Wednesday, April 15, 2026

400 ਮਿਲੀਅਨ ਡਾਲਰ ਦੇ ਕਰਜ਼ੇ ਬਾਵਜੂਦ 1,000 ਨੌਕਰੀਆਂ ਖਤਰੇ ਵਿੱਚ

ਐਲਗੋਮਾ ਸਟੀਲ ਕਾਮਿਆਂ ਨੂੰ ਕੱਢੇ ਜਾਣ ਦੇ ਮਾਮਲੇ ਤੇ ਪੀਅਰ ਪੌਲੀਵੀਅਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਿਆ
ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਬੁੱਧਵਾਰ ਨੂੰ ਇਸ ਗੱਲ ਉੱਤੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਕੀ ਉਨ੍ਹਾਂ ਦੀ ਫੈਡਰਲ ਸਰਕਾਰ ਨੂੰ ਪਹਿਲਾਂ ਤੋਂ ਪਤਾ ਸੀ ਕਿ ਐਲਗੋਮਾ ਸਟੀਲ ਲਗਭਗ 1,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੀ ਯੋਜਨਾ ਬਣਾ ਰਹੀ ਹੈ ਜਦੋਂ ਉਸ ਕੰਪਨੀ ਨੂੰ ਕੈਨੇਡੀਅਨ ਨਾਗਰਿਕਾਂ ਦੇ 400 ਮਿਲੀਅਨ ਡਾਲਰ ਦੇ ਕਰਜ਼ੇ ਦਿੱਤੇ ਗਏ ਸਨ।
ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵੀਅਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਾਰਨੀ ਨੇ ਸਪਸ਼ਟ ਤੌਰ ਉੱਤੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤਕਾਮਿਆਂ ਨੂੰ ਕੱਢੇ ਜਾਣ ਦੇ ਮਾਮਲੇ ਦੀ ਜਾਣਕਾਰੀ ਸੀ ਜਾਂ ਨਹੀਂ।
ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜੇ ਸਰਕਾਰ ਵੱਲੋਂ ਇਹ ਕਰਜ਼ਾ ਨਾ ਦਿੱਤਾ ਜਾਂਦਾ ਤਾਂ ਹੋਰ ਵੀ ਵੱਡੀ ਗਿਣਤੀ ਵਿੱਚ ਨੌਕਰੀਆਂ ਖ਼ਤਮ ਹੋ ਸਕਦੀਆਂ ਸਨ।
ਕਾਰਨੀ ਨੇ ਕਿਹਾ ਕਿ ਇਹ ਸਮਾਂ ਸਾਲਟ ਸੇਂਟ-ਮਰੀ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਮੁਸ਼ਕਿਲ ਭਰਿਆ ਹੈ ਅਤੇ ਉਨ੍ਹਾਂ ਦੀਆਂ ਸੰਵੇਦਨਾਵਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।
ਉਨ੍ਹਾਂ ਨੇ ਐਲਗੋਮਾ ਸਟੀਲ ਦੇ
ਸੀ ਈ ਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਸਰਕਾਰ ਇਹ ਕਦਮ ਨਾ ਚੁੱਕਦੀ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਸਨ।
ਕਾਰਨੀ ਨੇ ਦਾਅਵਾ ਕੀਤਾ ਕਿ ਇਸ ਕਰਜ਼ੇ ਨਾਲ ਲਗਭਗ ਦੋ ਤਿਹਾਈ ਨੌਕਰੀਆਂ ਬਚਾਈਆਂ ਗਈਆਂ ਹਨ। ਐਲਗੋਮਾ ਸਟੀਲ ਅਮਰੀਕਾ ਨੂੰ ਆਪਣਾ ਮੁੱਖ ਗਾਹਕ ਬਣਾਉਣ ਦੀ ਨੀਤੀ ਤੋਂ ਹਟ ਕੇ ਹੁਣ ਹੋਰ ਬਾਜ਼ਾਰਾਂ ਵੱਲ ਮੋੜ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਕੰਪਨੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਬੇਮਿਸਾਲ ਟੈਰਿਫਾਂ ਨੇ ਇਸ ਦੀ ਕਾਰੋਬਾਰੀ ਸਥਿਤੀ ਨੂੰ ਭਾਰੀ ਝਟਕਾ ਦਿੱਤਾ ਹੈ।
