Saturday, May 9, 2026

ਆਪਣੇ ਵਾਸਤੇ ਹੱਦਬੰਦੀਆਂ ਤੈਅ ਕਰਨਾ

 

ਲੇਖਕ : ਅਮਨ ਸਿੰਘ ਗੌੜ
ਜਟਿਲਤਾਵਾਂ ਨਾਲ ਭਰੇ ਜੀਵਨ ਵਿਚ ਇਕ ਮਹੱਤਵਪੂਰਨ ਪਹਿਲੂ ਹੈ ਆਪਣੀਆਂ ਹੱਦਾਂ ਨੂੰ ਨਿਰਧਾਰਤ ਕਰਨਾ। ਇਹ ਉਹ ਸਮਝਦਾਰੀ ਹੈ ਜੋ ਵਿਅਕਤੀ ਨੂੰ ਆਪਣੀ ਊਰਜਾ, ਸਮੇਂ ਅਤੇ ਭਾਵਨਾਵਾਂ ਦੀ ਰੱਖਿਆ ਕਰਨਾ ਸਿਖਾਉਂਦੀ ਹੈ। ਮਨੁੱਖ ਦੀ ਸਭ ਤੋਂ ਵੱਡੀ ਥਕਾਵਟ ਹਾਲਾਤ ਤੋਂ ਨਹੀਂ ਸਗੋਂ ਉਨ੍ਹਾਂ ਬੇਕਾਬੂ ਉਮੀਦਾਂ ਤੋਂ ਉਪਜਦੀ ਹੈ ਜਿਨ੍ਹਾਂ ਨੂੰ ਉਹ ਨਾਂਹ ਕਹਿਣ ਦੇ ਹੌਸਲੇ ਦੀ ਕਮੀ ਕਾਰਨ ਲਗਾਤਾਰ ਢੋਅ ਰਿਹਾ ਹੁੰਦਾ ਹੈ। ਹੱਦਾਂ ਸਿਰਫ਼ ਦੂਰੀ ਨਹੀਂ ਬਣਾਉਂਦੀਆਂ ਸਗੋਂ ਵਿਅਕਤੀ ਨੂੰ ਆਪਣੇ ਅੰਦਰ ਸਥਿਰ ਤੇ ਸੰਤੁਲਿਤ ਰਹਿਣ ਦਾ ਰਾਹ ਉਪਲਬਧ ਕਰਦੀਆਂ ਹਨ। ਵਿਵਹਾਰਕ ਜੀਵਨ ‘ਚ ਜਦੋਂ ਕੋਈ ਵਿਅਕਤੀ ਹਰ ਬੇਨਤੀ, ਹਰ ਉਮੀਦ ਅਤੇ ਹਰ ਦਬਾਅ ਨੂੰ ਸਵੀਕਾਰ ਕਰਦਾ ਜਾਂਦਾ ਹੈ ਤਾਂ ਉਸ ਦੀਆਂ ਤਰਜੀਹਾਂ ਹੌਲੀ-ਹੌਲੀ ਧੁੰਦਲੀਆਂ ਹੋਣ ਲੱਗਦੀਆਂ ਹਨ।
ਹੱਦਾਂ ਨਿਰਧਾਰਤ ਕਰਨਾ ਅਸਲ ਵਿਚ ਆਪਣੀਆਂ ਕਦਰਾਂ-ਕੀਮਤਾਂ, ਆਪਣੀ ਸਮਰੱਥਾ ਤੇ ਆਪਣੀਆਂ ਹੱਦਾਂ ਦੀ ਨਿਸ਼ਾਨਦੇਹੀ ਕਰਨ ਦੀ ਪ੍ਰਕਿਰਿਆ ਹੀ ਹੈ। ਇਹ ਕੋਈ ਬੇਨਤੀ ਨਹੀਂ ਬਲਕਿ ਆਪਣੀ ਸਮਝ ਦਾ ਪਰਪੱਕ ਅਤੇ ਸੁਧਰਿਆ ਹੋਇਆ ਰੂਪ ਹੈ। ਹਾਲਾਤ ਕਦੋਂ, ਕਿੰਨਾ ਅਤੇ ਕਿਵੇਂ ਪ੍ਰਭਾਵਿਤ ਕਰਨਗੇ, ਇਹ ਫ਼ੈਸਲਾ ਤਦ ਹੀ ਸੰਭਵ ਹੈ ਜਦੋਂ ਵਿਅਕਤੀ ਖ਼ੁਦ ਲਈ ਇਹ ਰੇਖਾ ਸਪਸ਼ਟ ਕਰਦਾ ਹੈ ਕਿ ਉਹ ਕਿਹੜੀਆਂ ਗੱਲਾਂ ਨੂੰ ਸਵੀਕਾਰ ਕਰੇਗਾ ਤੇ ਕਿਹੜੀਆਂ ਤੋਂ ਦੂਰ ਰਹੇਗਾ। ਅਕਸਰ ਕਿਹਾ ਜਾਂਦਾ ਹੈ ਕਿ ਰਿਸ਼ਤੇ ਤਿਆਗ ‘ਤੇ ਟਿਕੇ ਹੁੰਦੇ ਹਨ ਪਰ ਸੱਚ ਇਹ ਹੈ ਕਿ ਸਿਹਤਮੰਦ ਰਿਸ਼ਤੇ ਆਪਸੀ ਆਦਰ-ਸਤਿਕਾਰ ‘ਤੇ ਆਧਾਰਤ ਹੁੰਦੇ ਹਨ। ਆਦਰ ਓਥੇ ਹੀ ਜਨਮ ਲੈਂਦਾ ਹੈ ਜਿੱਥੇ ਆਪਣੀਆਂ ਭਾਵਨਾਵਾਂ ਦੀ ਸੁਰੱਖਿਆ ਦਾ ਅਧਿਕਾਰ ਸਪਸ਼ਟ ਹੋਵੇ। ਜੋ ਵਿਅਕਤੀ ਸੀਮਾਵਾਂ ਨਿਰਧਾਰਤ ਕਰਦਾ ਹੈ, ਉਹ ਸਿਰਫ਼ ਆਪਣੇ ਅੰਦਰ ਦੀ ਸਪਸ਼ਟਤਾ ਨੂੰ ਮਜ਼ਬੂਤ ਕਰਦਾ ਹੈ। ਇਹ ਸਪਸ਼ਟਤਾ ਅੱਗੇ ਚੱਲ ਕੇ ਉਸ ਦੇ ਫ਼ੈਸਲਿਆਂ ਨੂੰ ਸਥਿਰ ਅਤੇ ਉਸ ਦੇ ਜੀਵਨ ਨੂੰ ਸੁਚਾਰੂ ਬਣਾਉਂਦੀ ਹੈ। ਜੀਵਨ ਵਿਚ ਸੰਤੁਲਨ, ਸ਼ਾਂਤੀ ਅਤੇ ਮਾਨਸਿਕ ਸਵੱਛਤਾ ਤਦ ਹੀ ਸੰਭਵ ਹੈ ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਹਰ ਉਮੀਦ ਪੂਰੀ ਕਰਨਾ ਉਸ ਦਾ ਫ਼ਰਜ਼ ਨਹੀਂ ਅਤੇ ਹਰ ਬੇਨਤੀ ਸਵੀਕਾਰ ਕਰਨਾ ਉਦਾਰਤਾ ਨਹੀਂ। ਹੱਦਾਂ ਨਿਰਧਾਰਤ ਕਰਨਾ ਸਵੈ-ਰੱਖਿਆ ਦਾ ਇਕ ਸਾਧਨ ਹੈ। ਜੋ ਵਿਅਕਤੀ ਇਸ ਦਾ ਅਭਿਆਸ ਕਰ ਲੈਂਦਾ ਹੈ, ਉਹੀ ਆਪਣੇ ਸਮੇਂ, ਮਨ ਅਤੇ ਰਿਸ਼ਤਿਆਂ ਦਾ ਅਸਲ ਰਾਖਾ ਬਣ ਪਾਉਂਦਾ ਹੈ।

Popular