Tuesday, February 10, 2026

ਸਰੀ ‘ਚ ਮਾਪਿਆਂ ਲਈ ਖੁਸ਼ਖਬਰੀ: ਪ੍ਰੀ-ਸਕੂਲ ਰਜਿਸਟ੍ਰੇਸ਼ਨ 3 ਫਰਵਰੀ ਤੋਂ ਸ਼ੁਰੂ, ਮਿਲੇਗੀ $10 ਪ੍ਰਤੀ ਦਿਨ ਵਾਲੀ ਚਾਈਲਡ ਕੇਅਰ

ਸਰੀ, (ਦਿਵਰੂਪ ਕੌਰ): ਸਿਟੀ ਆਫ਼ ਸਰੀ ਵੱਲੋਂ ਮਾਪਿਆਂ ਲਈ ਇੱਕ ਅਹਿਮ ਅਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ ਪ੍ਰੀ-ਸਕੂਲ ਅਤੇ ਗਰੁੱਪ ਚਾਈਲਡ ਕੇਅਰ ਪ੍ਰੋਗਰਾਮਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 3 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ 5 ਫਰਵਰੀ ਤੱਕ ਜਾਰੀ ਰਹੇਗੀ। ਇਸ ਪਹਿਲਕਦਮੀ ਦਾ ਸਭ ਤੋਂ ਵੱਡਾ ਆਕਰਸ਼ਣ ਇਹ ਹੈ ਕਿ ਪਰਿਵਾਰਾਂ ਨੂੰ ਆਪਣੇ ਤਿੰਨ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਲਈ ਬੇਹੱਦ ਘੱਟ ਦਰਾਂ ‘ਤੇ, ਭਾਵ ਸਿਰਫ਼ 10 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਚਾਈਲਡ ਕੇਅਰ ਸੀਟਾਂ ਹਾਸਲ ਕਰਨ ਦਾ ਮੌਕਾ ਮਿਲੇਗਾ। ਇਹ ਪ੍ਰੋਗਰਾਮ ਸੂਬਾਈ ਸਰਕਾਰ ਦੀ ਸਾਂਝੇਦਾਰੀ ਤਹਿਤ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਦਾ ਉਦੇਸ਼ ਮਾਪਿਆਂ ‘ਤੇ ਪੈ ਰਹੇ ਵਿੱਤੀ ਬੋਝ ਨੂੰ ਘਟਾਉਣਾ ਹੈ।
ਜਾਣਕਾਰੀ ਅਨੁਸਾਰ ਇਹ ਵਿੱਦਿਅਕ ਸੈਸ਼ਨ ਸਤੰਬਰ ਤੋਂ ਸ਼ੁਰੂ ਹੋ ਕੇ ਜੂਨ ਮਹੀਨੇ ਤੱਕ ਚੱਲਣਗੇ। ਸ਼ਹਿਰ ਭਰ ਦੀਆਂ ਵੱਖ-ਵੱਖ ਰਿਕ੍ਰੀਏਸ਼ਨ ਸੁਵਿਧਾਵਾਂ (Recreation Facilities) ਵਿੱਚ ਇਹ ਕਲਾਸਾਂ ਲਗਾਈਆਂ ਜਾਣਗੀਆਂ। ਮਾਪਿਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮਾਂ-ਸਾਰਨੀ ਨੂੰ ਕਾਫੀ ਲਚਕੀਲਾ ਬਣਾਇਆ ਗਿਆ ਹੈ ਤਾਂ ਜੋ ਕੰਮਕਾਜੀ ਮਾਪੇ ਵੀ ਇਸ ਦਾ ਲਾਹਾ ਲੈ ਸਕਣ। ਖਾਸ ਤੌਰ ‘ਤੇ ਕੈਨੇਡਾ-ਵਿਆਪਕ ‘ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਐਗਰੀਮੈਂਟ’ ਦੇ ਤਹਿਤ ਕਲੋਵਰਡੇਲ ਮਿੰਨੀ ਰੀਕ੍ਰੀਏਸ਼ਨ ਸੈਂਟਰ ਅਤੇ ਫਰੇਜ਼ਰ ਹਾਈਟਸ ਰੀਕ੍ਰੀਏਸ਼ਨ ਸੈਂਟਰ ਵਿੱਚ 10 ਡਾਲਰ ਪ੍ਰਤੀ ਦਿਨ ਵਾਲੇ ਪ੍ਰੋਗਰਾਮ ਪਹਿਲਾਂ ਹੀ ਮਨਜ਼ੂਰ ਹਨ। ਇਸ ਤੋਂ ਇਲਾਵਾ, ਸਿਟੀ ਆਫ਼ ਸਰੀ ਨੇ 9 ਹੋਰ ਥਾਵਾਂ ‘ਤੇ ਇਹ ਸਸਤੀਆਂ ਸੇਵਾਵਾਂ ਸ਼ੁਰੂ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ ਜੋ ਕਿ ਪ੍ਰਕਿਰਿਆ ਅਧੀਨ ਹਨ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਮੌਕੇ ਕਿਹਾ ਕਿ ਉਹ ਜਾਣਦੇ ਹਨ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਪਰਿਵਾਰਾਂ ਲਈ ਸਸਤੀ ਅਤੇ ਮਿਆਰੀ ਚਾਈਲਡ ਕੇਅਰ ਲੱਭਣਾ ਕਿੰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸੂਬਾਈ ਸਾਂਝੇਦਾਰੀ ਸਦਕਾ ਹੁਣ ਜ਼ਿਆਦਾ ਤੋਂ ਜ਼ਿਆਦਾ ਪਰਿਵਾਰ ਪ੍ਰੀ-ਸਕੂਲ ਤੱਕ ਪਹੁੰਚ ਕਰ ਸਕਣਗੇ ਅਤੇ ਬੱਚਿਆਂ ਨੂੰ ਸਮੇਂ ਸਿਰ ਜ਼ਰੂਰੀ ਦੇਖਭਾਲ ਮਿਲ ਸਕੇਗੀ। ਇਨ੍ਹਾਂ ਪ੍ਰੋਗਰਾਮਾਂ ਦੀ ਅਗਵਾਈ ਯੋਗਤਾ ਪ੍ਰਾਪਤ ‘ਅਰਲੀ ਚਾਈਲਡਹੁੱਡ ਐਜੂਕੇਟਰ’ (ECE) ਮਾਹਰਾਂ ਵੱਲੋਂ ਕੀਤੀ ਜਾਵੇਗੀ। ਪੜ੍ਹਾਈ ਦਾ ਢਾਂਚਾ ਬੀ.ਸੀ. ਦੇ ‘ਅਰਲੀ ਲਰਨਿੰਗ ਫਰੇਮਵਰਕ’ ਅਨੁਸਾਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਖੇਡਾਂ ਰਾਹੀਂ ਸਿੱਖਣ (play-based learning) ‘ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਅਗਲੇਰੀ ਪੜ੍ਹਾਈ ਅਤੇ ਕਿੰਡਰਗਾਰਟਨ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ। ਚਾਹਵਾਨ ਪਰਿਵਾਰ ਰਜਿਸਟ੍ਰੇਸ਼ਨ ਅਤੇ ਵਿੱਤੀ ਸਹਾਇਤਾ ਬਾਰੇ ਵਧੇਰੇ ਜਾਣਕਾਰੀ ਲਈ ਸਿਟੀ ਦੀ ਵੈੱਬਸਾਈਟ ‘ਤੇ ਜਾ ਸਕਦੇ ਹਨ। This report was written by Divroop Kaur as part of the Local Journalism Initiative.

Share post:

Popular