Tuesday, November 11, 2025

$11.5 ਬਿਲੀਅਨ ਦਾ ਘਾਟਾ ਬੀ.ਸੀ. ਦੇ ਇਤਿਹਾਸ ਦਾ ਸਭ ਤੋਂ ਵੱਡਾ ਘਾਟਾ ਹੈ : ਪੀਟਰ ਮਿਲੋਬਾਰ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਆਰਥਿਕ ਸਥਿਤੀ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪਹਿਲੀ ਤਿਮਾਹੀ ਵਿੱਤੀ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਸੂਬਾ ਹੁਣ ਤੱਕ ਦੇ ਇਤਿਹਾਸ ਦੇ ਸਭ ਤੋਂ ਵੱਡੇ ਘਾਟੇ $11.5 ਬਿਲੀਅਨ ਦਾ ਸਾਹਮਣਾ ਕਰ ਰਿਹਾ ਹੈ। ਇਸ ਪੱਛੋਕੜ ਵਿੱਚ ਕੰਜ਼ਰਵੇਟਿਵ ਵਿੱਤ ਆਲੋਚਕ ਅਤੇ ਕੈਮਲੂਪਸ ਸੈਂਟਰ ਦੇ ਵਿਧਾਇਕ ਪੀਟਰ ਮਿਲੋਬਾਰ ਨੇ ਐਨ.ਡੀ.ਪੀ. ਸਰਕਾਰ ‘ਤੇ ਸਖ਼ਤ ਹਮਲਾ ਕਰਦਿਆਂ ਕਿਹਾ ਹੈ ਕਿ ਸਰਕਾਰ ਬੀ.ਸੀ. ਵਾਸੀਆਂ ਨੂੰ ਗਲਤ ਫਹਿਮੀ ਵਿੱਚ ਰੱਖ ਰਹੀ ਹੈ।

ਮਿਲੋਬਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵੱਧਦੇ ਘਾਟੇ ਲਈ ਗਲੋਬਲ ਟੈਰਿਫਾਂ ਅਤੇ ਅੰਤਰਰਾਸ਼ਟਰੀ ਅਨਿਸ਼ਚਿਤਤਾਵਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸਿਰਫ਼ ਇੱਕ ਬਹਾਨਾ ਹੈ। ਮਿਲੋਬਾਰ ਨੇ ਕਿਹਾ ”ਜਦੋਂ ਕਿ ਟੈਰਿਫ ਅਤੇ ਵਿਸ਼ਵ ਪੱਧਰੀ ਅਸਥਿਰਤਾ ਸਾਡੀ ਵਿੱਤੀ ਸਥਿਤੀ ‘ਤੇ ਕੁਝ ਦਬਾਅ ਪੈਦਾ ਕਰਦੇ ਹਨ, ਅਸਲ ਨੁਕਸਾਨ ਸਰਕਾਰ ਦੇ ਆਪਣੇ ਫੈਸਲਿਆਂ ਅਤੇ ਗਲਤ ਤਰਜੀਹਾਂ ਦਾ ਨਤੀਜਾ ਹੈ,”

ਰਿਪੋਰਟ ਅਗਲੇ ਤਿੰਨ ਸਾਲਾਂ ਲਈ ਵੀ ਕੋਈ ਹੌਸਲਾ ਨਹੀਂ ਦਿੰਦੀ। 2025-26 ਵਿੱਚ ਘਾਟਾ $11.5 ਬਿਲੀਅਨ, 2026-27 ਵਿੱਚ $12.6 ਬਿਲੀਅਨ ਅਤੇ 2027-28 ਵਿੱਚ $12.3 ਬਿਲੀਅਨ ਹੋਣ ਦਾ ਅਨੁਮਾਨ ਹੈ। ਮਿਲੋਬਾਰ ਨੇ ਇਸ ਨੂੰ ਸੂਬੇ ਲਈ ਖ਼ਤਰੇ ਦੀ ਘੰਟੀ ਕਰਾਰ ਦਿੱਤਾ ਹੈ।

ਮਿਲੋਬਾਰ ਨੇ ਕਿਹਾ ”ਅਸੀਂ 70,000 ਤੋਂ ਵੱਧ ਲੋਕਾਂ ਨੂੰ ਬੀ.ਸੀ. ਛੱਡਦੇ ਦੇਖਿਆ ਹੈ, ਨੌਜਵਾਨਾਂ ਦੀ ਬੇਰੁਜ਼ਗਾਰੀ 51,000 ਵਧ ਗਈ ਹੈ, ਅਤੇ ਕਾਰੋਬਾਰ ਵਿੱਚ ਭਰੋਸਾ ਸਭ ਤੋਂ ਹੇਠਲੇ ਪੱਧਰ ‘ਤੇ ਹੈ,” । ਉਹਨਾਂ ਦੇ ਅਨੁਸਾਰ, ਇਹ ਸਿਰਫ਼ ਅੰਕੜੇ ਨਹੀਂ ਸਗੋਂ ਹਕੀਕਤ ਹੈ ਜਿਸ ਨਾਲ ਪਰਿਵਾਰ, ਨੌਜਵਾਨ ਅਤੇ ਰੋਜ਼ਗਾਰ ਪੈਦਾ ਕਰਨ ਵਾਲੇ ਲੋਕ ਸਾਹਮਣਾ ਕਰ ਰਹੇ ਹਨ।

ਮਿਲੋਬਾਰ ਨੇ ਐਨ.ਡੀ.ਪੀ. ਸਰਕਾਰ ਦੇ ਖਰਚ ਪ੍ਰਬੰਧਨ ਦੇ ਦਾਅਵਿਆਂ ਨੂੰ ਖਾਲੀ ਸ਼ਬਦ ਕਹਿੰਦੇ ਹੋਏ ਤੰਬਾਕੂ ਕੰਪਨੀਆਂ ਖਿਲਾਫ਼ ਮੁਕੱਦਮੇ ਵਿੱਚੋਂ ਮਿਲੇ $2.7 ਬਿਲੀਅਨ ਦੇ ਹਵਾਲੇ ਨੂੰ ਵੀ ਚੁਣੌਤੀ ਦਿੱਤੀ।   ਉਹਨਾਂ ਨੇ ਕਿਹਾ ”ਇੱਕ ਪਾਸੇ ਸਰਕਾਰ 18 ਸਾਲ ਪੁਰਾਣੇ ਮੁਕੱਦਮੇ ਦੇ ਪੈਸਿਆਂ ਦਾ ਜਸ਼ਨ ਮਨਾਉਂਦੀ ਹੈ, ਦੂਜੇ ਪਾਸੇ ਹਸਪਤਾਲ ਪ੍ਰੋਜੈਕਟਾਂ ਵਿੱਚ ਦੇਰੀ ਕਰ ਰਹੀ ਹੈ ਅਤੇ ਸੂਬੇ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਕਰਜ਼ੇ ਵਿੱਚ ਧੱਕ ਰਹੀ ਹੈ। ਇਹ ਲੋਕਾਂ ਨਾਲ ਧੋਖਾ ਹੈ,”  This report was written by Divroop Kaur as part of the Local Journalism Initiative.

Share post:

Popular