Sunday, May 10, 2026

2026 ਤੋਂ ਵਿਦੇਸ਼ੀ ਡਾਕਟਰਾਂ ਲਈ ਨਵਾਂ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ

ਵਿਦੇਸ਼ੀ ਡਾਕਟਰਾਂ ਨੂੰ ਮਿਲੇਗੀ ਸਿੱਧੀ ਪੀ.ਆਰ., 14 ਦਿਨ ਵਿੱਚ ਵਰਕ ਪਰਮਿਟ
ਸਰੀ, (ਦਿਵਰੂਪ ਕੌਰ): ਕੈਨੇਡਾ ਸਰਕਾਰ ਨੇ ਹੈਲਥਕੇਅਰ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਸੋਮਵਾਰ ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਐਲਾਨ ਕੀਤਾ ਕਿ ਵਿਦੇਸ਼ੀ ਡਾਕਟਰਾਂ ਲਈ ਐਕਸਪ੍ਰੈੱਸ ਐਂਟਰੀ ਵਿੱਚ ਇੱਕ ਬਿਲਕੁਲ ਨਵੀਂ ਕੈਟੇਗਰੀ ਬਣਾਈ ਜਾ ਰਹੀ ਹੈ। ਇਸ ਨਾਲ ਉਹ ਡਾਕਟਰ ਜਿਹੜੇ ਪਿਛਲੇ ਤਿੰਨ ਸਾਲਾਂ ਵਿੱਚ ਕੈਨੇਡਾ ਵਿੱਚ ਘੱਟੋ-ਘੱਟ ਇੱਕ ਸਾਲ ਕੰਮ ਕਰ ਚੁੱਕੇ ਹਨ, ਸਿੱਧਾ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਲਈ ਅਪਲਾਈ ਕਰ ਸਕਣਗੇ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੈਜ ਡਾਇਬ ਨੇ ਕਿਹਾ, “ਇਹ ਨਵੀਂ ਡੈਡੀਕੇਟਿਡ ਐਕਸਪ੍ਰੈੱਸ ਐਂਟਰੀ ਕੈਟੇਗਰੀ ਤੇ ਪ੍ਰੋਵਿੰਸਾਂ-ਟੈਰੀਟਰੀਜ਼ ਲਈ ਰਿਜ਼ਰਵ ਸਪਾਟ ਨਾਲ ਅਸੀਂ ਪ੍ਰੈਕਟਿਸ-ਰੈਡੀ ਡਾਕਟਰਾਂ ਨੂੰ ਲਿਆਉਣ ਅਤੇ ਰੋਕਣ ਵਿੱਚ ਮੱਦਦ ਕਰਾਂਗੇ ਤਾਂ ਜੋ ਕੈਨੇਡੀਅਨਾਂ ਨੂੰ ਸਹੀ ਸਮੇਂ ਤੇ ਚੰਗੀ ਸਿਹਤ ਸੇਵਾ ਮਿਲ ਸਕੇ।”
ਇਹ ਨਵੀਂ ਕੈਟੇਗਰੀ ਅਜਿਹੇ ਡਾਕਟਰਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਅਸਥਾਈ ਵੀਜ਼ੇ ਤੇ ਕੰਮ ਕਰ ਰਹੇ ਹਨ। ਇਸ ਨਾਲ ਉਹਨ੍ਹਾਂ ਨੂੰ ਪੀਆਰ ਦਾ ਰਾਹ ਮਿਲੇਗਾ ਤੇ ਹੈਲਥਕੇਅਰ ਵਿੱਚ ਖਾਲੀਆਂ ਥਾਵਾਂ ਭਰੀਆਂ ਜਾਣਗੀਆਂ। ਇਸ ਪ੍ਰੋਗਰਾਮ ਦੀਆਂ ਅਰਜ਼ੀਆਂ 2026 ਦੀ ਸ਼ੁਰੂਆਤ ਵਿੱਚ ਜਾਰੀ ਕੀਤੇ ਜਾਣਗੇ।
