ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਅਮਰੀਕਾ ਦੇ ਰਾਜਦੂਤ ਪੀਟ ਹੋਕਸਟ੍ਰਾ ਨੇ ਹਾਲ ਹੀ ਵਿੱਚ ‘ਦ ਕੈਨੇਡੀਅਨ ਪ੍ਰੈਸ’ ਨਾਲ ਹੋਈ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿੱਚ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਅਮਰੀਕਾ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਕੈਨੇਡਾ ਦੀ ਘਰੇਲੂ ਰਾਜਨੀਤੀ ਵਿੱਚ ਦਖਲਅੰਦਾਜ਼ੀ ਦਾ ਕਾਰਨ ਬਣ ਸਕਦੀ ਹੈ। ਕਿਉਂਕਿ ਇਸ ਨਵੀਂ ਰਣਨੀਤੀ ਬਾਰੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਅਮਰੀਕੀ ਦਖਲਅੰਦਾਜ਼ੀ ਲਈ ਇੱਕ ਨਕਸ਼ਾ ਜਾਂ ਬਲੂਪ੍ਰਿੰਟ ਸਾਬਤ ਹੋ ਸਕਦੀ ਹੈ। ਜਿਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋਣ ਦਾ ਡਰ ਬਣਿਆ ਹੋਇਆ ਹੈ।
ਹੋਕਸਟ੍ਰਾ ਨੇ ਸਪੱਸ਼ਟ ਕੀਤਾ ਕਿ ਉਹ ਨਹੀਂ ਦੇਖਦੇ ਕਿ ਅਮਰੀਕਾ ਕੈਨੇਡਾ ਦੀ ਘਰੇਲੂ ਰਾਜਨੀਤੀ ਵਿੱਚ ਸ਼ਾਮਲ ਹੋਵੇਗਾ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਓਨਟਾਰੀਓ ਸੂਬੇ ‘ਤੇ ਦੋਸ਼ ਲਗਾਇਆ ਕਿ ਉਹ ਅਮਰੀਕੀ ਟੀ.ਵੀ. ਨੈੱਟਵਰਕਾਂ ‘ਤੇ ਇਸ਼ਤਿਹਾਰ ਚਲਾ ਕੇ ਅਮਰੀਕੀ ਰਾਜਨੀਤੀ ਵਿੱਚ ਦਖਲ ਦੇ ਰਿਹਾ ਹੈ, ਜਿਸ ਵਿੱਚ ਮਰਹੂਮ ਰੋਨਾਲਡ ਰੀਗਨ ਦੇ ਟੈਰਿਫ ਵਿਰੁੱਧ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ। ਜੋ ਕਿ ਹੋਕਸਟ੍ਰਾ ਮੁਤਾਬਕ ਸਹੀ ਨਹੀਂ ਹੈ। ਅਮਰੀਕੀ ਰਾਸ਼ਟਰੀ ਸੁਰੱਖਿਆ ਰਣਨੀਤੀ ਦੇ ਦਸਤਾਵੇਜ਼ ਵਿੱਚ ਲਿਖਿਆ ਗਿਆ ਹੈ ਕਿ ਅਮਰੀਕੀ ਸਰਕਾਰ ਉਨ੍ਹਾਂ ਸਰਕਾਰਾਂ ਸਿਆਸੀ ਪਾਰਟੀਆਂ ਅਤੇ ਅੰਦੋਲਨਾਂ ਨੂੰ ਇਨਾਮ ਦੇਵੇਗੀ ਅਤੇ ਉਤਸ਼ਾਹਿਤ ਕਰੇਗੀ ਜੋ ਇਸਦੇ ਸਿਧਾਂਤਾਂ ਅਤੇ ਰਣਨੀਤੀ ਨਾਲ ਵਿਆਪਕ ਤੌਰ ‘ਤੇ ਜੁੜੇ ਹੋਏ ਹਨ।
