ਸਰੀ, (ਬਰਾੜ ਭਗਤਾ ਭਾਈਕਾ): ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਚੱਲ ਰਹੇ ਫਿਰੌਤੀ ਅਤੇ ਗੋਲੀਬਾਰੀ ਦੇ ਦੌਰ ਦਰਮਿਆਨ ਪੁਲਿਸ ਨੂੰ ਇੱਕ ਅਹਿਮ ਸਫਲਤਾ ਹਾਸਲ ਹੋਈ ਹੈ। ਸਰੀ ਪੁਲਿਸ ਨੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਜਨਤਕ ਕਰਨ ਨਾਲ ਚੱਲ ਰਹੀ ਜਾਂਚ ਵਿੱਚ ਹੋਰ ਮਦਦ ਮਿਲ ਸਕਦੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਪੁਲਿਸ ਦੀ ਵਿਸ਼ੇਸ਼ ਟੀਮ ਫਿਰੌਤੀ ਦੀਆਂ ਧਮਕੀਆਂ ਵਾਲੇ ਇਲਾਕਿਆਂ ਵਿੱਚ ਗਸ਼ਤ ਕਰ ਰਹੀ ਸੀ।
ਪੁਲਿਸ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਤੜਕੇ ਵਾਪਰੀ। ਸਵੇਰੇ ਕਰੀਬ 3:50 ਵਜੇ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿੱਚ ਗਸ਼ਤ ਕਰ ਰਹੇ ਸਨ ਜਿਨ੍ਹਾਂ ਨੂੰ ਅਪਰਾਧੀਆਂ ਵੱਲੋਂ ਫਿਰੌਤੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ। ਜਦੋਂ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਲੋਡਿਡ ਹੈਂਡਗੰਨ (ਭਰਿਆ ਹੋਇਆ ਪਿਸਤੌਲ) ਬਰਾਮਦ ਹੋਇਆ। ਪੁਲਿਸ ਨੇ ਮੌਕੇ ‘ਤੇ ਹੀ ਗੱਡੀ ਚਲਾ ਰਹੇ ਹਰਸ਼ਦੀਪ ਸਿੰਘ ਅਤੇ ਉਸਦੇ ਨਾਲ ਬੈਠੇ ਹੰਸਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਗ੍ਰਿਫਤਾਰੀ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਰੀ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਅਤੇ ਜਨਤਕ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵਧ ਗਈਆਂ ਹਨ। ਇੱਕ ਭਰੇ ਹੋਏ ਪਿਸਤੌਲ ਦੀ ਬਰਾਮਦਗੀ ਨਾਲ ਸ਼ਾਇਦ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ ਹੈ।
ਇਹ ਗ੍ਰਿਫਤਾਰੀ “ਪ੍ਰੋਜੈਕਟ ਅਸ਼ੋਰੈਂਸ” ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਇਹ ਸਰੀ ਪੁਲਿਸ ਦੀ ਇੱਕ ਵਿਸ਼ੇਸ਼ ਪਹਿਲਕਦਮੀ ਹੈ ਜਿਸਦਾ ਮਕਸਦ ਕਾਰੋਬਾਰੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਜਦੋਂ ਤੋਂ ਸ਼ਹਿਰ ਵਿੱਚ ਫਿਰੌਤੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਹਨ, ਇਸ ਪ੍ਰੋਜੈਕਟ ਤਹਿਤ ਪੁਲਿਸ ਅਧਿਕਾਰੀ ਰਾਤ ਵੇਲੇ ਉਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਗਸ਼ਤ ਕਰਦੇ ਹਨ ਜਿੱਥੇ ਖਤਰਾ ਜ਼ਿਆਦਾ ਹੈ।
ਆਮ ਤੌਰ ‘ਤੇ ਪੁਲਿਸ ਦੋਸ਼ੀਆਂ ਦੀਆਂ ਤਸਵੀਰਾਂ ਉਦੋਂ ਜਾਰੀ ਕਰਦੀ ਹੈ ਜਦੋਂ ਉਨ੍ਹਾਂ ਨੂੰ ਜਨਤਾ ਤੋਂ ਹੋਰ ਜਾਣਕਾਰੀ ਦੀ ਲੋੜ ਹੁੰਦੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਦੋਵੇਂ ਨੌਜਵਾਨ ਹੋਰ ਵੀ ਕਈ ਘਟਨਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਇਨ੍ਹਾਂ ਬਾਰੇ ਲੋਕਾਂ ਕੋਲ ਅਹਿਮ ਜਾਣਕਾਰੀ ਹੋ ਸਕਦੀ ਹੈ। ਜਾਂਚ ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਫੋਟੋਆਂ ਦੇਖਣ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਨੇ ਇਨ੍ਹਾਂ ਨੂੰ ਕਿਸੇ ਸ਼ੱਕੀ ਗਤੀਵਿਧੀ ਵਿੱਚ ਦੇਖਿਆ ਹੋਵੇ, ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।

