ਸਰੀ, (ਦਿਵਰੂਪ ਕੌਰ): ਸਾਲ 2025 ਦੀ ਸ਼ੁਰੂਆਤ ਵੇਲੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਇੱਕ ਅਜਿਹੀ ਪਾਰਟੀ ਵਜੋਂ ਉੱਭਰੀ ਸੀ ਜਿੱਥੇ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕਾਂ ਨੂੰ ਖੁੱਲ੍ਹ ਕੇ ਬੋਲਣ ਅਤੇ ਆਪਣੀ ਰਾਏ ਰੱਖਣ ਦੀ ਆਜ਼ਾਦੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਸ ਵੇਲੇ ਪਾਰਟੀ ਕੋਲ 44 ਸੀਟਾਂ ਸਨ, ਜਦੋਂ ਕਿ ਸੱਤਾਧਾਰੀ ਐਨਡੀਪੀ ਕੋਲ 47 ਅਤੇ ਬੀ.ਸੀ. ਗ੍ਰੀਨਜ਼ ਕੋਲ ਦੋ ਸੀਟਾਂ ਸਨ। ਕੰਜ਼ਰਵੇਟਿਵਾਂ ਲਈ ਸਰਕਾਰ ਬਣਾਉਣ ਦਾ ਰਾਹ ਬਿਲਕੁਲ ਨੇੜੇ ਲੱਗ ਰਿਹਾ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਿਆ, ਨਿੱਜੀ ਹੰਕਾਰ ਅਤੇ ਸਿਆਸੀ ਹਿੱਤ ਆਪਸ ਵਿੱਚ ਟਕਰਾਉਣ ਲੱਗੇ। ਸਾਲ ਦੇ ਖ਼ਤਮ ਹੁੰਦਿਆਂ ਪਾਰਟੀ ਕੋਲ ਸਿਰਫ਼ 39 ਸੀਟਾਂ ਰਹਿ ਗਈਆਂ ਅਤੇ ਬਾਕੀ 5 ਵਿਧਾਇਕ ਪਾਰਟੀ ਛੱਡ ਕੇ ਆਜ਼ਾਦ ਹੋ ਗਏ।
ਇਸ ਸਾਰੇ ਕਲੇਸ਼ ਦੀ ਜੜ੍ਹ ਪਾਰਟੀ ਦੇ ਸਾਬਕਾ ਆਗੂ ਜੌਨ ਰਸਟੈਡ ਦੀ ਕਾਰਜਸ਼ੈਲੀ ਨੂੰ ਮੰਨਿਆ ਜਾ ਰਿਹਾ ਹੈ। ਪੀਸ ਰਿਵਰ ਨਾਰਥ ਤੋਂ ਵਿਧਾਇਕ ਜੌਰਡਨ ਕੀਲੀ ਨੇ ਇੱਕ ਇੰਟਰਵਿਊ ਦੌਰਾਨ ਰਸਟੈਡ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜੌਨ ਰਸਟੈਡ ਨੇ ਭਾਵੇਂ ਵਿਚਾਰਾਂ ਦੀ ਆਜ਼ਾਦੀ ਦਾ ਨਾਅਰਾ ਦਿੱਤਾ ਸੀ, ਪਰ ਅਸਲ ਵਿੱਚ ਜਦੋਂ ਵੀ ਕਿਸੇ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ, ਉਨ੍ਹਾਂ ਨੇ ਤੁਰੰਤ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਰਾਹ ਅਪਣਾਇਆ। ਇਸੇ ਤਾਨਾਸ਼ਾਹੀ ਰਵੱਈਏ ਕਾਰਨ ਅੱਜ ਪੰਜ ਵਿਧਾਇਕ ਆਜ਼ਾਦ ਤੌਰ ‘ਤੇ ਵਿਚਰ ਰਹੇ ਹਨ ਅਤੇ ਪਾਰਟੀ ਆਪਣਾ ਆਗੂ ਗੁਆ ਚੁੱਕੀ ਹੈ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਸਟੀਵਰਟ ਪ੍ਰੈਸਟ ਨੇ ਇਸ ਸਥਿਤੀ ਨੂੰ ‘ਫਰੈਕਸ਼ਨਲ ਪਾਲੀਟਿਕਸ’ (ਧੜੇਬੰਦੀ ਵਾਲੀ ਸਿਆਸਤ) ਦਾ ਨਾਮ ਦਿੱਤਾ ਹੈ, ਜਿੱਥੇ ਪਾਰਟੀ ਦੇ ਅੰਦਰ ਲਗਾਤਾਰ ਵੰਡੀਆਂ ਪੈਂਦੀਆਂ ਰਹਿੰਦੀਆਂ ਹਨ।
ਸਿਆਸੀ ਮਾਹਰਾਂ ਅਨੁਸਾਰ ਇਸ ਸੰਕਟ ਦੀ ਸ਼ੁਰੂਆਤ 2024 ਦੀਆਂ ਚੋਣਾਂ ਵੇਲੇ ਹੀ ਹੋ ਗਈ ਸੀ ਜਦੋਂ ਬੀ.ਸੀ. ਯੂਨਾਈਟਿਡ ਪਾਰਟੀ ਦੇ ਭੰਗ ਹੋਣ ਤੋਂ ਬਾਅਦ ਰਸਟੈਡ ਨੇ ਉਨ੍ਹਾਂ ਦੇ ਕਈ ਉਮੀਦਵਾਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ। ਵਿਧਾਇਕ ਡੱਲਾਸ ਬ੍ਰੋਡੀ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਪਾਰਟੀ ਆਪਣੀ ਮੂਲ ਕੰਜ਼ਰਵੇਟਿਵ ਵਿਚਾਰਧਾਰਾ ਤੋਂ ਭਟਕ ਕੇ ਖੱਬੇ ਪੱਖ ਵੱਲ ਚਲੀ ਗਈ, ਜਿਸ ਕਾਰਨ ਪੁਰਾਣੇ ਅਤੇ ਨਵੇਂ ਮੈਂਬਰਾਂ ਵਿਚਾਲੇ ਵਿਚਾਰਾਂ ਦਾ ਪਾੜਾ ਵਧ ਗਿਆ। ਮਾਰਚ ਵਿੱਚ ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਬ੍ਰੋਡੀ ਨੇ ਰਿਹਾਇਸ਼ੀ ਸਕੂਲਾਂ (ਰੈਜ਼ੀਡੈਂਸ਼ੀਅਲ ਸਕੂਲਜ਼) ਵਿੱਚ ਬੱਚਿਆਂ ਦੀਆਂ ਕਬਰਾਂ ਬਾਰੇ ਵਿਵਾਦਤ ਸੋਸ਼ਲ ਮੀਡੀਆ ਪੋਸਟ ਪਾਈ ਅਤੇ ਰਸਟੈਡ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਇਸ ਦੇ ਵਿਰੋਧ ਵਿੱਚ ਤਾਰਾ ਆਰਮਸਟ੍ਰਾਂਗ ਅਤੇ ਜੌਰਡਨ ਕੀਲੀ ਨੇ ਵੀ ਪਾਰਟੀ ਛੱਡ ਦਿੱਤੀ।
ਇਨ੍ਹਾਂ ਬਾਗੀ ਵਿਧਾਇਕਾਂ ਨੇ ‘ਵਨ ਬੀ.ਸੀ.’ ਨਾਮ ਦੀ ਇੱਕ ਕੱਟੜ ਸੱਜੇ-ਪੱਖੀ ਪਾਰਟੀ ਬਣਾਈ ਅਤੇ ਵਿਧਾਨ ਸਭਾ ਵਿੱਚ ਕਈ ਵਿਵਾਦਤ ਬਿੱਲ ਪੇਸ਼ ਕੀਤੇ। ਇਨ੍ਹਾਂ ਬਿੱਲਾਂ ਵਿੱਚ ਸਰਕਾਰੀ ਇਮਾਰਤਾਂ ‘ਤੇ ਲੈਂਡ ਐਕਨੌਲੇਜਮੈਂਟ (ਜ਼ਮੀਨੀ ਮਾਨਤਾ) ਨੂੰ ਰੋਕਣ, ਰੀਕਨਸੀਲੀਏਸ਼ਨ (ਸੁਲ੍ਹਾ-ਸਫ਼ਾਈ) ਦੇ ਝੰਡਿਆਂ ‘ਤੇ ਪਾਬੰਦੀ ਲਗਾਉਣ ਅਤੇ ‘ਫ੍ਰੀਡਮ ਕਾਨਵੋਏ’ ਦੇ ਸਨਮਾਨ ਵਿੱਚ ਜਨਤਕ ਛੁੱਟੀ ਐਲਾਨਣ ਵਰਗੀਆਂ ਮੰਗਾਂ ਸ਼ਾਮਲ ਸਨ। ਹਾਲਾਂਕਿ ਇਨ੍ਹਾਂ ਕਦਮਾਂ ਦੀ ਨਸਲਵਾਦੀ ਕਹਿ ਕੇ ਆਲੋਚਨਾ ਹੋਈ, ਪਰ ਤਾਰਾ ਆਰਮਸਟ੍ਰਾਂਗ ਨੇ ਇਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ਼ ਉਹੀ ਬੋਲ ਰਹੇ ਹਨ ਜੋ ਉਨ੍ਹਾਂ ਦੇ ਇਲਾਕੇ ਦੇ ਲੋਕ ਚਾਹੁੰਦੇ ਹਨ। ਉਨ੍ਹਾਂ ਅਨੁਸਾਰ ਜੇਕਰ ਤੁਹਾਨੂੰ ਕੋਈ ਨਸਲਵਾਦੀ ਨਹੀਂ ਕਹਿ ਰਿਹਾ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਸਹੀ ਨਹੀਂ ਕਰ ਰਹੇ।
ਸਾਲ ਦੇ ਅੰਧ ਵਿੱਚ ਰਸਟੈਡ ਦਾ ਟਕਰਾਅ ਪਾਰਟੀ ਦੇ ਉਦਾਰਵਾਦੀ ਧੜੇ ਨਾਲ ਹੋਇਆ। ਉਨ੍ਹਾਂ ਨੇ ਸਰੀ-ਕਲੋਵਰਡੇਲ ਦੀ ਵਿਧਾਇਕ ਐਲੀਨੋਰ ਸਟੁਰਕੋ ‘ਤੇ ਪਾਰਟੀ ਦੀਆਂ ਗੁਪਤ ਗੱਲਾਂ ਲੀਕ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ, ਜਿਸ ਤੋਂ ਬਾਅਦ ਐਮੇਲੀਆ ਬੋਲਟਬੀ ਨੇ ਵੀ ਅਸਤੀਫ਼ਾ ਦੇ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ‘ਵਨ ਬੀ.ਸੀ.’ ਪਾਰਟੀ ਬਣਾਉਣ ਵਾਲੀਆਂ ਬ੍ਰੋਡੀ ਅਤੇ ਆਰਮਸਟ੍ਰਾਂਗ ਵਿਚਕਾਰ ਵੀ ਜਲਦੀ ਹੀ ਫੁੱਟ ਪੈ ਗਈ। ਇਹ ਝਗੜਾ ਇੱਕ ਸਟਾਫ਼ ਮੈਂਬਰ ਵੱਲੋਂ ਕੀਤੀਆਂ ਗਈਆਂ ਕਥਿਤ ਤੌਰ ‘ਤੇ ਯਹੂਦੀ ਵਿਰੋਧੀ (ਐਂਟੀ-ਸੈਮੀਟਿਕ) ਟਿੱਪਣੀਆਂ ਨੂੰ ਲੈ ਕੇ ਹੋਇਆ। ਇਸ ਕਲੇਸ਼ ਤੋਂ ਬਾਅਦ ਹੁਣ ਇਹ ਸਾਰੇ ਵਿਧਾਇਕ ਇਕੱਲੇ ਰਹਿ ਗਏ ਹਨ ਅਤੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਇੱਕ ਅੰਤਰਿਮ ਲੀਡਰ ਟ੍ਰੈਵਰ ਹੈਲਫੋਰਡ ਦੇ ਭਰੋਸੇ ਚੱਲ ਰਹੀ ਹੈ।
