Sunday, May 10, 2026

ਸਰੀ ਵਿੱਚ ਪੁਲਿਸ ਨੇ ਫੜੀ ਫੈਂਟਾਨਿਲ ਲੈਬ, 14 ਕਿਲੋ ਫੈਂਟਾਨਿਲ ਤੇ ਹਥਿਆਰ ਕੀਤੇ ਜ਼ਬਤ

ਸਰੀ: ਫੈਡਰਲ ਆਰ.ਸੀ.ਐੱਮ.ਪੀ. ਨੇ ਸਰੀ ਵਿੱਚ ਇੱਕ ਵੱਡੀ ਸਿੰਥੈਟਿਕ ਡਰੱਗ ਲੈਬੋਰੇਟਰੀ ਤੇ ਛਾਪੇਮਾਰੀ ਕੀਤੀ ਅਤੇ ਲੈਬ ਨੂੰ ਨਸ਼ਟ ਕਰ ਦਿੱਤਾ ਹੈ। ਇਸ ਛਾਪੇਮਾਰੀ ਵਿੱਚ 14 ਕਿਲੋਗ੍ਰਾਮ ਤੋਂ ਵੱਧ ਫੈਂਟਾਨਿਲ, 13 ਹਥਿਆਰ, ਸਾਈਲੈਂਸਰ, ਗੋਲੀਆਂ, ਨਕਦੀ ਤੇ ਚਾਰ ਇਲੈਕਟ੍ਰਿਕ ਸਟੰਨ ਬੈਟਨ ਜ਼ਬਤ ਕੀਤੇ ਹਨ। ਆਰ.ਸੀ.ਐੱਮ.ਪੀ. ਦੇ ਫੈਡਰਲ ਪੁਲਿਸਿੰਗ ਪੈਸਿਫਿਕ ਰੀਜਨ ਤੇ ਕਲੈਂਡੈਸਟਾਈਨ ਲੈਬਾਰੇਟਰੀ ਐਨਫੋਰਸਮੈਂਟ ਐਂਡ ਰਿਸਪਾਂਸ ਟੀਮ (ਕਲੀਅਰ ਟੀਮ) ਨੇ 14 ਸਤੰਬਰ ਨੂੰ ਸਰੀ ਤੇ ਰਿਚਮੰਡ ਵਿੱਚ ਸਰਚ ਵਾਰੰਟ ਚਲਾਏ ਸਨ। ਬੁੱਧਵਾਰ (10 ਦਸੰਬਰ) ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੂੰ ਸਰੀ ਦੇ 12900-ਬਲਾਕ ਆਫ਼ 54ਏ ਐਵੀਨਿਊ ਵਿੱਚ ਇੱਕ ਪ੍ਰੌਪਰਟੀ ਸਬੰਧੀ ਸੂਹ ਮਿਲੀ ਸੀ। ਇੱਥੇ ਸਿੰਥੈਟਿਕ ਡਰੱਗ ਲੈਬ ਮਿਲੀ ਜਿਸ ਵਿੱਚ ਫੈਂਟਾਨਿਲ ਬਣਾਈ ਜਾ ਰਹੀ ਸੀ। ਬਰਾਮਦਗੀ ਵਿੱਚ ਹੇਠ ਲਿਖੀਆਂ ਚੀਜ਼ਾਂ ਮਿਲੀਆਂ ਹਨ:
13 ਹਥਿਆਰ (8 ਹੈਂਡਗਨ ਤੇ 5 ਲੰਬੀਆਂ ਰਾਈਫਲਾਂ, ਜਿਨ੍ਹਾਂ ਵਿੱਚ .50 ਕੈਲੀਬਰ ਵਾਲੀ ਰਾਈਫਲ ਵੀ ਸ਼ਾਮਲ ਹੈ)
6 ਸਾਈਲੈਂਸਰ
4 ਸਟੰਨ ਬੈਟਨ
ਸੈਂਕੜੇ ਗੋਲੀਆਂ ਤੇ ਵਾਧੂ ਮੈਗਜ਼ੀਨਾਂ
ਲਗਭਗ 14 ਕਿਲੋ ਸੰਦਿਗਧ ਫੈਂਟਾਨਿਲ
206 ਲੀਟਰ ਗਾਮਾ-ਬਿਊਟਾਈਰੋਲੈਕਟੋਨ (GHB ਬਣਾਉਣ ਵਾਲਾ ਕੈਮੀਕਲ)
