ਟਰੰਪ ਵੱਲੋਂ ਕੈਨੇਡੀ ਪਰਿਵਾਰ ‘ਤੇ ਤਿੱਖੇ ਹਮਲੇ, ਜੌਨ ਐੱਫ. ਕੈਨੇਡੀ ਦੀ ਪੋਤੀ ਤਾਤਿਆਨਾ ਦੇ ਦੇਹਾਂਤ ‘ਤੇ ਵੀ ਸਾਧੀ ਚੁੱਪ
ਸਰੀ, (ਦਿਵਰੂਪ ਕੌਰ): ਅਮਰੀਕੀ ਰਾਜਨੀਤੀ ਵਿੱਚ ਇੱਕ ਵਾਰ ਫਿਰ ‘ਟਰੰਪ ਬਨਾਮ ਕੈਨੇਡੀ’ ਪਰਿਵਾਰ ਦਾ ਵਿਵਾਦ ਭਖ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਸਥਿਤ ਮਸ਼ਹੂਰ ‘ਕੈਨੇਡੀ ਸੈਂਟਰ’ ਦਾ ਨਾਮ ਬਦਲਣ ਦੇ ਆਪਣੇ ਫੈਸਲੇ ‘ਤੇ ਅੜੇ ਰਹਿਣ ਦਾ ਸੰਕੇਤ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟਰੰਪ ਨੇ ਇਹ ਜ਼ਿੱਦ ਉਸੇ ਦਿਨ ਦੁਹਰਾਈ, ਜਿਸ ਦਿਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਦੀ ਪੋਤੀ ਤਾਤਿਆਨਾ ਸ਼ਲੋਸਬਰਗ ਦੀ ਮੌਤ ਦੀ ਖ਼ਬਰ ਸਾਹਮਣੇ ਆਈ। 35 ਸਾਲਾ ਤਾਤਿਆਨਾ ਲੰਬੇ ਸਮੇਂ ਤੋਂ ਬਲੱਡ ਕੈਂਸਰ (ਲਿਊਕੇਮੀਆ) ਨਾਲ ਜੂਝ ਰਹੀ ਸੀ। ਇਸ ਘਟਨਾ ਨੇ ਅਮਰੀਕੀ ਜਨਤਾ ਅਤੇ ਕਲਾ ਜਗਤ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਦੀ ਧੀ ਕੈਰੋਲੀਨ ਕੈਨੇਡੀ ਦੀ ਬੇਟੀ ਤਾਤਿਆਨਾ ਸ਼ਲੋਸਬਰਗ ਦੀ ਮੰਗਲਵਾਰ ਨੂੰ ਮੌਤ ਹੋ ਗਈ। ਜੌਨ ਐੱਫ. ਕੈਨੇਡੀ ਲਾਇਬ੍ਰੇਰੀ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ। ਤਾਤਿਆਨਾ ਇੱਕ ਉੱਘੀ ਪੱਤਰਕਾਰ ਸੀ, ਜਿਸ ਨੇ ਵਾਤਾਵਰਣ ਦੀ ਸੰਭਾਲ ਲਈ ਕਾਫ਼ੀ ਕੰਮ ਕੀਤਾ ਸੀ। ਉਸ ਦੀ ਮੌਤ ‘ਤੇ ਜੌਨ ਐੱਫ. ਕੈਨੇਡੀ ਦੀ ਭਤੀਜੀ ਅਤੇ ਮਸ਼ਹੂਰ ਪੱਤਰਕਾਰ ਮਾਰੀਆ ਸ਼੍ਰੀਵਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ “ਖੁਸ਼ੀਆਂ ਅਤੇ ਰੌਸ਼ਨੀ ਦਾ ਸਰੋਤ” ਦੱਸਿਆ। ਤਾਤਿਆਨਾ ਨੇ ਪਿਛਲੇ ਸਾਲ ਨਵੰਬਰ ਵਿੱਚ ਹੀ ‘ਨਿਊ ਯਾਰਕਰ’ ਵਿੱਚ ਲਿਖੇ ਇੱਕ ਲੇਖ ਰਾਹੀਂ ਖੁਲਾਸਾ ਕੀਤਾ ਸੀ ਕਿ ਉਹ ਜਾਨਲੇਵਾ ਕੈਂਸਰ ਨਾਲ ਜੂਝ ਰਹੀ ਹੈ। ਜਿੱਥੇ ਇੱਕ ਪਾਸੇ ਪੂਰਾ ਦੇਸ਼ ਕੈਨੇਡੀ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਸੀ, ਉੱਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਰਾਤ ਨੂੰ ਸੋਸ਼ਲ ਮੀਡੀਆ ‘ਤੇ ਕੈਨੇਡੀ ਸੈਂਟਰ ਦਾ ਨਾਮ ਬਦਲਣ ਦੇ ਪੱਖ ਵਿੱਚ ਕਈ ਸੰਦੇਸ਼ ਸਾਂਝੇ ਕੀਤੇ। ਟਰੰਪ ਨੇ ਕੈਨੇਡੀ ਪਰਿਵਾਰ ‘ਤੇ ਨਿਸ਼ਾਨਾ ਸਾਧਦੇ ਹੋਏ ਇੱਕ ਪੋਸਟ ਰੀ-ਪੋਸਟ ਕੀਤੀ ਜਿਸ ਵਿੱਚ ਲਿਖਿਆ ਸੀ, “ਟਰੰਪ ਪਰਿਵਾਰ ਹਮੇਸ਼ਾ ਕਲਾ ਦਾ ਸਮਰਥਕ ਰਿਹਾ ਹੈ, ਜਦਕਿ ਕੈਨੇਡੀ ਪਰਿਵਾਰ ਸਿਰਫ਼ ਆਪਣਾ ਹੀ ਸਮਰਥਕ ਹੈ।” ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਕੈਨੇਡੀ ਪਰਿਵਾਰ ਇਸ ਸੈਂਟਰ ਲਈ ਕੋਈ ਫੰਡ ਇਕੱਠਾ ਨਹੀਂ ਕਰਦਾ ਅਤੇ ਨਾ ਹੀ ਉੱਥੇ ਕਦੇ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਦੱਖਣੀ ਕੈਰੋਲੀਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਜਿਸ ਵਿੱਚ ਨਾਮ ਬਦਲਣ ਦੀ ਗੱਲ ਕਹੀ ਗਈ ਸੀ।
ਇਸ ਸਿਆਸੀ ਖਿੱਚੋਤਾਣ ਦਾ ਸਭ ਤੋਂ ਵੱਧ ਅਸਰ ਕਲਾ ਜਗਤ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡੀ ਸੈਂਟਰ ਦੇ ਨਾਮ ਨਾਲ ਡੋਨਾਲਡ ਟਰੰਪ ਦਾ ਨਾਮ ਜੋੜੇ ਜਾਣ ਦੇ ਵਿਰੋਧ ਵਿੱਚ ਕਈ ਕਲਾਕਾਰਾਂ ਨੇ ਉੱਥੇ ਹੋਣ ਵਾਲੇ ਆਪਣੇ ਪ੍ਰੋਗਰਾਮ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਤਰ੍ਹਾਂ ਲੋਕ ਗਾਇਕਾ ਕ੍ਰਿਸਟੀ ਲੀ ਨੇ ਵੀ 14 ਜਨਵਰੀ ਨੂੰ ਹੋਣ ਵਾਲੇ ਆਪਣੇ ਸ਼ੋਅ ਨੂੰ ਰੱਦ ਕਰਦਿਆਂ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਮੈਂ ਕੋਈ ਬਹੁਤ ਸ਼ਕਤੀਸ਼ਾਲੀ ਇਨਸਾਨ ਨਹੀਂ ਹਾਂ, ਮੈਂ ਅਲਾਬਾਮਾ ਦੀ ਇੱਕ ਸਾਧਾਰਨ ਗਾਇਕਾ ਹਾਂ ਜੋ ਆਪਣੀ ਰੋਜ਼ੀ-ਰੋਟੀ ਲਈ ਗੀਤ ਗਾਉਂਦੀ ਹੈ। ਸ਼ੋਅ ਰੱਦ ਕਰਨ ਨਾਲ ਮੇਰੇ ਘਰ ਦੇ ਗੁਜ਼ਾਰੇ ‘ਤੇ ਅਸਰ ਪੈਂਦਾ ਹੈ, ਪਰ ਮੇਰੇ ਲਈ ਆਪਣੀ ਇਮਾਨਦਾਰੀ ਗੁਆਉਣ ਦੀ ਕੀਮਤ ਕਿਸੇ ਵੀ ਚੈੱਕ ਤੋਂ ਕਿਤੇ ਵੱਧ ਹੈ।” ਕਲਾਕਾਰਾਂ ਦਾ ਮੰਨਣਾ ਹੈ ਕਿ ਕੈਨੇਡੀ ਸੈਂਟਰ ਵਰਗੀ ਸੰਸਥਾ ਦਾ ਸਿਆਸੀਕਰਨ ਕਰਨਾ ਕਲਾ ਅਤੇ ਇਤਿਹਾਸ ਦੇ ਅਪਮਾਨ ਵਾਂਗ ਹੈ। ਫਿਲਹਾਲ ਟਰੰਪ ਪ੍ਰਸ਼ਾਸਨ ਆਪਣੇ ਫੈਸਲੇ ‘ਤੇ ਅਟੱਲ ਦਿਖਾਈ ਦੇ ਰਿਹਾ ਹੈ, ਜਦਕਿ ਕੈਨੇਡੀ ਪਰਿਵਾਰ ਇਸ ਵੇਲੇ ਨਿੱਜੀ ਸੋਗ ਵਿੱਚ ਡੁੱਬਿਆ ਹੋਇਆ ਹੈ। This report was written by Divroop Kaur as part of the Local Journalism Initiative.