ਕਾਰਨੀ ਨੇ ਇਸ ਗੱਲ ਨੂੰ ਵੀ ਦੁਹਰਾਇਆ ਜੋ ਉਸੇ ਦਿਨ ਸਵੇਰੇ ਓਂਟਾਰਿਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਹੀ ਸੀ।
ਡਗ ਫੋਰਡ ਨੇ ਸਾਫ ਕਿਹਾ ਸੀ ਕਿ ਉਨ੍ਹਾਂ ਕੋਲ ਦੋ ਹੀ ਰਸਤੇ ਸਨ।
ਉਨ੍ਹਾਂ ਕਿਹਾ ਕਿ ਜਾਂ ਤਾਂ ਦੋ ਤਿਹਾਈ ਨੌਕਰੀਆਂ ਬਚਾਈਆਂ ਜਾਣ ਜਾਂ ਸਾਰੀ ਕੰਪਨੀ ਡੁੱਬਣ ਦਿੱਤੀ ਜਾਵੇ। ਫੋਰਡ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਐਲਗੋਮਾ ਸਟੀਲ ਦੇ ਭਵਿੱਖ ਨੂੰ ਬਚਾਉਣ ਦਾ ਫੈਸਲਾ ਕੀਤਾ ਹੈ। ਡਗ ਫੋਰਡ ਨੇ ਬੁੱਧਵਾਰ ਨੂੰ ਕਵੀਨਜ਼ ਪਾਰਕ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਸਰਕਾਰ ਫੰਡਿੰਗ ਨਾ ਕਰਦੀ ਤਾਂ 1,000 ਤੋਂ ਵੀ ਵੱਧ ਲੋਕ ਨੌਕਰੀ ਤੋਂ ਹੱਥ ਧੋ ਬੈਠਦੇ।
ਉਨ੍ਹਾਂ ਐਲਗੋਮਾ ਸਟੀਲ ਨੂੰ ਟਾਈਟੈਨਿਕ ਨਾਲ ਤੁਲਨਾ ਕਰਦਿਆਂ ਕਿਹਾ ਕਿ ਉਹ ਉੱਥੇ ਡੁੱਬ ਰਹੀ ਸੀ ਅਤੇ ਸਰਕਾਰ ਕੋਲ ਚੋਣਾਂ ਬਹੁਤ ਘੱਟ ਸਨ।
ਫੋਰਡ ਨੇ ਕਿਹਾ ਕਿ ਜਾਂ ਤਾਂ ਦੋ ਤਿਹਾਈ ਬਚਾਇਆ ਜਾਵੇ ਜਾਂ ਕੁਝ ਵੀ ਨਾ ਬਚਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕੰਪਨੀ ਨੂੰ ਬਚਾ ਕੇ ਉਸ ਲਈ ਫੰਡ ਮੁਹੱਈਆ ਕਰਵਾਉਣ ਦੇ ਹੱਕ ਵਿੱਚ ਹਨ। ਜਦੋਂ ਇਹ ਪੁੱਛਿਆ ਗਿਆ ਕਿ ਕੀ ਹੋਰ ਵੱਧ ਕਰਜ਼ਾ ਦੇ ਕੇ ਹੋਰ ਨੌਕਰੀਆਂ ਵੀ ਬਚਾਈਆਂ ਜਾ ਸਕਦੀਆਂ ਸਨ ਤਾਂ ਫੋਰਡ ਨੇ ਇਸ ਸਵਾਲ ਨੂੰ ਐਲਗੋਮਾ ਸਟੀਲ ਵੱਲ ਮੋੜ ਦਿੱਤਾ।
ਸੂਬਾਈ ਸਰਕਾਰ ਨੇ ਸਤੰਬਰ ਮਹੀਨੇ ਐਲਗੋਮਾ ਸਟੀਲ ਲਈ 100 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਸੀ ਤਾਂ ਜੋ ਕੰਪਨੀ ਅਮਰੀਕਾ ਉੱਤੇ ਆਪਣੀ ਨਿਰਭਰਤਾ ਘਟਾ ਸਕੇ। ਸਰਕਾਰ ਨੇ ਕਿਹਾ ਸੀ ਕਿ ਇਹ ਸਿੱਧਾ ਸਹਾਰਾ ਕੰਪਨੀ ਨੂੰ ਹੋਰ ਮਾਰਕੀਟਾਂ ਵੱਲ ਮੋੜ ਲੈਣ ਵਿੱਚ ਮਦਦ ਕਰੇਗਾ ਅਤੇ ਉੱਤਰੀ ਓਂਟਾਰਿਓ ਵਿੱਚ ਰੁਜ਼ਗਾਰ ਦਾ ਸਥਿਰ ਸਰੋਤ ਬਣਾਈ ਰੱਖੇਗਾ।
