ਸਰੀ, (ਦਿਵਰੂਪ ਕੌਰ): ਕੈਰੀਬੂ ਖੇਤਰ ਦੇ ਰਹਿਣ ਵਾਲਿਆਂ ਦਾ ਗਰੁੱਪ 3 ਬੱਚਿਆਂ ਦੀ ਮਾਂ ਜੈਨੀਫਰ ਪ੍ਰੋਵੇਨਕਲ ਨਾਲ ਕੀ ਵਾਪਰਿਆ ਇਹ ਸੱਚ ਜਾਣਨ ਤੋਂ ਹਾਰ ਨਹੀਂ ਮੰਨ ਰਿਹਾ ਹੈ। ਲਗਭਗ 10 ਮਹੀਨੇ ਪਹਿਲਾਂ 100 ਮਾਈਲ ਹਾਊਸ ਦੇ ਨੇੜਲੇ ਛੋਟੇ ਗੈਰ ਨਗਰ ਇਲਾਕੇ ਤੋਂ ਉਹ ਅਚਾਨਕ ਲਾਪਤਾ ਹੋ ਗਈ ਸੀ ਅਤੇ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਿਆ ਹੈ। ਇਸ ਦੌਰਾਨ ਲਾਪਤਾ ਮਹਿਲਾ ਦੇ ਪਤੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਪੁਲਿਸ ਦੀ ਜਾਂਚ ਹੇਠ ਹੈ। ਵਾਕ ਫਾਰ ਜੈਨੀਫਰ ਪ੍ਰੋਵੇਨਕਲ ਮੁਹਿੰਮ ਦੀ ਆਰਗੇਨਾਈਜ਼ਰ ਅਨੀਤਾ ਕੁਮਬ ਨੇ ਕਿਹਾ ਕਿ ਉਹ ਹਰ ਸ਼ਨੀਚਰਵਾਰ ਇੱਥੇ ਖੜੇ ਰਹਿਣਗੇ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦੇ ਰਹਿਣਗੇ ਕਿ ਜੈਨੀਫਰ ਕਿੱਥੇ ਹੈ ਅਤੇ ਉਸ ਨਾਲ ਕੀ ਹੋਇਆ। ਫਾਰੇਸਟ ਗਰੋਵ ਇਲਾਕੇ ਦੀ ਨਿਵਾਸੀ ਟ੍ਰੇਸੀ ਹਿਊਬਰ ਨੇ ਕਿਹਾ ਕਿ ਉਹ ਇਹ ਸੰਘਰਸ਼ ਬਿਲਕੁਲ ਨਹੀਂ ਰੋਕਣਗੇ ਅਤੇ ਜਦ ਤੱਕ ਜੈਨੀਫਰ ਨਹੀਂ ਮਿਲਦੀ ਉਹ ਲੜਾਈ ਜਾਰੀ ਰਹੇਗੀ। ਫਾਰੇਸਟ ਗਰੋਵ ਵਿੱਚ ਹਾਈਵੇ 97 ਦੇ ਕੋਲ ਮੁੱਖ ਚੌਰਾਹੇ ਉੱਤੇ ਇਕ ਵੱਡਾ ਬਿਲਬੋਰਡ ਵੀ ਲਗਾਇਆ ਗਿਆ ਹੈ ਜਿਸ ਉੱਤੇ ਲਿਖਿਆ ਹੈ ਕਿ ਜੈਨੀਫਰ ਪ੍ਰੋਵੇਨਕਲ ਨਾਲ ਕੀ ਹੋਇਆ ਉਸ ਦੀ ਜੰਿਦਗੀ ਮਾਇਨੇ ਰੱਖਦੀ ਹੈ ਅਤੇ ਭਾਈਚਾਰਾ ਸੱਚ ਜਾਣਨ ਦਾ ਹੱਕਦਾਰ ਹੈ। ਕੈਰੀਬੂ ਚਿਲਕੋਟਿਨ ਬੀ ਸੀ ਕਨਜ਼ਰਵੇਟਿਵ ਐਮ ਐਲ ਏ ਲੌਰਨ ਡੋਰਕਸਨ ਜੋ 29 ਨਵੰਬਰ ਦੀ ਚਾਲ ਵਿੱਚ ਵੀ ਸ਼ਾਮਲ ਹੋਏ ਸਨ ਨੇ ਕਿਹਾ ਕਿ ਕੋਈ ਨਾ ਕੋਈ ਵਿਅਕਤੀ ਜ਼ਰੂਰ ਇਹ ਜਾਣਦਾ ਹੋਵੇਗਾ ਕਿ ਜੈਨੀਫਰ ਕਿੱਥੇ ਹੈ ਜਾਂ ਫਿਰ ਫਰਵਰੀ ਮਹੀਨੇ ਦੌਰਾਨ ਉਸ ਨਾਲ ਕਿਸੇ ਨਾ ਕਿਸੇ ਦਾ ਸੰਪਰਕ ਹੋਇਆ ਹੋਵੇਗਾ।

