Sunday, May 10, 2026

ਮੈਟਰੋ ਵੈਨਕੂਵਰ ’ਚ ਦੋ ਦਹਾਕਿਆਂ ਬਾਅਦ ਘਰਾਂ ਦੀ ਵਿਕਰੀ ਸਭ ਤੋਂ ਹੇਠਲੇ ਪੱਧਰ ’ਤੇ

2025 ਰਿਹਾ ਸਭ ਤੋਂ ਮੰਦਾ, ਘਰਾਂ ਦੀਆਂ ਕੀਮਤਾਂ ‘ਚ 4.5 ਫ਼ੀਸਦੀ ਦੀ ਆਈ ਗਿਰਾਵਟ
ਸਰੀ, (ਦਿਵਰੂਪ ਕੌਰ): ਮੈਟਰੋ ਵੈਨਕੂਵਰ ਦੇ ਰੀਅਲ ਅਸਟੇਟ ਬਾਜ਼ਾਰ ਲਈ ਸਾਲ 2025 ਇਤਿਹਾਸਕ ਮੰਦੀ ਦਾ ਸਾਲ ਸਾਬਤ ਹੋਇਆ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ‘ਗ੍ਰੇਟਰ ਵੈਨਕੂਵਰ ਰੀਅਲਟਰਜ਼’ (GVR) ਦੀ ਸਾਲਾਨਾ ਰਿਪੋਰਟ ਅਨੁਸਾਰ, ਪਿਛਲੇ ਸਾਲ ਹੋਈ ਘਰਾਂ ਦੀ ਵਿਕਰੀ ਪਿਛਲੇ ਦੋ ਦਹਾਕਿਆਂ (20 ਸਾਲਾਂ) ਵਿੱਚ ਸਭ ਤੋਂ ਘੱਟ ਰਹੀ ਹੈ। ਰਿਪੋਰਟ ਮੁਤਾਬਕ ਮਲਟੀਪਲ ਲਿਸਟਿੰਗ ਸਰਵਿਸ (MLS) ‘ਤੇ ਦਰਜ ਅੰਕੜੇ ਦਰਸਾਉਂਦੇ ਹਨ ਕਿ ਸਾਲ ਦੇ ਅੰਤ ਤੱਕ ਘਰਾਂ ਦੀ ਵਿਕਰੀ ਵਿੱਚ 10 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2025 ਵਿੱਚ ਕੁੱਲ 23,800 ਰਿਹਾਇਸ਼ੀ ਇਕਾਈਆਂ ਦੀ ਵਿਕਰੀ ਹੋਈ, ਜੋ ਕਿ 2024 ਵਿੱਚ ਹੋਈਆਂ 26,561 ਵਿਕਰੀਆਂ ਦੇ ਮੁਕਾਬਲੇ 10.4 ਫ਼ੀਸਦੀ ਘੱਟ ਹੈ। ਜੇਕਰ ਇਸਦੀ ਤੁਲਨਾ 2023 ਨਾਲ ਕੀਤੀ ਜਾਵੇ, ਤਾਂ ਇਹ ਗਿਰਾਵਟ 9.3 ਫ਼ੀਸਦੀ ਬਣਦੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ 2025 ਦੀ ਵਿਕਰੀ ਪਿਛਲੇ 10 ਸਾਲਾਂ ਦੀ ਸਾਲਾਨਾ ਔਸਤ (31,625 ਵਿਕਰੀਆਂ) ਨਾਲੋਂ ਲਗਭਗ 24.7 ਫ਼ੀਸਦੀ ਘੱਟ ਰਹੀ।
ਜੀ.ਵੀ.ਆਰ. ਦੇ ਮੁੱਖ ਅਰਥ ਸ਼ਾਸਤਰੀ ਐਂਡਰਿਊ ਲਿਸ ਨੇ ਇਸ ਸਥਿਤੀ ਨੂੰ ਬੇਹੱਦ ਅਹਿਮ ਦੱਸਦਿਆਂ ਕਿਹਾ ਕਿ ਭਾਵੇਂ ਵਿਕਰੀ ਦਾ ਅੰਕੜਾ ਬਹੁਤ ਘੱਟ ਰਿਹਾ, ਪਰ ਬਾਜ਼ਾਰ ਵਿੱਚ ਘਰਾਂ ਦੀ ਆਮਦ (Inventory) ਵਿੱਚ ਕੋਈ ਘਾਟ ਨਹੀਂ ਸੀ। ਵਿਕਰੇਤਾਵਾਂ ਨੇ 1990 ਦੇ ਦਹਾਕੇ ਦੇ ਅੱਧ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਵਿੱਚ ਘਰ ਵੇਚਣ ਲਈ ਪੇਸ਼ ਕੀਤੇ। ਸਾਲ 2025 ਵਿੱਚ ਕੁੱਲ 65,335 ਪ੍ਰਾਪਰਟੀਆਂ ਵਿਕਣ ਲਈ ਲਿਸਟ ਹੋਈਆਂ, ਜੋ 2024 ਦੇ ਮੁਕਾਬਲੇ 8.2 ਫ਼ੀਸਦੀ ਅਤੇ 2023 ਦੇ ਮੁਕਾਬਲੇ 28.4 ਫ਼ੀਸਦੀ ਵੱਧ ਸਨ। ਇੱਥੋਂ ਤੱਕ ਕਿ 2008 ਵਿੱਚ ਬਣਿਆ ਪਿਛਲਾ ਰਿਕਾਰਡ ਵੀ ਇਸ ਵਾਰ 1,000 ਤੋਂ ਵੱਧ ਲਿਸਟਿੰਗਾਂ ਨਾਲ ਟੁੱਟ ਗਿਆ।