ਸਰਕਾਰ ਨੇ ਪ੍ਰੋਵਿੰਸਾਂ ਤੇ ਟੈਰੀਟਰੀਜ਼ ਲਈ 5,000 ਫੈਡਰਲ ਅਡਮਿਸ਼ਨ ਸਪਾਟ ਵੀ ਰਿਜ਼ਰਵ ਕੀਤੇ ਹਨ ਤਾਂ ਜੋ ਉਹ ਲਾਇਸੈਂਸਡ ਡਾਕਟਰਾਂ ਨੂੰ ਜੌਬ ਆਫਰ ਦੇ ਕੇ ਨੌਮੀਨੇਟ ਕਰ ਸਕਣ। ਇਹ ਸਪਾਟ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (PNP) ਦੀ ਸਾਲਾਨਾ ਅਲਾਟਮੈਂਟ ਤੋਂ ਵੱਖਰੇ ਹਨ। ਨੌਮੀਨੇਟ ਹੋਏ ਡਾਕਟਰਾਂ ਨੂੰ 14 ਦਿਨਾਂ ਵਿੱਚ ਵਰਕ ਪਰਮਿਟ ਮਿਲ ਜਾਵੇਗਾ ਤਾਂ ਜੋ ਉਹ ਪੀ.ਆਰ. ਦੀ ਉਡੀਕ ਵਿੱਚ ਵੀ ਕੰਮ ਜਾਰੀ ਰੱਖ ਸਕਣ।
ਸਿਹਤ ਮੰਤਰਾਲੇ ਦੀ ਪਾਰਲੀਮੈਂਟਰੀ ਸਕੱਤਰ ਮੈਗੀ ਚੀ ਨੇ ਕਿਹਾ, “ਸਕਿੱਲਡ ਹੈਲਥ ਪ੍ਰੋਫੈਸ਼ਨਲਾਂ ਨੂੰ ਲਿਆਉਣਾ ਸਾਡੀ ਹੈਲਥ ਵਰਕਫੋਰਸ ਦੀ ਘਾਟ ਪੂਰੀ ਕਰਨ ਲਈ ਜ਼ਰੂਰੀ ਹੈ। ਇਸ ਨਾਲ ਸਾਰੇ ਦੇਸ਼ ਵਿੱਚ ਲੋਕਾਂ ਨੂੰ ਸਮੇਂ ਸਿਰ ਤੇ ਚੰਗੀ ਸਿਹਤ ਸੇਵਾ ਮਿਲੇਗੀ।”
ਇਸ ਪ੍ਰੋਗਰਾਮ ਰਾਹੀਂ ਜਨਰਲ ਪ੍ਰੈਕਟੀਸ਼ਨਰਜ਼ ਤੇ ਫੈਮਿਲੀ ਫਿਜ਼ੀਸ਼ੀਅਨਜ਼, ਸਰਜਰੀ ਸਪੈਸ਼ਲਿਸਟ ਤੇ ਕਲੀਨਿਕਲ ਐਂਡ ਲੈਬਾਰੇਟਰੀ ਮੈਡੀਸਨ ਸਪੈਸ਼ਲਿਸਟ ਡਾਕਟਰਾਂ ਨੂੰ ਕੈਨੇਡਾ ‘ਚ ਆਉਣ ਦਾ ਮੌਕਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ 2021 ਵਿੱਚ 47 ਲੱਖ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਸੀ। 2024 ਵਿੱਚ 57 ਲੱਖ ਬਾਲਗ ਤੇ 7.65 ਲੱਖ ਬੱਚੇ-ਨੌਜਵਾਨਾਂ ਕੋਲ ਫੈਮਿਲੀ ਡਾਕਟਰ ਨਹੀਂ ਸੀ।
ਇਸ ਨਵੀਂ ਨੀਤੀ ਨਾਲ ਵਿਦੇਸ਼ੀ ਡਾਕਟਰਾਂ ਨੂੰ ਕੈਨੇਡਾ ਵਿੱਚ ਰਹਿਣ ਤੇ ਕੰਮ ਕਰਨ ਦੀ ਵੱਡੀ ਸਹੂਲਤ ਮਿਲੇਗੀ ਤੇ ਹੈਲਥਲਕੇਅਰ ਸਿਸਟਮ ਨੂੰ ਮਜ਼ਬੂਤੀ ਮਿਲੇਗੀ। ਅਪਲਾਈ ਕਰਨ ਦੀ ਪ੍ਰਕਿਰਿਆ 2026 ਦੀ ਸ਼ੁਰੂਆਤ ਹੋਣ ਜਾ ਰਹੀ ਹੈ। This report was written by Divroop Kaur as part of the Local Journalism Initiative.

Popular