ਸਰੀ, (ਦਿਵਰੂਪ ਕੌਰ): ਬੀ.ਸੀ. ਹਾਈਵੇਅ ਪੈਟਰੋਲ ਨੇ ਕੋਕੀਹਾਲਾ ਹਾਈਵੇਅ ‘ਤੇ ਹੋਏ ਇੱਕ ਬੇਹੱਦ “ਰਹੱਸਮਈ ਹਾਦਸੇ” ਨੂੰ ਸੁਲਝਾਉਣ ਲਈ ਜਨਤਾ ਤੋਂ ਮਦਦ ਦੀ ਮੰਗ ਕੀਤੀ ਹੈ। ਇਸ ਮੰਦਭਾਗੀ ਘਟਨਾ ਵਿੱਚ ਵੈਨਕੂਵਰ ਦੀ ਇੱਕ 21 ਸਾਲਾ ਮੁਟਿਆਰ ਦੀ ਜਾਨ ਚਲੀ ਗਈ ਹੈ। ਪੁਲਿਸ ਅਨੁਸਾਰ ਇਹ ਹਾਦਸਾ 27 ਦਸੰਬਰ ਨੂੰ ਉਸ ਵੇਲੇ ਵਾਪਰਿਆ ਜਦੋਂ ਲੜਕੀ ਆਪਣੀ ਚਿੱਟੇ ਰੰਗ ਦੀ ਟੋਇਟਾ ਯਾਰਿਸ (Toyota Yaris) ਕਾਰ ਵਿੱਚ ਸਵਾਰ ਹੋ ਕੇ ਦੱਖਣ ਵੱਲ (southbound) ਜਾ ਰਹੀ ਸੀ। ਹੋਪ (Hope) ਨੇੜੇ ਸੋਵਾਕੁਆ ਚੇਨ-ਅੱਪ ਖੇਤਰ ਅਤੇ ਓਥੇਲੋ ਰੋਡ ਦੇ ਵਿਚਕਾਰ ਉਸਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਦੋ ਦਿਨਾਂ ਬਾਅਦ ਉਸਨੇ ਦਮ ਤੋੜ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਕਾਰਪੋਰਲ ਮਾਈਕਲ ਮੈਕਲਾਫਲਿਨ ਨੇ ਇਸ ਘਟਨਾ ਨੂੰ ਕਾਫੀ ਹੈਰਾਨੀਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਦਿਨ-ਦਿਹਾੜੇ ਵਾਪਰਿਆ ਸੀ, ਪਰ ਅਜੇ ਤੱਕ ਪੁਲਿਸ ਇੱਕ ਵੀ ਅਜਿਹਾ ਗਵਾਹ ਨਹੀਂ ਲੱਭ ਸਕੀ ਜਿਸ ਨੇ ਇਸ ਕਾਰ ਨੂੰ ਸੜਕ ਤੋਂ ਹੇਠਾਂ ਉਤਰਦੇ ਦੇਖਿਆ ਹੋਵੇ। ਮ੍ਰਿਤਕ ਲੜਕੀ ਹਸਪਤਾਲ ਵਿੱਚ ਇੰਨੀ ਗੰਭੀਰ ਹਾਲਤ ਵਿੱਚ ਸੀ ਕਿ ਉਹ ਪੁਲਿਸ ਨੂੰ ਕੁਝ ਵੀ ਦੱਸਣ ਦੇ ਯੋਗ ਨਹੀਂ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਸਿਰਫ਼ ਇੱਕ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਅਪਰਾਧਿਕ ਕਾਰਨ ਤਾਂ ਨਹੀਂ ਸੀ। ਪੁਲਿਸ ਅਨੁਸਾਰ ਇਹ ਘਟਨਾ 27 ਦਸੰਬਰ ਨੂੰ ਸਵੇਰੇ 11:50 ਵਜੇ ਤੋਂ ਦੁਪਹਿਰ 12:20 ਵਜੇ ਦੇ ਵਿਚਕਾਰ ਵਾਪਰੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਉਸ ਚਿੱਟੇ ਰੰਗ ਦੀ ਟੋਇਟਾ ਯਾਰਿਸ ਨੂੰ ਸੜਕ ਤੋਂ ਹੇਠਾਂ ਡਿੱਗਣ ਤੋਂ ਪਹਿਲਾਂ ਦੇਖਿਆ ਹੋਵੇ, ਜਾਂ ਕਿਸੇ ਕੋਲ ਉਸ ਸਮੇਂ ਦੀ ਡੈਸ਼ਕੈਮ ਫੁਟੇਜ ਹੋਵੇ, ਤਾਂ ਉਹ ਤੁਰੰਤ ਬੀ.ਸੀ. ਹਾਈਵੇਅ ਪੈਟਰੋਲ-ਚਿਲੀਵੈਕ ਨਾਲ 604-702-4039 ‘ਤੇ ਸੰਪਰਕ ਕਰੇ। ਜਾਣਕਾਰੀ ਦਿੰਦੇ ਸਮੇਂ ਫਾਈਲ ਨੰਬਰ (1501) 2025-54575 ਦਾ ਹਵਾਲਾ ਦੇਣਾ ਜ਼ਰੂਰੀ ਹੈ। ਹੁਣ ਤੱਕ ਕਿਸੇ ਵੀ ਗਵਾਹ ਦਾ ਸਾਹਮਣੇ ਨਾ ਆਉਣਾ ਪੁਲਿਸ ਲਈ ਜਾਂਚ ਵਿੱਚ ਵੱਡੀ ਰੁਕਾਵਟ ਬਣਿਆ ਹੋਇਆ ਹੈ। This report was written by Divroop Kaur as part of the Local Journalism Initiative.