ਮਾਹਿਰਾਂ ਅਨੁਸਾਰ ਇਸ ਮੰਦੀ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਨਾਲ ਵਧਿਆ ਵਪਾਰਕ ਤਣਾਅ ਰਿਹਾ ਹੈ। ਐਂਡਰਿਊ ਲਿਸ ਨੇ ਦੱਸਿਆ ਕਿ ਸਾਲ 2024 ਦੀ ਸ਼ੁਰੂਆਤ ਵਿੱਚ ਹੀ ਇਸ ਖ਼ਤਰੇ ਦੀ ਭਵਿੱਖਬਾਣੀ ਕੀਤੀ ਗਈ ਸੀ, ਜੋ ਕਿ ਬਦਕਿਸਮਤੀ ਨਾਲ 2025 ਵਿੱਚ ਸੱਚ ਸਾਬਤ ਹੋਈ। ਵਪਾਰਕ ਤਣਾਅ ਕਾਰਨ ਨਿਵੇਸ਼ਕਾਂ ਅਤੇ ਆਮ ਖਰੀਦਦਾਰਾਂ ਦੇ ਮਨ ਵਿੱਚ ਡਰ ਪੈਦਾ ਹੋਇਆ, ਜਿਸਦਾ ਸਿੱਧਾ ਅਸਰ ਘਰਾਂ ਦੀ ਵਿਕਰੀ ਅਤੇ ਕੀਮਤਾਂ ‘ਤੇ ਪਿਆ।
ਘਰਾਂ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਐਮ.ਐਲ.ਐਸ. ਹੋਮ ਪ੍ਰਾਈਸ ਇੰਡੈਕਸ ਅਨੁਸਾਰ ਦਸੰਬਰ 2024 ਦੇ ਮੁਕਾਬਲੇ ਕੀਮਤਾਂ ਵਿੱਚ 4.5 ਫ਼ੀਸਦੀ ਦੀ ਕਮੀ ਆਈ ਹੈ। ਇਸ ਵੇਲੇ ਮੈਟਰੋ ਵੈਨਕੂਵਰ ਵਿੱਚ ਰਿਹਾਇਸ਼ੀ ਸੰਪਤੀ ਦੀ ਬੈਂਚਮਾਰਕ ਕੀਮਤ ਲਗਭਗ $1,114,800 ਹੈ। ਕੀਮਤਾਂ ਵਿੱਚ ਆਈ ਇਸ ਮਾਮੂਲੀ ਕਮੀ ਨੇ ਉਨ੍ਹਾਂ ਲੋਕਾਂ ਲਈ ਉਮੀਦ ਦੀ ਕਿਰਨ ਜਗਾਈ ਹੈ ਜੋ ਲੰਬੇ ਸਮੇਂ ਤੋਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਸਨ।
ਰਿਪੋਰਟ ਦੇ ਅੰਤ ਵਿੱਚ ਐਂਡਰਿਊ ਲਿਸ ਨੇ ਸਾਲ 2026 ਲਈ ਕੁਝ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਸਾਲ ਦੇ ਦੂਜੇ ਅੱਧ ਵਿੱਚ ਖਪਤਕਾਰਾਂ ਦੇ ਭਰੋਸੇ ਵਿੱਚ ਕੁਝ ਸੁਧਾਰ ਹੋਇਆ ਹੈ ਅਤੇ ਵਪਾਰਕ ਤਣਾਅ ਦਾ ਪ੍ਰਭਾਵ ਵੀ ਹੌਲੀ-ਹੌਲੀ ਘਟਦਾ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਜੋ ਲੋਕ 2026 ਵਿੱਚ ਘਰ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਲਈ ਹਾਲਾਤ ਸਾਜ਼ਗਾਰ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਹ ਹਾਲਾਤ ਮਾਰਕੀਟ ਵਿੱਚ ਮੰਗ ਨੂੰ ਵਧਾਉਣ ਵਿੱਚ ਸਫ਼ਲ ਹੋਣਗੇ ਜਾਂ ਨਹੀਂ। ਫਿਲਹਾਲ, ਸਾਲ 2025 ਨੂੰ ਵੈਨਕੂਵਰ ਦੇ ਰੀਅਲ ਅਸਟੇਟ ਇਤਿਹਾਸ ਵਿੱਚ ਸਭ ਤੋਂ ਵੱਧ ਚੁਣੌਤੀਪੂਰਨ ਸਾਲਾਂ ਵਿੱਚੋਂ ਇੱਕ ਵਜੋਂ ਯਾਦ ਰੱਖਿਆ ਜਾਵੇਗਾ। This report was written by Divroop Kaur as part of the Local Journalism Initiative.

Popular