Tuesday, April 14, 2026

2026 ਫੀਫਾ ਵਿਸ਼ਵ ਕੱਪ ਲਈ ਕੈਨੇਡਾ ਦੀ ਟੀਮ ਲਈ ਨਵੀਂ ਵਰਦੀ ਜਾਰੀ ਕੀਤੀ ਗਈ

ਸਰੀ, (ਿਦਵਰੂਪ ਕੌਰ): ਕੈਨੇਡਾ ਸੌਕਰ ਨੇ 2026 ਫੀਫਾ ਵਿਸ਼ਵ ਕੱਪ ਲਈ ਆਪਣੀ ਪੁਰਸ਼ ਟੀਮ ਦੀਆਂ ਅਧਿਕਾਰਤ ਵਰਦੀਆਂ ਦਾ ਉਦਘਾਟਨ ਕਰ ਦਿੱਤਾ ਹੈ, ਜੋ ਕਿ ਦੇਸ਼ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਣ ਜਾ ਰਹੀਆਂ ਹਨ । ਇਹ ਵਿਸ਼ਵ ਕੱਪ ਜੂਨ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਹੇਠ ਸ਼ੁਰੂ ਹੋਵੇਗਾ । ਸਾਲ 2022 ਦੇ ਵਿਸ਼ਵ ਕੱਪ ਦੇ ਉਲਟ, ਜਿੱਥੇ ਕੈਨੇਡਾ ਕੋਲ ਕੋਈ ਨਵੀਂ ਕਿੱਟ ਨਹੀਂ ਸੀ ਅਤੇ ਖਿਡਾਰੀਆਂ ਨੂੰ ਪੁਰਾਣੇ ਸਧਾਰਨ ਡਿਜ਼ਾਈਨ ਵਿੱਚ ਖੇਡਣਾ ਪਿਆ ਸੀ, ਇਸ ਵਾਰ ਟੀਮ ਨੇ ਆਪਣੇ ਅਕਸ ਨੂੰ ਬਦਲਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ । ਇਸ ਵਾਰ ਕੈਨੇਡਾ ਟੋਰਾਂਟੋ ਅਤੇ ਵੈਨਕੂਵਰ ਵਿੱਚ ਕੁੱਲ 13 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਿਸ ਕਾਰਨ ਟੀਮ ਦੀ ਦਿੱਖ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ ।
ਕੈਨੇਡਾ ਦੀ ਟੀਮ ਆਪਣੀ ਇਸ ਨਵੀਂ ਵਰਦੀ ਨੂੰ ਸਭ ਤੋਂ ਪਹਿਲਾਂ 28 ਮਾਰਚ ਨੂੰ ਆਈਸਲੈਂਡ ਵਿਰੁੱਧ ਹੋਣ ਵਾਲੇ ਦੋਸਤਾਨਾ ਮੈਚ ਵਿੱਚ ਪਹਿਨੇਗੀ । ਇਸ ਤੋਂ ਬਾਅਦ 31 ਮਾਰਚ ਨੂੰ ਟੋਰਾਂਟੋ ਦੇ ਬੀ.ਐਮ.ਓ. ਫੀਲਡ ਵਿੱਚ ਟਿਊਨੀਸ਼ੀਆ ਵਿਰੁੱਧ ਹੋਣ ਵਾਲੇ ਮੁਕਾਬਲੇ ਵਿੱਚ ਵੀ ਖਿਡਾਰੀ ਇਸੇ ਨਵੀਂ ਕਿੱਟ ਵਿੱਚ ਮੈਦਾਨ ‘ਤੇ ਉਤਰਨਗੇ । ਨਾਈਕੀ ਵੱਲੋਂ ਤਿਆਰ ਕੀਤੀ ਗਈ ਇਸ ਵਰਦੀ ਦੇ ਨਿਰਮਾਣ ਵਿੱਚ ਖਿਡਾਰੀਆਂ ਨੇ ਵੀ ਨਿੱਜੀ ਤੌਰ ‘ਤੇ ਹਿੱਸਾ ਲਿਆ ਹੈ । ਹੋਮ ਕਿੱਟ ਵਿੱਚ ਦੇਸ਼ ਦੇ ਰਵਾਇਤੀ ਲਾਲ ਅਤੇ ਚਿੱਟੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ, ਜਦਕਿ ਮੈਪਲ ਲੀਫ ਦੇ ਪ੍ਰਤੀਕ ਨੂੰ ਇੱਕ ਬਹੁਤ ਹੀ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਇਹ ਡਿਜ਼ਾਈਨ ਨਾ ਸਿਰਫ਼ ਦੇਸ਼ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ, ਸਗੋਂ ਮੈਦਾਨ ਵਿੱਚ ਖਿਡਾਰੀਆਂ ਦੇ ਮਜ਼ਬੂਤ ਇਰਾਦਿਆਂ ਦੀ ਵੀ ਨੁਮਾਇੰਦਗੀ ਕਰਦਾ ਹੈ ।
ਦੂਜੇ ਪਾਸੇ, ਟੀਮ ਦੀ ਅਵੇਅ (Away) ਕਿੱਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ । ਇਹ ਪੂਰੀ ਤਰ੍ਹਾਂ ਕਾਲੇ ਰੰਗ ਦੀ ਵਰਦੀ ਹੈ, ਜਿਸ ਦਾ ਡਿਜ਼ਾਈਨ ਕੈਨੇਡਾ ਦੇ ਜੰਮੇ ਹੋਏ ਅਤੇ ਬਰਫ਼ੀਲੇ ਕੁਦਰਤੀ ਨਜ਼ਾਰਿਆਂ ਤੋਂ ਪ੍ਰੇਰਿਤ ਹੈ । ਇਸ ਵਿੱਚ ‘ਕਰੈਕਡ ਆਈਸ’ (Cracked-ice) ਗ੍ਰਾਫਿਕ ਦੀ ਵਰਤੋਂ ਕੀਤੀ ਗਈ ਹੈ, ਜੋ ਖਿਡਾਰੀਆਂ ਦੇ ਸਖ਼ਤ ਅਤੇ ਜੇਤੂ ਸੁਭਾਅ ਨੂੰ ਦਰਸਾਉਂਦੀ ਹੈ । ਛਾਤੀ ‘ਤੇ ਲਾਲ ਅਤੇ ਚਿੱਟੇ ਰੰਗ ਦਾ ਲੋਗੋ ਇਸ ਕਾਲੇ ਪਿਛੋਕੜ ‘ਤੇ ਬਹੁਤ ਹੀ ਆਕਰਸ਼ਕ ਲੱਗਦਾ ਹੈ । ਨਾਈਕੀ ਦੇ ਸੀਨੀਅਰ ਡਿਜ਼ਾਈਨ ਡਾਇਰੈਕਟਰ ਸਟੂਅਰਟ ਮੈਕਆਰਥਰ ਅਨੁਸਾਰ, ਖਿਡਾਰੀਆਂ ਦੀ ਮੰਗ ਸੀ ਕਿ ਉਹ ਮੈਦਾਨ ‘ਤੇ ‘ਘਾਤਕ’ ਨਜ਼ਰ ਆਉਣ। ਖਿਡਾਰੀਆਂ ਨੇ ਡਿਜ਼ਾਈਨ ਮੀਟਿੰਗਾਂ ਦੌਰਾਨ ਸਪੱਸ਼ਟ ਕੀਤਾ ਸੀ ਕਿ ਉਹ ਘਰੇਲੂ ਵਿਸ਼ਵ ਕੱਪ ਵਿੱਚ ਆਪਣੀ ਪਛਾਣ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ । ਟੀਮ ਦੇ ਮੁੱਖ ਕੋਚ ਜੇਸੀ ਮਾਰਸ਼ ਨੇ ਇਸ ਨਵੇਂ ਲੁੱਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਨੇਡਾ ਦੀ ਪ੍ਰਤੀਨਿਧਤਾ ਕਰਨਾ ਹਰ ਖਿਡਾਰੀ ਲਈ ਮਾਣ ਦਾ ਵਿਸ਼ਾ ਹੈ । This report was written by Divroop Kaur as part of the Local Journalism Initiative.

Popular