ਸਰੀ, (ਦਿਵਰੂਪ ਕੌਰ): ਸਰੀ ਦੀ ਮੇਅਰ ਬਰੈਂਡਾ ਲੌਕ ਸ਼ਹਿਰ ਅਤੇ ਦੇਸ਼ ਭਰ ਵਿੱਚ ਫੈਲੇ ਜਬਰਨ ਵਸੂਲੀ (Extortion) ਦੇ ਗੰਭੀਰ ਸੰਕਟ ਨਾਲ ਨਜਿੱਠਣ ਲਈ ਹੋਰ ਮਦਦ ਦੀ ਮੰਗ ਕਰਨ ਵਾਸਤੇ ਇਸ ਹਫ਼ਤੇ ਓਟਾਵਾ ਪਹੁੰਚੇ ਹਨ। ਫੈਡਰਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਹੋਰ ਮਿਉਂਸੀਪਲ ਨੇਤਾਵਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਇਹ ਮੁੱਦਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗਾ। ਮੇਅਰ ਲੌਕ ਨੇ ਸਥਿਤੀ ਦੀ ਗੰਭੀਰਤਾ ਨੂੰ ਬਿਆਨ ਕਰਦਿਆਂ ਕਿਹਾ ਕਿ ਫਿਰੌਤੀਆਂ ਦੇ ਇਸ ਦੌਰ ਨੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ, ਕਾਰੋਬਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭਾਈਚਾਰਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਫੈਡਰਲ ਸਰਕਾਰ ਨੇ ਹਾਲ ਹੀ ਵਿੱਚ 20 ਵਾਧੂ ਆਰ.ਸੀ.ਐਮ.ਪੀ. (RCMP) ਅਫਸਰਾਂ ਦੀ ਤਾਇਨਾਤੀ ਵਰਗੇ ਕੁਝ ਹਾਂ-ਪੱਖੀ ਕਦਮ ਚੁੱਕੇ ਹਨ, ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਕਾਫ਼ੀ ਨਹੀਂ ਹਨ। ਮੇਅਰ ਨੇ ਇਸ ਨੂੰ ਇੱਕ “ਰਾਸ਼ਟਰੀ ਐਮਰਜੈਂਸੀ” ਕਰਾਰ ਦਿੱਤਾ ਹੈ ਜਿਸ ਲਈ ਪੂਰੀ ਤਰ੍ਹਾਂ ਰਾਸ਼ਟਰੀ ਪੱਧਰ ਦੀ ਕਾਰਵਾਈ ਦੀ ਲੋੜ ਹੈ।
ਆਪਣੀ ਇਸ ਫੇਰੀ ਦੌਰਾਨ ਮੇਅਰ ਬਰੈਂਡਾ ਲੌਕ ਕੈਨੇਡੀਅਨ ਨਾਗਰਿਕਾਂ ਵਿਰੁੱਧ ਹੋ ਰਹੀ ਹਿੰਸਾ ਅਤੇ ਜਬਰਨ ਵਸੂਲੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕਮਿਸ਼ਨਰ ਨਿਯੁਕਤ ਕਰਨ ਦੀ ਮੰਗ ਨੂੰ ਦੁਹਰਾਉਣਗੇ। ਉਨ੍ਹਾਂ ਨੇ ਪੰਜ ਮੁੱਖ ਨੁਕਤਿਆਂ ‘ਤੇ ਆਧਾਰਿਤ ਕਦਮ ਚੁੱਕਣ ਦੀ ਵਕਾਲਤ ਕੀਤੀ ਹੈ। ਇਨ੍ਹਾਂ ਵਿੱਚ ਸਰੀ ਲਈ ਤੁਰੰਤ ਹੋਰ ਆਰ.ਸੀ.ਐਮ.ਪੀ. ਅਫਸਰਾਂ ਅਤੇ ਇੰਟੈਲੀਜੈਂਸ ਸਰੋਤਾਂ ਦੀ ਮੰਗ, ਇੱਕ ਸਾਂਝੀ ਫੈਡਰਲ-ਸੂਬਾਈ ਟਾਸਕ ਫੋਰਸ ਦਾ ਗਠਨ, ਅਤੇ ਕਾਨੂੰਨੀ ਖਾਮੀਆਂ ਦੀ ਸਮੀਖਿਆ ਸ਼ਾਮਲ ਹੈ। ਸਭ ਤੋਂ ਅਹਿਮ ਮੰਗ ਇਹ ਹੈ ਕਿ ਜਬਰਨ ਵਸੂਲੀ ਜਾਂ ਹਥਿਆਰਾਂ ਨਾਲ ਸਬੰਧਿਤ ਅਪਰਾਧਾਂ ਵਿੱਚ ਦੋਸ਼ੀ ਪਾਏ ਜਾਣ ਵਾਲੇ ਗੈਰ-ਨਾਗਰਿਕਾਂ (Non-citizens) ਨੂੰ ਬਿਨਾਂ ਕਿਸੇ ਦੇਰੀ ਦੇ ਤੇਜ਼ੀ ਨਾਲ ਡਿਪੋਰਟ ਕੀਤਾ ਜਾਵੇ। ਇਸ ਤੋਂ ਇਲਾਵਾ, ਹਰ ਤਿਮਾਹੀ ਇਸ ਸੰਕਟ ਨਾਲ ਨਜਿੱਠਣ ਲਈ ਹੋ ਰਹੀ ਪ੍ਰਗਤੀ ਦੀ ਜਨਤਕ ਰਿਪੋਰਟ ਜਾਰੀ ਕਰਨ ਦੀ ਗੱਲ ਵੀ ਕਹੀ ਗਈ ਹੈ।
ਮੇਅਰ ਲੌਕ ਨੇ ਕਿਹਾ ਕਿ ਤਿੰਨ ਸਾਲਾਂ ਬਾਅਦ ਹੁਣ ਜਾ ਕੇ ਸਰਕਾਰਾਂ ਵਿੱਚ ਕੁਝ ਹਲਚਲ ਦਿਖਾਈ ਦਿੱਤੀ ਹੈ ਪਰ ਖਤਰਾ ਅਜੇ ਟਲਿਆ ਨਹੀਂ ਹੈ। ਉਨ੍ਹਾਂ ਦਾ ਓਟਾਵਾ ਜਾਣ ਦਾ ਮਕਸਦ ਸਾਫ਼ ਹੈ ਕਿ ਸੰਗਠਿਤ ਅਪਰਾਧ ਨੂੰ ਸਾਡੇ ਸ਼ਹਿਰ ਦੇ ਵਪਾਰੀਆਂ ਅਤੇ ਨਿਵਾਸੀਆਂ ਨੂੰ ਧਮਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੌਰੇ ਦੌਰਾਨ ਉਹ ‘ਬਿਗ ਸਿਟੀ ਮੇਅਰਜ਼ ਕਾਕਸ’ (Big City Mayors’ Caucus) ਵਿੱਚ ਵੀ ਸ਼ਾਮਲ ਹੋਣਗੇ ਜਿੱਥੇ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਮੇਅਰ ਇਕੱਠੇ ਹੋ ਕੇ ਰਾਸ਼ਟਰੀ ਚੁਣੌਤੀਆਂ ‘ਤੇ ਚਰਚਾ ਕਰਨਗੇ ਅਤੇ ਸ਼ਹਿਰੀ ਮੁੱਦਿਆਂ ਦੇ ਹੱਲ ਲਈ ਰਣਨੀਤੀਆਂ ਉਲੀਕਣਗੇ। This report was written by Divroop Kaur as part of the Local Journalism Initiative.