ਇਹ ਸਾਰਾ ਸਾਲ ਇਨ੍ਹਾਂ ਆਜ਼ਾਦ ਵਿਧਾਇਕਾਂ ਲਈ ਬਹੁਤ ਤਣਾਅਪੂਰਨ ਰਿਹਾ। ਜਿੱਥੇ ਐਲੀਨੋਰ ਸਟੁਰਕੋ ਨੇ ਦੌੜ ਕੇ ਆਪਣਾ ਮਾਨਸਿਕ ਤਣਾਅ ਘੱਟ ਕੀਤਾ, ਉੱਥੇ ਜੌਰਡਨ ਕੀਲੀ ਨੇ ਆਪਣੇ ਖੇਤਾਂ ਵਿੱਚ ਟਰੈਕਟਰ ਚਲਾ ਕੇ ਅਤੇ ਪਸ਼ੂਆਂ ਨੂੰ ਚਾਰਾ ਪਾ ਕੇ ਸਕੂਨ ਲੱਭਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਕੰਜ਼ਰਵੇਟਿਵ ਪਾਰਟੀ ਦੀ ਅਗਲੀ ਲੀਡਰਸ਼ਿਪ ਚੋਣ ‘ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਕੋਈ ਵੀ ਵਿਧਾਇਕ ਪਾਰਟੀ ਵਿੱਚ ਵਾਪਸੀ ਤੋਂ ਇਨਕਾਰ ਨਹੀਂ ਕਰ ਰਿਹਾ, ਪਰ ਹਰ ਇੱਕ ਦੀ ਆਪਣੀ ਸ਼ਰਤ ਹੈ। ਐਮੇਲੀਆ ਬੋਲਟਬੀ ਪੁਰਾਣੀ ਲੀਡਰਸ਼ਿਪ ਰਿਵਿਊ ਦੀ ਜਾਂਚ ਚਾਹੁੰਦੀ ਹੈ, ਜਦਕਿ ਕੀਲੀ ਪਾਰਟੀ ਨੂੰ ‘ਲਿਬਰਲ 2.0’ ਬਣਨ ਤੋਂ ਰੋਕਣਾ ਚਾਹੁੰਦਾ ਹੈ।
ਸਟੀਵਰਟ ਪ੍ਰੈਸਟ ਮੁਤਾਬਕ ਆਉਣ ਵਾਲੀ ਲੀਡਰਸ਼ਿਪ ਰੇਸ ਪਾਰਟੀ ਲਈ ਇੱਕ ਮੌਕਾ ਹੈ ਕਿ ਉਹ ਆਪਣੀ ਅਸਲੀ ਪਛਾਣ ਤੈਅ ਕਰੇ। ਇਹ ਚੋਣ ਦੱਸੇਗੀ ਕਿ ਬੀ.ਸੀ. ਕੰਜ਼ਰਵੇਟਿਵ ਮੈਂਬਰ ਕਿਸ ਤਰ੍ਹਾਂ ਦੀ ਪਾਰਟੀ ਚਾਹੁੰਦੇ ਹਨ ਅਤੇ ਭਵਿੱਖ ਵਿੱਚ ਕਿਸ ਕਿਸਮ ਦੇ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ। ਸੂਬੇ ਦੇ ਲੋਕਾਂ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੋਈ ਨਵਾਂ ਆਗੂ ਇਨ੍ਹਾਂ ਖਿੰਡੇ ਹੋਏ ਮੈਂਬਰਾਂ ਨੂੰ ਮੁੜ ਇਕੱਠਾ ਕਰ ਸਕੇਗਾ ਜਾਂ ਬੀ.ਸੀ. ਦੀ ਸਿਆਸਤ ਵਿੱਚ ਇਹ ਵੰਡੀਆਂ ਹੋਰ ਡੂੰਘੀਆਂ ਹੋਣਗੀਆਂ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਲਈ ਆਪਣਾ ਘਰ ਸੰਭਾਲਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। This report was written by Divroop Kaur as part of the Local Journalism Initiative.

