ ਪਹਿਲੀ ਵਾਰੀ ਨਜ਼ਰ ਆਈ ਤਾਂ ਸਿਟੀ ਵਲੋਂ ਤੁਰੰਤ ਸਟਾਪ ਵਰਕ ਆਰਡਰ ਜਾਰੀ ਕੀਤਾ ਗਿਆ, ਪਰ ਇਸਦੇ ਬਾਵਜੂਦ ਮਾਲਕ ਨੇ ਕੰਮ ਜਾਰੀ ਰੱਖਿਆ ਅਤੇ ਉਸਾਰੀ ਪੂਰੀ ਕਰ ਲਈ। ਉਨ੍ਹਾਂ ਕਿਹਾ ਕਿ ਮਾਲਕ ਨੂੰ 500 ਡਾਲਰ ਦਾ ਬਾਈਲਾਅ ਜੁਰਮਾਨਾ ਅਤੇ 6 ਸਾਈਟ ਵਿਜਟਿ ਫੀਸਾਂ ਮਿਲਾ ਕੇ 1,340 ਡਾਲਰ ਭਰਨ ਲਈ ਕਿਹਾ ਗਿਆ ਸੀ। ਜੁਰਮਾਨਾ ਤਾਂ ਦੇ ਦਿੱਤਾ ਗਿਆ ਹੈ ਪਰ 648 ਡਾਲਰ ਅਜੇ ਵੀ ਬਕਾਇਆ ਹਨ।
ਦੂਜੇ ਮਾਮਲੇ ਵਿਚ 16835 26 ਐਵੇਨਿਊ ਦੀ ਜਾਇਦਾਦ ਗੁਰਦੀਪ ਸਿੰਘ ਓਟਲ ਅਤੇ ਤੇਜਿੰਦਰ ਓਟਲ ਦੀ ਮਲਕੀਅਤ ਹੈ। ਸਹਾਇਕ ਸਿਟੀ ਸਾਲਿਸਟਰ ਗਿੱਲਰਮੋ ਫਲੋਰੇਜ਼ ਨੇ ਕੌਂਸਲ ਨੂੰ ਦੱਸਿਆ ਕਿ ਇਨ੍ਹਾਂ ਮਾਲਕਾਂ ਨੇ ਆਪਣੇ ਘਰ ਦੇ ਪਿਛੇ ਵਿਚ ਬਿਨਾਂ ਪਰਮਿਟ ਇਕ ਦੋ ਮੰਜਲਿਾ ਅਪਾਰਟਮੈਂਟ ਜਿਹੀ ਇਮਾਰਤ ਤਿਆਰ ਕਰ ਲਈ ਅਤੇ ਉਸ ਵਿਚ ਘੱਟੋ ਘੱਟ 4 ਯੂਨਿਟ ਕਿਰਾਏ ਉੱਤੇ ਚਲਾਏ ਜਾ ਰਹੇ ਹਨ।
ਫਲੋਰੇਜ਼ ਨੇ ਦੱਸਿਆ ਕਿ ਇਹ ਉਸਾਰੀ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਇਸਦੇ ਲਈ ਕਦੇ ਵੀ ਕੋਈ ਬਿਲਡਿੰਗ ਪਰਮਿਟ ਲਈ ਅਰਜ਼ੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਟੀ ਸਟਾਫ਼ ਵਲੋਂ ਇਸ ਜਾਇਦਾਦ ਉੱਤੇ ਲਗਭਗ 9 ਵਾਰ ਸਟਾਪ ਵਰਕ ਆਰਡਰ ਲਗਾਏ ਗਏ, ਪਰ ਹਰ ਵਾਰ ਉਨ੍ਹਾਂ ਨੂੰ ਹਟਾ ਕੇ ਕੰਮ ਜਾਰੀ ਰੱਖਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਿਟੀ ਕੋਲ ਮੌਜੂਦਾ ਸਮੇਂ ਮਾਲਕਾਂ ਖਿਲਾਫ ਇਕ ਇੰਜੰਕਸ਼ਨ ਕਾਰਵਾਈ ਵੀ ਚੱਲ ਰਹੀ ਹੈ ਅਤੇ ਉਹ ਲਗਾਤਾਰ ਸਿਟੀ ਤੋਂ ਬਚਦੇ ਫਿਰ ਰਹੇ ਹਨ। ਫਲੋਰੇਜ਼ ਮੁਤਾਬਕ ਮਾਲਕਾਂ ਉੱਤੇ ਲਗਭਗ 11,500 ਡਾਲਰ ਦੇ ਬਾਈਲਾਅ ਜੁਰਮਾਨੇ ਲੱਗ ਚੁੱਕੇ ਹਨ ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ। ਇਸ ਤੋਂ ਇਲਾਵਾ 14 ਸਾਈਟ ਵਿਜਟਿ ਫੀਸਾਂ ਵਿਚੋਂ ਵੀ ਕਰੀਬ 1,824 ਡਾਲਰ ਅਜੇ ਬਾਕੀ ਹਨ।
ਸਿਟੀ ਕੌਂਸਲ ਨੇ ਦੋਨੋਂ ਜਾਇਦਾਦਾਂ ਉੱਤੇ ਨੋਟਿਸ ਆਨ ਟਾਇਟਲ ਦਰਜ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਤਾਂ ਜੋ ਭਵਿੱਖ ਵਿਚ ਕੋਈ ਵੀ ਖਰੀਦਦਾਰ ਜਾਂ ਬੈਂਕ ਇਨ੍ਹਾਂ ਗੈਰਕਾਨੂੰਨੀ ਉਸਾਰੀਆਂ ਦੇ ਖਤਰੇ ਤੋਂ ਅਣਜਾਣ ਨਾ ਰਹੇ। ਸਿਟੀ ਦੇ ਅਧਿਕਾਰੀਆਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਗੈਰਕਾਨੂੰਨੀ ਉਸਾਰੀ ਕਰਨ ਵਾਲਿਆਂ ਖ਼ਿਲਾਫ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। This report was written by Divroop Kaur as part of the Local Journalism Initiative.

