ਲੇਖਕ : ਅਮਰਜੋਤ ਕੌਰ
ਸੰਪਰਕ : 94785-03088
ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਰਿਸ਼ਤੇ ਇਸ ਦੇ ਆਲੇ-ਦੁਆਲੇ ਫੁੱਲਾਂ ਵਾਂਗ ਖ਼ੁਸ਼ਬੂ ਪੈਦਾ ਕਰਦੇ ਹਨ। ਰਿਸ਼ਤੇ ਜਿੰਨੇ ਡੂੰਘੇ, ਸਪੱਸ਼ਟ ਹੋਣਗੇ ਓਨਾ ਹੀ ਜ਼ਿੰਦਗੀ ਜਿਊਣ ਦਾ ਅਨੰਦ ਆਵੇਗਾ। ਪਿਛਲੇ 20 ਸਾਲ ਪਿੱਛੇ ਇਕ ਪੰਛੀ ਝਾਤ ਮਾਰੀਏ, ਰਿਸ਼ਤੇ ਸਾਡੇ ਅੰਗ-ਸੰਗ ਸਨ। ਮਾਸੀ, ਭੂਆ, ਮਾਮੀ, ਨਾਨੀ, ਚਾਚੀ ਸਭ ਸਾਡੇ ਅਨਿੱਖੜਵੇਂ ਅੰਗ ਵਾਂਗ ਰਿਸ਼ਤੇ ਸਨ। ਜਦੋਂ ਅਸੀਂ ਛੋਟੇ ਹੁੰਦੇ ਸੀ ਜੋ ਮਾਸੀ, ਭੂਆ ਨੇ ਮਿਲਣ ਆਉਣਾ ਤਾਂ ਚਾਅ ਚੜ੍ਹ ਜਾਣਾ ਕਿਉਂਕਿ ਉਸ ਸਮੇਂ ਫੋਨ ਨਾ ਹੋਣ ਕਰਕੇ ਇਕਦਮ ਪ੍ਰਹਾਣਿਆਂ ਨੇ ਆ ਜਾਣਾ। ਘਰ ਵਿਆਹ ਵਰਗਾ ਮਾਹੌਲ ਹੋ ਜਾਂਦਾ ਸੀ। ਚਿਹਰੇ ਉੱਪਰ ਇਕ ਅਜਿਹੀ ਖ਼ੁਸ਼ੀ ਹੁੰਦੀ ਸੀ ਜੋ ਕਿ ਹੁਣ ਕਦੇ ਮੁੱਲ ਖ਼ਰੀਦ ਕੇ ਵੀ ਨਹੀਂ ਮਿਲ ਸਕਦੀ। ਮਾਸੀ, ਮਾਮੀ, ਭੂਆ ਦੇ ਆਉਣ ‘ਤੇ ਹਾਲ-ਚਾਲ ਪੁੱਛਣ ਦੀ ਲੋੜ ਨਹੀਂ ਸੀ। ਚਿਹਰੇ ਦੇ ਹਾਵ-ਭਾਵ ਦੇਖ ਕੇ ਅੱਖਾਂ ਬੋਲਦੀਆਂ ਸਨ। ਦੁੱਖ-ਸੁੱਖ ਦਾ ਅੰਦਾਜ਼ਾ ਸਕਿੰਟਾਂ ਵਿਚ ਲੱਗ ਜਾਂਦਾ ਸੀ। ਪਰ ਹੁਣ ਅਸੀਂ ਉਸ ਸਮੇਂ ਵਿਚ ਆ ਗਏ ਹਾਂ ਕਿ ਤਕਨਾਲੋਜੀ ਵਧ ਗਈ ਹੈ, ਰਿਸ਼ਤੇ ਫਿੱਕੇ ਹੁੰਦੇ ਹੋਏ ਖ਼ਤਮ ਹੋਣ ਵਾਲੀ ਕਤਾਰ ਵਿਚ ਆ ਗਏ ਹਨ। ਜਦੋਂ ਦਾ ਮੋਬਾਈਲ ਫੋਨ ਵਿਚ ਵੱਟਸਐਪ ਚੱਲਿਆ ਹੈ। ਉਸ ਨੇ ਤਾਂ ਕੰਨਾਂ ਵਿਚ ਗੂੰਜਦੀ ਮਿੱਠੀ ਆਵਾਜ਼ ਨੂੰ ਖ਼ਤਮ ਕਰ ਦਿੱਤਾ ਹੈ। ਹਰ ਚੀਜ਼ ਨੂੰ ਲਿਖ ਕੇ ਹੀ ਪ੍ਰਗਟ ਕੀਤਾ ਜਾਂਦਾ ਹੈ। ਲਿਖੇ ਹੋਏ ਅੱਖਰਾਂ ਤੋਂ ਤੁਸੀਂ ਖ਼ੁਸ਼ੀ ਗ਼ਮੀ ਦਾ ਅੰਦਾਜ਼ਾ ਨਹੀਂ ਲਗ ਸਕਦੇ। ਹਰ ਰਿਸ਼ਤੇ ਉੱਪਰ ਪੈਸਾ ਭਾਰੀ ਪੈ ਗਿਆ ਹੈ, ਜਿਸ ਕੋਲ ਪੈਸਾ ਹੈ, ਉਸ ਨੂੰ ਹੋਰ ਪੈਸਾ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ। ਵਰਤਮਾਨ ਸਮੇਂ ਬੱਚੇ ਆਈਲਟਸ ‘ਚ ਚੰਗੇ ਬੈਂਡ ਲੈਂਦੇ ਹਨ। ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿਚ ਚਲੇ ਜਾਂਦੇ ਹਨ। ਬਾਹਰਲੇ ਮੁਲਕਾਂ ਵਿਚ ਜਾ ਕੇ ਭਵਿੱਖ ਦੀ ਚਿੰਤਾ, ਫੀਸਾਂ ਦੀ ਚਿੰਤਾ, ਪੜ੍ਹਾਈ ਦੀ ਚਿੰਤਾ ਵਿਚ ਰਿਸ਼ਤੇ ਵਿਸਰ ਜਾਂਦੇ ਹਨ। ਵਰਤਮਾਨ ਸਮੇਂ ਵਿਚ ਪੈਸਾ, ਮੋਬਾਈਲ, ਖਾਣ-ਪੀਣ ਦੀਆਂ ਆਦਤਾਂ ਨੇ ਰਿਸ਼ਤੇ ਉੱਪਰ ਮਾੜਾ ਅਸਰ ਪਾ ਦਿੱਤਾ ਹੈ। ਜ਼ਿੰਦਗੀ ਵਿਚ ਰਿਸ਼ਤੇ ਖਿਸਕ ਰਹੇ ਹਨ। ਸਾਂਝੇ ਪਰਿਵਾਰ ਬਹੁਤ ਘੱਟ ਰਹਿ ਗਏ ਹਨ। ਸਹਿਣਸ਼ੀਲਤਾ ਖ਼ਤਮ ਹੋ ਰਹੀ ਹੈ। ਸੋਚ ਦਾ ਪੱਧਰ ਨੀਵਾਂ ਹੋ ਗਿਆ ਹੈ। ਰਿਸ਼ਤੇ ਜਿੰਨੇ ਨਿੱਘੇ ਹੁੰਦੇ ਹਨ, ਓਨਾ ਸਾਨੂੰ ਸਰੀਰਕ ਰੋਗਾਂ ਤੋਂ ਬਚਾਉਂਦੇ ਹਨ। ਮਾਨਸਿਕ ਸੰਤੁਸ਼ਟੀ ਵਾਲਾ ਵਿਅਕਤੀ ਚੰਗਾ ਸੋਚਦਾ ਹੈ। ਮੈਂ ਅੰਤ ਵਿਚ ਇਹੀ ਕਹਾਂਗੀ ਕਿ ਰਿਸ਼ਤੇ ਦੀ ਕਦਰ ਕਰੋ, ਰਿਸ਼ਤਿਆਂ ਨੂੰ ਸਾਡੀ ਜ਼ਿੰਦਗੀ ਵਿਚੋਂ ਮਨਫ਼ੀ ਨਾ ਹੋਣ ਦੇਵੋ। ਆਪਣੀ ਆਉਣ ਵਾਲੀ ਪੀੜ੍ਹੀ ਨੂੰ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਬਾਰੇ ਜ਼ਰੂਰ ਸਮਝਾਓ।
++++++++