ਰਿਚਮੰਡ ਦੇ 12300-ਬਲਾਕ ਆਫ਼ ਮੈਕਨੀਲੀ ਡ੍ਰਾਈਵ ਵਿੱਚ ਇੱਕ ਟਾਊਨਹਾਊਸ ਤੋਂ ਵੀ ਨਸ਼ੀਲੇ ਪਦਾਰਥ ਤੇ ਲਗਭਗ 86 ਹਜ਼ਾਰ ਡਾਲਰ ਨਕਦੀ ਬਰਾਮਦ ਹੋਈ। ਰਿਚਮੰਡ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਹੋਰ ਜਾਂਚ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਇੰਟੀਗ੍ਰੇਟਿਡ ਬਾਰਡਰ ਐਨਫੋਰਸਮੈਂਟ ਟੀਮ ਤੇ ਕਲੀਅਰ ਟੀਮ ਦੇ ਇੰਚਾਰਜ ਇੰਸਪੈਕਟਰ ਜਿੰਮ ਲੀਓਨਾਰਡ ਨੇ ਕਿਹਾ, “ਇਹ ਜਾਂਚ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਅਸੀਂ ਕੈਨੇਡੀਅਨਾਂ ਨੂੰ ਜ਼ਹਿਰੀਲੇ ਨਸ਼ਿਆਂ ਤੋਂ ਬਚਾਉਣ, ਸੜਕਾਂ ਨੂੰ ਸੁਰੱਖਿਅਤ ਰੱਖਣ ਤੇ ਆਰਗੇਨਾਈਜ਼ਡ ਕ੍ਰਾਈਮ ਗਰੁੱਪਾਂ ਨੂੰ ਨਸ਼ਟ ਕਰਨ ਲਈ ਵਚਨਬੱਧ ਹਾਂ।”
ਪੁਲਿਸ ਨੇ ਲੋਕਾਂ ਨੂੰ ਗੈਰ-ਕਾਨੂੰਨੀ ਲੈਬਾਂ ਨੂੰ ਪਛਾਣਨ ਦੇ ਸੰਕੇਤ ਵੀ ਦੱਸੇ। ਅਜਿਹੀਆਂ ਲੈਬਾਂ ਵਿੱਚ ਵੱਡੀ ਮਾਤਰਾ ਵਿੱਚ ਲੈਬ ਉਪਕਰਣ ਤੇ ਕੈਮੀਕਲ ਹੁੰਦੇ ਹਨ, ਬਹੁਤ ਸਾਰਾ ਕੂੜਾ ਡੰਪਸਟਰਾਂ ਜਾਂ ਬਿਨਾਂ ਵਿੱਚ ਸੁੱਟਿਆ ਜਾਂਦਾ ਹੈ ਅਤੇ ਬਹੁਤ ਗੰਦੀ ਬਦਬੂ ਵੀ ਆਉਂਦੀ ਹੈ – ਜਿਵੇਂ ਸਾਲਵੈਂਟ, ਅਮੋਨੀਆ ਵਰਗੀ, ਤਿੱਖੀ ਜਾਂ ਮਿੱਠੀ ਬਦਬੂ। ਜੇਕਰ ਕਿਸੇ ਨੂੰ ਅਜਿਹੀ ਗਤੀਵਿਧੀ ਦਾ ਸ਼ੱਕ ਹੋਵੇ ਤਾਂ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਇਹ ਛਾਪੇਮਾਰੀ ਬੀ.ਸੀ. ਵਿੱਚ ਨਸ਼ਾ ਸਮੱਸਿਆ ਦੀ ਗੰਭੀਰਤਾ ਨੂੰ ਰੇਖਾਂਕਿਤ ਕਰਦੀ ਹੈ। ਫੈਂਟਾਨਿਲ ਤੇ GHB ਵਰਗੇ ਨਸ਼ੇ ਬਹੁਤ ਖ਼ਤਰਨਾਕ ਹਨ ਅਤੇ ਓਵਰਡੋਜ਼ ਮੌਤਾਂ ਦਾ ਮੁੱਖ ਕਾਰਨ ਬਣ ਰਹੇ ਹਨ। ਆਰ.ਸੀ.ਐੱਮ.ਪੀ. ਨੇ ਇਸ ਤਰ੍ਹਾਂ ਦੇ ਆਪ੍ਰੇਸ਼ਨਾਂ ਨਾਲ ਸੰਗਠਿਤ ਅਪਰਾਧ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਜਾਰੀ ਰੱਖੀ ਹੈ। ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। This report was written by Divroop Kaur as part of the Local Journalism Initiative.

Popular