6 ਦਸੰਬਰ ਨੂੰ ਸੂਬੇ ਭਰ ਵਿੱਚ ਸੈਂਕੜੇ ਪੁਲਿਸ ਅਧਿਕਾਰੀ ਸੜਕਾਂ ਕਰਨਗੇ ਸਖਤੀ ਨਾਲ ਜਾਂਚ
ਸਰੀ, (ਦਿਵਰੂਪ ਕੌਰ): 2025 ਦੀ ”ਲਾਈਟ ਅਪ ਦ ਪ੍ਰੋਵਿਨਸ” ਮੁਹਿੰਮ ਇਸ ਵਾਰ ਹੋਰ ਵੱਡੀ, ਨਵੇਂ ਸਥਾਨਾਂ ‘ਤੇ, ਵਪਾਰਿਕ ਗੱਡੀਆਂ ਚੈਕਿੰਗ ਅਤੇ ਸਖ਼ਤ ਸਜ਼ਾਵਾਂ ਨਾਲ ਸ਼ੁਰੂ ਹੋ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਇਸ ਵਾਰ ਦੀ ਮੁਹਿੰਮ ਨਸ਼ੇ ਵਿੱਚ ਡਰਾਈਵਿੰਗ ਖਿਲਾਫ ਹੁਣ ਤੱਕ ਦੀ ਸਭ ਤੋਂ ਸਖ਼ਤ ਅਤੇ ਵੱਡੀ ਕਾਰਵਾਈ ਹੋਵੇਗੀ। ਸ਼ਨੀਚਰਵਾਰ 6 ਦਸੰਬਰ ਨੂੰ ਸੂਬੇ ਭਰ ਵਿੱਚ ਸੈਂਕੜੇ ਪੁਲਿਸ ਅਧਿਕਾਰੀ ਆਪਣੀ ਪੂਰੀ ਡਿਊਟੀ ਸਿਰਫ ਨਸ਼ੇ ਵਿੱਚ ਡਰਾਈਵਿੰਗ ਰੋਕਣ ਲਈ ਸਮਰਪਿਤ ਕਰਨਗੇ।
ਇਸ ਮੁਹਿੰਮ ਵਿੱਚ ਬੀ ਸੀ ਹਾਈਵੇ ਪੈਟਰੋਲ, ਹੋਰ ਆਰ ਸੀ ਐਮ ਪੀ ਦੇ ਅਧਿਕਾਰੀ, ਨਗਰ ਪੁਲਿਸ ਵਿਭਾਗ ਅਤੇ ਹੋਰ ਸਾਂਝੇਦਾਰ ਸ਼ਾਮਲ ਹੋਣਗੇ। ਇਹ ਇਕ ਰਾਤ ਦੀ ਵਿਸ਼ੇਸ਼ ਮੁਹਿੰਮ ਮਹੀਨੇ ਭਰ ਚੱਲਣ ਵਾਲੀ ਸਰਦੀ ਦੀ ਨਸ਼ੇ ਵਿੱਚ ਡਰਾਈਵਿੰਗ ਮੁਹਿੰਮ ਦੀ ਸ਼ੁਰੂਆਤ ਹੈ।
ਸੁਪਰਿੰਟੈਂਡੈਂਟ ਮਾਈਕ ਕੌਇਲ ਨੇ ਕਿਹਾ ਕਿ ਦਸੰਬਰ ਦੇ ਪੂਰੇ ਮਹੀਨੇ ਦੌਰਾਨ ਪੁਲਿਸ ਅਫਸਰ ਵਾਧੂ ਡਿਊਟੀਆਂ ਕਰਦੇ ਹੋਏ ਨਸ਼ੇ ਵਿੱਚ ਡਰਾਈਵਿੰਗ ਨਾਲ ਹੋਣ ਵਾਲੀਆਂ ਮੌਤਾਂ ਘਟਾਉਣ ਉੱਤੇ ਪੂਰਾ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਾਲ ਕੁਝ ਨਵੇਂ ਸਥਾਨਾਂ ਤੇ ਵੀ ਚੈਕਪੋਇੰਟ ਲਗਾਏ ਜਾਣਗੇ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਏ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਸਖ਼ਤ ਅਪੀਲ ਕੀਤੀ ਕਿ ਜਿਹੜਾ ਵੀ ਵਿਅਕਤੀ ਸ਼ਰਾਬ ਜਾਂ ਨਸ਼ੀਲੇ ਪਦਾਰਥ ਵਰਤਣ ਦੀ ਸੋਚ ਰਿਹਾ ਹੈ ਉਹ ਗੱਡੀ ਨਾ ਚਲਾਏ। 6 ਦਸੰਬਰ ਨੂੰ ਸ਼ਾਮ 8 ਵਜੇ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਨੌਰਥ ਸਰੀ ਟਰੱਕ ਪਾਰਕਿੰਗ ਹਾਈਵੇ 17 ਉੱਤੇ ਕੀਤੀ ਜਾਵੇਗੀ ਜੋ ਪੋਰਟ ਮੈਨ ਬ੍ਰਿਜ ਤੋਂ ਲਗਭਗ 600 ਮੀਟਰ ਪੂਰਬ ਵੱਲ ਸਥਿਤ ਹੈ। ਇਸ ਮੌਕੇ ਬੀ ਸੀ ਹਾਈਵੇ ਪੈਟਰੋਲ ਆਪਣੇ ਨਗਰ ਪੁਲਿਸ ਸਾਂਝੇਦਾਰਾਂ ਦੇ ਨਾਲ ਮਿਲ ਕੇ ਨਸ਼ੇ ਵਿੱਚ ਡਰਾਈਵਿੰਗ ਕਰਨ ਵਾਲਿਆਂ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਕਮਰਸ਼ਲ ਵਾਹਨ ਸੇਫ਼ਟੀ ਅਤੇ ਇਨਫੋਰਸਮੈਂਟ ਦੇ ਅਧਿਕਾਰੀ ਵੀ ਪੁਲਿਸ ਦੇ ਨਾਲ ਮਿਲ ਕੇ ਅਸੁਰੱਖਿਅਤ ਵਾਹਨਾਂ ਦੀ ਪਛਾਣ ਕਰਨ ਲਈ ਡਿਊਟੀ ਨਿਭਾਉਣਗੇ। ਇਸ ਮੁਹਿੰਮ ਦੌਰਾਨ ਸਿਰਫ ਮੈਟ੍ਰੋ ਵੈਨਕੂਵਰ ਹੀ ਨਹੀਂ ਸਗੋਂ ਵੈਨਕੂਵਰ ਆਈਲੈਂਡ, ਨਾਰਥ ਡਿਸਟ੍ਰਿਕਟ, ਕੂਟਨੇਜ਼, ਓਕਾਨਾਗਨ ਅਤੇ ਸੈਂਟਰਲ ਬੀ ਸੀ ਦੇ ਹਾਈਵੇਆਂ ਉੱਤੇ ਵੀ ਰੋਡਬਲਾਕ ਲਗਾਏ ਜਾਣਗੇ।
ਕੌਇਲ ਨੇ ਕਿਹਾ ਕਿ ਪਿਛਲੇ ਸਾਲਾਂ ਨਾਲੋਂ ਇਸ ਵਾਰ ਮੈਨਡੇਟਰੀ ਐਲਕੋਹਲ ਸਕ੍ਰੀਨਿੰਗ ਦੀ ਵਰਤੋਂ ਵੀ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਵਿਅਕਤੀ ਨੇ ਥੋੜ੍ਹੀ ਮਾਤਰਾ ਵਿੱਚ ਹੀ ਸ਼ਰਾਬ ਵਰਤੀ ਹੋਵੇ ਉਸ ਨੂੰ ਵੀ ਮਨਜ਼ੂਰਸ਼ੁਦਾ ਸਕ੍ਰੀਨਿੰਗ ਡਿਵਾਈਸ ਵਿੱਚ ਫੂਕ ਮਾਰਣ ਲਈ ਤਿਆਰ ਰਹਿਣਾ ਹੋਵੇਗਾ। ਪੁਲਿਸ ਦਾ ਉਦੇਸ਼ ਲੋਕਾਂ ਨੂੰ ਲੰਮਾ ਸਮਾਂ ਰੋਕਣਾ ਨਹੀਂ ਸਗੋਂ ਸੜਕਾਂ ਨੂੰ ਸੁਰੱਖਿਅਤ ਬਣਾਏ ਰੱਖਣਾ ਹੈ। ਹਾਲਾਂਕਿ ਅਧਿਕਾਰੀਆਂ ਨੇ ਮੰਨਿਆ ਕਿ ਇਸ ਕਾਰਵਾਈ ਦੌਰਾਨ ਕੁਝ ਦੇਰੀਆਂ ਜ਼ਰੂਰ ਹੋ ਸਕਦੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਛੁੱਟੀਆਂ ਦੇ ਮੌਸਮ ਦੌਰਾਨ ਨਸ਼ੇ ਵਿੱਚ ਡਰਾਈਵਿੰਗ ਨਾਲ ਹੋਣ ਵਾਲੇ ਹਾਦਸਿਆਂ ਵਿੱਚ ਵਾਧਾ ਹੋ ਜਾਂਦਾ ਹੈ। ਇਸ ਕਾਰਨ ਕਈ ਨਿਰਦੋਸ਼ ਲੋਕ ਆਪਣੀ ਜਾਨ ਗਵਾ ਬੈਠਦੇ ਹਨ ਅਤੇ ਕਈ ਪਰਿਵਾਰ ਸਦਾ ਲਈ ਦੁੱਖ ਵਿੱਚ ਡੁੱਬ ਜਾਂਦੇ ਹਨ। ”ਲਾਈਟ ਅਪ ਦ ਪ੍ਰੋਵਿਨਸ” ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਹਾਦਸਿਆਂ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਣਾ ਹੈ।
ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਮੁਹਿੰਮ ਦੌਰਾਨ ਨਸ਼ੇ ਵਿੱਚ ਡਰਾਈਵਿੰਗ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਵਿੱਚ ਭਾਰੀ ਜੁਰਮਾਨੇ, ਲਾਇਸੈਂਸ ਮੁਅੱਤਲੀ ਅਤੇ ਵਾਹਨ ਜਪਤ ਕਰਨ ਵਰਗੀਆਂ ਸਜ਼ਾਵਾਂ ਵੀ ਸ਼ਾਮਲ ਹੋ ਸਕਦੀਆਂ ਹਨ। This report was written by Divroop Kaur as part of the Local Journalism Initiative.

