ਟੈੱਕ-ਐਂਗਲੋ ਮਰਜਰ ਨਾਲ ਬੀਸੀ ਵਿੱਚ 4.5 ਅਰਬ ਡਾਲਰ ਨਿਵੇਸ਼, ਆਰਟੇਮਿਸ ਗੋਲਡ ਦਾ 1 ਅਰਬ ਨਿਵੇਸ਼
ਸਰੀ, (ਦਿਵਰੂਪ ਕੌਰ): ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸਾਲ 2025 ‘ਚ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਕੰਪਨੀਆਂ ਤੇ ਨਿਵੇਸ਼ਕ ਸੂਬੇ ਵਿੱਚ ਵੱਡੇ ਪ੍ਰੋਜੈਕਟਾਂ ਤੇ ਵਿਸ਼ਵਾਸ ਵਧਾ ਰਹੇ ਹਨ। ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੀਮੀਅਰ ਈਬੀ ਨੇ ਕਿਹਾ, “2025 ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਆਂ ਵਾਸੀਆਂ ਲਈ ਮੁਸ਼ਕਲ ਸਾਲ ਸੀ। ਪਰ ਹੁਣ ਨਵੇਂ ਸਾਲ 2026 ਦੌਰਾਨ ਬੀ.ਸੀ. ਕੈਨੇਡਾ ਦੀ ਆਰਥਿਕਤਾ ਦਾ ਇੰਜਣ ਬਣਨ ਲਈ ਤਿਆਰ ਹੈ।”
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਟੈੱਕ ਰਿਸੋਰਸਿਜ਼ ਲਿਮਿਟਿਡ ਤੇ ਬ੍ਰਿਟੇਨ ਦੀ ਐਂਗਲੋ ਅਮੈਰੀਕਨ ਪੀਐੱਲਸੀ ਵਿਚਾਲੇ ਮਰਜਰ ਨੂੰ ਈਬੀ ਨੇ ਵੱਡੀ ਸਫਲਤਾ ਦੱਸਿਆ। ਇਸ ਨਾਲ 4.5 ਅਰਬ ਡਾਲਰ ਨਿਵੇਸ਼ ਵਿੱਚੋਂ ਵੱਡਾ ਹਿੱਸਾ ਬੀਸੀ ਵਿੱਚ ਖਰਚ ਹੋਵੇਗਾ। ਨਵੀਂ ਕੰਪਨੀ ਐਂਗਲੋ ਟੈੱਕ ਦਾ ਹੈੱਡ ਆਫਿਸ ਲੋਅਰ ਮੇਨਲੈਂਡ ਵਿੱਚ ਹੋਵੇਗਾ ਤੇ ਨਿਵੇਸ਼ ਟ੍ਰੇਲ ਵਿੱਚ ਟੈੱਕ ਸਮੈਲਟਰ, ਕਾਮਲੂਪਸ ਨੇੜੇ ਹਾਈਲੈਂਡ ਵੈਲੀ ਕੌਪਰ ਮਾਈਨ ਤੇ ਉੱਤਰੀ-ਪੱਛਮੀ ਬੀਸੀ ਵਿੱਚ ਗੈਲੋਰ ਕ੍ਰੀਕ ਪ੍ਰੋਜੈਕਟ ਤੇ ਖਰਚ ਹੋਵੇਗਾ। ਈਬੀ ਨੇ ਕਿਹਾ ਕਿ “ਪੰਜ ਸਾਲਾਂ ਵਿੱਚ 4.5 ਅਰਬ ਡਾਲਰ ਦਾ ਵਾਅਦਾ ਹਜ਼ਾਰਾਂ ਕੰਸਟ੍ਰਕਸ਼ਨ ਤੇ ਸਰਵਿਸਿੰਗ ਨੌਕਰੀਆਂ ਲਿਆਵੇਗਾ, ਨਾਲ ਹੀ ਫ੍ਰੇਜ਼ਰ ਵੈਲੀ ਤੇ ਲੋਅਰ ਮੇਨਲੈਂਡ ਵਿੱਚ ਸਪਲਾਈਅਰਾਂ ਲਈ ਤੇ ਆਫਿਸ ਨੌਕਰੀਆਂ ਤੇ ਪੂਰੇ ਸੂਬੇ ਵਿੱਚ ਲਾਭ ਹੋਣਗੇ।”