1 ਦਸੰਬਰ ਨੂੰ ਕੇਂਦਰੀ ਉਦਯੋਗ ਮੰਤਰੀ ਮੈਲਾਨੀ ਜੋਲੀ ਨੇ ਹਾਊਸ ਆਫ ਕਾਮਨਜ਼ ਵਿੱਚ ਐਲਗੋਮਾ ਸਟੀਲ ਦੀ ਸਥਿਤੀ ਉੱਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸੰਵੇਦਨਾਵਾਂ ਉਹਨਾਂ ਮਜ਼ਦੂਰਾਂ ਨਾਲ ਹਨ ਜੋ ਵਾਈਟ ਹਾਊਸ ਵੱਲੋਂ ਲਗਾਏ ਗਏ ਨਾਜਾਇਜ਼ ਟੈਰਿਫਾਂ ਕਾਰਨ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਮੁਸ਼ਕਿਲ ਦੌਰ ਵਿੱਚੋਂ ਲੰਘ ਰਹੀ ਐਲਗੋਮਾ ਸਟੀਲ ਨਾਲ ਮਿਲ ਕੇ ਕੰਮ ਕਰਦੀ ਰਹੇਗੀ।
ਜੋਲੀ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਐਲਗੋਮਾ ਸਟੀਲ ਦੇ ਮਜ਼ਦੂਰਾਂ ਉੱਤੇ ਪੂਰਾ ਭਰੋਸਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨਵੇਂ ਉਤਪਾਦ ਵਿਕਸਤ ਕਰਨ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਵਿੱਚ ਕਾਮਿਆਂ ਦੀ ਪੂਰੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨੌਕਰੀਆਂ ਬਚਾਉਣ ਲਈ ਪੂਰੀ ਤਾਕਤ ਨਾਲ ਲੜੇਗੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਟੈਕਸਦਾਤਿਆਂ ਦੇ ਪੈਸੇ ਨਾਲ ਦਿੱਤੇ ਗਏ ਕਰਜ਼ੇ ਦੇ ਬਾਵਜੂਦ ਨੌਕਰੀਆਂ ਜਾਣਾ ਸਰਕਾਰੀ ਨੀਤੀਆਂ ਉੱਤੇ ਗੰਭੀਰ ਸਵਾਲ ਖੜੇ ਕਰਦਾ ਹੈ।
ਦੂਜੇ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਇਸ ਦਖਲਅੰਦਾਜ਼ੀ ਬਿਨਾਂ ਹਾਲਾਤ ਕਈ ਗੁਣਾ ਖ਼ਰਾਬ ਹੋ ਸਕਦੇ ਸਨ। ਸਾਲਟ ਸੇਂਟ ਮਰੀ ਵਿੱਚ ਇਸ ਸਮੇਂ ਡਰ, ਅਨਿਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਐਲਗੋਮਾ ਸਟੀਲ ਉੱਥੇ ਦੀ ਅਰਥਵਿਵਸਥਾ ਦੀ ਰੀੜ੍ਹ ਮੰਨੀ ਜਾਂਦੀ ਹੈ। ਕਾਮਿਆਂ ਦੇ ਪਰਿਵਾਰਾਂ ਵਿੱਚ ਭਵਿੱਖ ਨੂੰ ਲੈ ਕੇ ਗਹਿਰੀ ਫਿਕਰ ਵੇਖੀ ਜਾ ਰਹੀ ਹੈ।
ਹੁਣ ਸਾਰੀਆਂ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਹਨ ਕਿ ਕੇਂਦਰ ਅਤੇ ਸੂਬਾ ਸਰਕਾਰ ਅਗਲੇ ਕਦਮ ਵਜੋਂ ਹੋਰ ਕੀ ਸਹਾਇਤਾ ਦੇਂਦੀਆਂ ਹਨ। ਇਹ ਵੀ ਸਵਾਲ ਬਣਿਆ ਹੋਇਆ ਹੈ ਕਿ ਕੀ ਬਾਕੀ ਬਚੀਆਂ ਨੌਕਰੀਆਂ ਲੰਮੇ ਸਮੇਂ ਤੱਕ ਸੁਰੱਖਿਅਤ ਰਹਿ ਸਕਣਗੀਆਂ। ਇਸ ਮਾਮਲੇ ਨੇ ਇਕ ਵਾਰ ਫਿਰ ਕੈਨੇਡਾ ਦੀ ਸਟੀਲ ਉਦਯੋਗ ਨੀਤੀ ਅਤੇ ਅਮਰੀਕੀ ਟੈਰਿਫਾਂ ਦੇ ਪ੍ਰਭਾਵ ਬਾਰੇ ਰਾਸ਼ਟਰੀ ਪੱਧਰ ਉੱਤੇ ਵੱਡੀ ਚਰਚਾ ਛੇੜ ਦਿੱਤੀ ਹੈ। This report was written by Divroop Kaur as part of the Local Journalism Initiative.

Popular