ਜਿਸ ਤੋਂ ਬਾਅਦ ਕੈਨੇਡਾ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕੀ ਇਸਦਾ ਮਤਲਬ ਟਰੰਪ ਦੇ ਸਮਰਥਕਾਂ ਨੂੰ ਉਤਸ਼ਾਹ ਦੇਣਾ ਹੈ। ਸਾਬਕਾ ਕੈਨੇਡੀਅਨ ਡਿਪਲੋਮੈਟ ਆਰਟਰ ਵਿਲਜ਼ਿੰਸਕੀ ਨੇ ਇਸ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਅਮਰੀਕਾ ਟਰੰਪ ਦੀ ਮਾਗਾ ਲਹਿਰ ਨਾਲ ਜੁੜੇ ਅਨਸਰਾਂ ਦਾ ਸਮਰਥਨ ਕਰ ਸਕਦਾ ਹੈ ਅਤੇ ਉਨ੍ਹਾਂ ਨੇ ਇਹ ਵੀ ਨੋਟ ਕੀਤਾ ਕਿ ਰਾਜਦੂਤ ਨੇ ਸਪੱਸ਼ਟ ਤੌਰ ‘ਤੇ ਇਹ ਨਹੀਂ ਕਿਹਾ ਕਿ ਅਮਰੀਕਾ ਕਦੇ ਵੀ ਦਖਲਅੰਦਾਜ਼ੀ ਨਹੀਂ ਕਰੇਗਾ, ਸਗੋਂ ਸਿਰਫ ਇਹ ਕਿਹਾ ਹੈ ਕਿ ਭਾਸ਼ਾ ਨੂੰ ਵਿਆਪਕ ਤੌਰ ‘ਤੇ ਸਮਝਿਆ ਜਾ ਸਕਦਾ ਹੈ।
ਟਰੰਪ ਦੇ ਨੁਮਾਇੰਦੇ ਹੋਕਸਟ੍ਰਾ ਨੇ ਮੰਨਿਆ ਕਿ ਸੁਰੱਖਿਆ ਦਸਤਾਵੇਜ਼ ਵਿੱਚ ਵਰਤੀ ਗਈ ਭਾਸ਼ਾ ਦੀ ਵਿਆਖਿਆ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਦਾ ਜ਼ੋਰ ਇਸ ਗੱਲ ‘ਤੇ ਰਿਹਾ ਕਿ ਅਮਰੀਕਾ ਦਾ ਮਕਸਦ ਦਖਲ ਦੇਣਾ ਨਹੀਂ ਹੈ ਹਾਲਾਂਕਿ ਆਲੋਚਕਾਂ ਮੁਤਾਬਕ ਜਦੋਂ ਇੱਕ ਸ਼ਕਤੀਸ਼ਾਲੀ ਗੁਆਂਢੀ ਦੇਸ਼ ਆਪਣੀ ਨੀਤੀ ਵਿੱਚ ਸਿਆਸੀ ਪਾਰਟੀਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਲਿਖਤੀ ਰੂਪ ਵਿੱਚ ਦਿੰਦਾ ਹੈ ਤਾਂ ਇਹ ਦੂਜੇ ਦੇਸ਼ ਦੀ ਪ੍ਰਭੂਸੱਤਾ ਲਈ ਖਤਰਾ ਬਣ ਸਕਦਾ ਹੈ। ਇਸ ਪੂਰੇ ਘਟਨਾਕ੍ਰਮ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਕੂਟਨੀਤਕ ਹਲਕਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।
ਖਾਸਕਰ ਉਦੋਂ ਜਦੋਂ ਵਪਾਰ ਅਤੇ ਟੈਰਿਫ ਨੂੰ ਲੈ ਕੇ ਪਹਿਲਾਂ ਹੀ ਦੋਵਾਂ ਦੇਸ਼ਾਂ ਵਿੱਚ ਖਿੱਚੋਤਾਣ ਚੱਲ ਰਹੀ ਹੈ ਅਤੇ ਓਨਟਾਰੀਓ ਵੱਲੋਂ ਚਲਾਏ ਗਏ ਵਿਗਿਆਪਨ ਇਸ ਤਣਾਅ ਦਾ ਹੀ ਇੱਕ ਨਤੀਜਾ ਹਨ ਜਿਸਨੂੰ ਹੋਕਸਟ੍ਰਾ ਨੇ ਜਵਾਬੀ ਹਮਲੇ ਵਜੋਂ ਵਰਤਿਆ ਹੈ। This report was written by Divroop Kaur as part of the Local Journalism Initiative.