ਇਸ ਤੋਂ ਇਲਾਵਾ ਆਰਟੇਮਿਸ ਗੋਲਡ ਨੇ ਇਸ ਹਫ਼ਤੇ ਪ੍ਰਿੰਸ ਜਾਰਜ ਉੱਤਰ ਵਿੱਚ ਮਾਈਨ ਵਧਾਉਣ ਤੇ 1 ਅਰਬ ਡਾਲਰ ਨਿਵੇਸ਼ ਦਾ ਐਲਾਨ ਕੀਤਾ। ਪ੍ਰੀਮੀਅਰ ਈਬੀ ਨੇ ਕਿਹਾ ਕਿ “ਇਸ ਨਾਲ 1200 ਪੱਕੀਆਂ ਨੌਕਰੀਆਂ ਤੇ 2000 ਕੰਸਟ੍ਰਕਸ਼ਨ ਨੌਕਰੀਆਂ ਬਨਣਗੀਆਂ। ਇਹ ਹਾਈਲੈਂਡ ਵੈਲੀ ਕੌਪਰ ਦੇ ਐਲਾਨ ਤੋਂ ਬਾਅਦ ਆਇਆ ਹੈ, ਜਿਸ ਵਿੱਚ 2000 ਕੰਸਟ੍ਰਕਸ਼ਨ ਤੇ 1200 ਪੱਕੀਆਂ ਨੌਕਰੀਆਂ ਤੇ ਮਲਟੀ-ਬਿਲੀਅਨ ਨਿਵੇਸ਼ ਹੈ।”
ਪਿਛਲੇ ਮਹੀਨੇ ਈਬੀ ਨੇ ‘ਲੁੱਕ ਵੈੱਸਟ’ ਨਾਮ ਦੀ 10 ਸਾਲਾ ਆਰਥਿਕ ਰਣਨੀਤੀ ਜਾਰੀ ਕੀਤੀ ਸੀ, ਜਿਸ ਵਿੱਚ ਵੱਡੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਬਣਾਉਣ ਤੇ ਜ਼ੋਰ ਹੈ। ਇਹ ਪਲੈਨ ਅਮਰੀਕੀ ਟੈਰਿਫ਼ਾਂ ਨਾਲ ਪੈਦਾ ਹੋਈਆਂ ਚੁਣੌਤੀਆਂ ਨੂੰ ਸਾਹਮਣੇ ਰੱਖ ਕੇ ਬਣਾਇਆ ਗਿਆ ਹੈ ਤੇ ਆਰਥਿਕਤਾ ਨੂੰ ਮਜ਼ਬੂਤ ਤੇ ਵਿਭਿੰਨ ਬਣਾਉਣ ਦਾ ਟੀਚਾ ਰੱਖਦਾ ਹੈ।
ਯੋਜਨਾ ਅਨੁਸਾਰ 2032 ਤੱਕ ਬੀਸੀ ਵਿੱਚ ਤਿੰਨ ਨਵੇਂ ਨੈਚੁਰਲ ਗੈਸ ਪ੍ਰੋਜੈਕਟ, ਚਾਰ ਨਵੀਆਂ ਜਾਂ ਵਧੀਆਂ ਮਾਈਨਾਂ ਤੇ ਅੱਠ ਨਵੇਂ ਰੀਨਿਊਏਬਲ ਐਨਰਜੀ ਪ੍ਰੋਜੈਕਟ ਚੱਲਣਗੇ।
ਫੈਡਰਲ ਸਰਕਾਰ ਨੇ ਵੀ ਇਸ ਸਾਲ ਸ਼ੁਰੂ ਵਿੱਚ ਚਾਰ ਵੱਡੇ ਬੀਸੀ ਪ੍ਰੋਜੈਕਟਾਂ ਨੂੰ ਫਾਸਟ-ਟ੍ਰੈਕ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚ ਐੱਲਐੱਨਜੀ ਕੈਨੇਡਾ ਦਾ ਫੇਜ਼ ਟੂ ਤੇ ਕਸੀ ਲਿਸਿਮਸ ਐੱਲਐੱਨਜੀ ਐਕਸਪੋਰਟ ਟਰਮੀਨਲ ਸ਼ਾਮਲ ਹਨ।
ਈਬੀ ਨੇ ਇਹ ਸਾਰੇ ਵਿਕਾਸ ਬੀਸੀ ਦੀ ਆਰਥਿਕ ਮਜ਼ਬੂਤੀ ਦੇ ਸੰਕੇਤ ਦੱਸੇ। ਟੈੱਕ-ਐਂਗਲੋ ਮਰਜਰ ਨਾਲ ਵੈਨਕੂਵਰ ਵਿੱਚ ਹੈੱਡਕੁਆਰਟਰ ਬਣਨ ਨਾਲ ਪ੍ਰਾਂਤ ਨੂੰ ਵੱਡਾ ਲਾਭ ਹੋਵੇਗਾ। ਆਰਟੇਮਿਸ ਗੋਲਡ ਦਾ ਨਿਵੇਸ਼ ਤੇ ਹੋਰ ਪ੍ਰੋਜੈਕਟ ਨੌਕਰੀਆਂ ਤੇ ਆਰਥਿਕ ਗਤੀਵਿਧੀ ਵਧਾਉਣਗੇ।
ਪ੍ਰੀਮੀਅਰ ਨੇ 2025 ਨੂੰ ਅਮਰੀਕੀ ਟੈਰਿਫ਼ਾਂ ਤੇ ਰਾਜਨੀਤਿਕ ਅਨਿਸ਼ਚਿਤਤਾ ਨਾਲ ਜੁੜੀਆਂ ਮੁਸ਼ਕਲਾਂ ਵਾਲਾ ਦੱਸਿਆ ਪਰ 2026 ਲਈ ਭਰੋਸਾ ਜਤਾਇਆ। This report was written by Divroop Kaur as part of the Local Journalism Initiative.

